ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/389

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਨਾਲ ਤੁਸੀਂ ਕਾਮਯਾਬੀ ਪ੍ਰਾਪਤ ਕਰੋਗੇ ਅਤੇ ਇਹ ਵਿਅਕਤੀਗਤ ਜਿੱਤਾਂ ਇਨਕਲਾਬ ਦੀ ਅਮੁੱਲ ਸੰਪਤੀ ਹੋਣਗੀਆਂ।

ਇਨਕਲਾਬ ਜ਼ਿੰਦਾਬਾਦ

2 ਫਰਵਰੀ, 1931

* * *

ਸਾਡੇ ਲਈ ਸੁਨਹਿਰੀ ਮੌਕਾ

ਸ਼ਾਇਦ ਭਾਰਤੀ ਆਜ਼ਾਦੀ ਹੁਣ ਦੂਰ ਦਾ ਸੁਪਨਾ ਨਹੀਂ ਰਿਹਾ, ਘਟਨਾਵਾਂ ਬੜੀ ਤੇਜ਼ੀ ਨਾਲ ਘਟ ਰਹੀਆਂ ਹਨ ਅਤੇ ਇਸ ਕਰਕੇ ਸਾਡੀ ਆਸ ਨਾਲੋਂ ਜਲਦੀ ਆਜ਼ਾਦੀ ਇਕ ਸਚਾਈ ਬਣ ਜਾਵੇਗੀ। ਅੰਗਰੇਜ਼ ਸਾਮਰਾਜ ਬਹੁਤ ਹੀ ਗੁਠੇ ਲੱਗਾ ਹੋਇਆ ਹੈ। ਜਰਮਨ ਵਿਚ ਉਲਟ ਬਾਜ਼ੀ ਲੱਗਣ ਵਾਲੀ ਹੈ, ਫ਼ਰਾਂਸ ਥਰ-ਥਰਾ ਰਿਹਾ ਹੈ ਅਤੇ ਅਮਰੀਕਾ ਹਿਲਿਆ ਹੋਇਆ ਹੈ ਅਤੇ ਉਨ੍ਹਾਂ ਦੀ ਔਖਿਆਈ ਸਾਡੇ ਲਈ ਸੁਨਹਿਰੀ ਮੌਕਾ ਹੈ। ਹਰ ਚੀਜ਼ ਉਸ ਮਹਾਨ ਭਵਿੱਖ ਬਾਣੀ ਵੱਲ ਸੰਕੇਤ ਕਰ ਰਹੀ ਹੈ, ਜਿਸ ਦੇ ਮੁਤਾਬਕ ਸਮਾਜ ਦਾ ਪੂੰਜੀਵਾਦੀ ਢਾਂਚਾ ਢਹਿ-ਢੇਰੀ ਹੋ ਜਾਣਾ ਅਟੱਲ ਹੈ। ਡਿਪਲੋਮੇਟ ਆਪਣੇ ਆਪ ਨੂੰ ਬਚਾਉਣ ਲਈ ਰਾਜ਼ੀ ਹੋ ਸਕਦੇ ਹਨ ਅਤੇ ਪੂੰਜੀਵਾਦੀ ਸਾਜ਼ਸ਼ ‘ਇਨਕਲਾਬ ਦੇ ਬਘਿਆੜ' ਨੂੰ ਆਪਣੇ ਦਰਵਾਜ਼ੇ ਤੋਂ ਦੂਰ ਰੱਖਣ ਲਈ ਯਤਨਸ਼ੀਲ ਹੋ ਸਕਦੇ ਹਨ। ਅੰਗਰੇਜ਼ਾਂ ਦਾ ਬਜਟ ਸਾਵਾਂ ਹੋ ਸਕਦਾ ਹੈ ਅਤੇ ਮੌਤ ਕਿਨਾਰੇ ਪਏ ਨੂੰ ਕੁਝ ਪਲ ਦੀ ਰਾਹਤ ਮਿਲ ਸਕਦੀ ਹੈ।‘ਡਾਲਰ ਰਾਜਾ’ ਭਾਵੇਂ ਆਪਣਾ ਤਾਜ ਸੰਭਾਲ ਲਵੇ ਪਰ ਵਪਾਰਕ ਮੰਦਵਾੜਾ ਜੇ ਜਾਰੀ ਰਿਹਾ, ਤੇ ਜਿਸਦਾ ਜਾਰੀ ਰਹਿਣਾ ਲਾਜ਼ਮੀ ਹੈ, ਤਾਂ ਬੇਰੁਜ਼ਗਾਰਾਂ ਦੀ ਫ਼ੌਜ, ਜੋ ਦਿਨ ਦਿਨ ਤੇਜ਼ੀ ਨਾਲ ਵਧ ਰਹੀ ਹੈ ਕਿਉਂਕਿ ਪੂੰਜੀਵਾਦੀ ਪੈਦਾਵਾਰੀ ਤਰੀਕਾ ਹੀ ਅਜਿਹਾ ਹੈ। ਇਕ ਚੱਕਰ ਪੂੰਜੀਵਾਦੀ ਸਿਸਟਮ ਨੂੰ ਰੇਲੋਂ ਲਾਹ ਦੇਵੇਗਾ, ਬਸ ਕੁਝ ਮਹੀਨਿਆਂ ਦੀ ਗੱਲ ਹੈ। ਇਸ ਕਰਕੇ ਇਨਕਲਾਬ, ਹੁਣ ਭਵਿੱਖਬਾਣੀ ਜਾਂ ਸੰਭਾਵਨਾ ਨਹੀਂ, ਸਗੋਂ “ਅਮਲੀ ਰਾਜਨੀਤੀ' ਹੈ, ਜਿਸਨੂੰ ਸੋਚੀ ਸਮਝੀ ਯੋਜਨਾ ਅਤੇ ਬੇਤਰਸ ਅਮਲ ਰਾਹੀਂ ਕਾਮਯਾਬ ਕੀਤਾ ਜਾ ਸਕਦਾ ਹੈ। ਇਸ ਦੇ ਪਹਿਲੂਆਂ ਤੇ ਤਤਪਰਤਾ ਬਾਰੇ ਇਸਦੇ ਤਰੀਕੇ ਅਤੇ ਉਦੇਸ਼ਾਂ ਬਾਰੇ ਕੋਈ ਵਿਚਾਰਧਾਰਕ ਉਲਝਣ ਨਹੀਂ ਹੋਣੀ ਚਾਹੀਦੀ ਹੈ।

ਗਾਂਧੀਵਾਦ

ਸਾਨੂੰ ਕਾਂਗਰਸ ਲਹਿਰ ਦੀਆਂ ਸੰਭਾਵਨਾਵਾਂ, ਹਾਰਾਂ ਅਤੇ ਪ੍ਰਾਪਤੀਆਂ ਬਾਰੇ ਕਿਸੇ ਕਿਸਮ ਦਾ ਭਰਮ ਨਹੀਂ ਹੋਣਾ ਚਾਹੀਦਾ। ਇਸ ਲਹਿਰ ਨੂੰ, ਜੋ ਅੱਜ ਹੈ, ਗਾਂਧੀਵਾਦ ਕਹਿਣਾ ਹੀ ਠੀਕ ਹੈ। ਇਹ ਦਾਅਵੇ ਨਾਲ ਆਜ਼ਾਦੀ ਲਈ ਨਹੀਂ ਖੜਦੀ, ਬਲਕਿ “ਹਿੱਸੇਦਾਰੀ” ਦੇ ਹੱਕ ਵਿਚ ਹੈ। “ਪੂਰਨ ਆਜ਼ਾਦੀ” ਦੇ ਅਜੀਬ ਅਰਥ ਕੱਢੇ ਜਾ ਰਹੇ ਹਨ। ਇਸ ਦਾ ਤਰੀਕਾ ਅਨੂਠਾ ਹੈ ਪਰ ਵਿਚਾਰੇ ਲੋਕਾਂ ਦੇ ਲਈ ਕਿਸੇ ਕੰਮ ਦਾ ਨਹੀਂ ਹੈ। ਗਾਂਧੀਵਾਦ, ਸਾਬਰਮਤੀ ਦੇ ਸੰਤ ਨੂੰ ਕੋਈ ਸਥਾਈ ਚੋਲੇ ਨਹੀਂ ਦੇ ਸਕੇਗਾ। ਇਹ ਇਕ ਵਿਚ ਵਿਚਾਲੇ ਦੀ ਪਾਰਟੀ, ਜਾਨੀ ਲਿਬਰਲ ਰੈਡੀਕਲ ਸੁਮੇਲ ਦਾ ਕੰਮ ਕਰ ਰਹੀ ਹੈ ਅਤੇ ਕਰਦੀ ਵੀ ਰਹੇਗੀ, ਮੌਕੇ ਦੀ ਅਸਲੀਅਤ ਨਾਲ ਟਕਰਾਉਣ ਤੋਂ ਇਹ ਸ਼ਰਮ ਖਾਂਦੀ ਹੈ। ਇਸ ਨੂੰ ਚਲਾਉਣ ਵਾਲੇ ਵੀ ਦੇਸ਼ ਦੇ ਅਜਿਹੇ ਲੋਕ ਹਨ ਜਿਨ੍ਹਾਂ ਦਾ ਹਿੱਤ ਇਸ ਨਾਲ ਬੱਝਾ ਹੈ ਅਤੇ ਉਹ ਆਪਣੇ ਹਿੱਤਾਂ ਨੂੰ ਬੁਰਜਵਾ ਹੱਠ ਰਾਹੀਂ ਚਿਪਕੇ ਹੋਏ ਹਨ। ਜੇ ਇਨਕਲਾਬੀ ਖ਼ੂਨ ਨਾਲ ਇਸਨੂੰ ਗਰਮਾਇਆ ਨਾ ਗਿਆ ਤਾਂ ਇਸ ਦਾ ਗਤੀਹੀਣ ਹੋਣਾ ਲਾਜ਼ਮੀ ਹੈ। ਇਸ ਨੂੰ ਤਾਂ ਇਸ ਦੇ ਦੋਸਤਾਂ ਤੋਂ ਬਚਾਉਣ ਦੀ ਲੋੜ ਹੈ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/373