ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/398

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦ ਤਕ ਸਮਾਜਵਾਦੀ ਲੋਕ ਰਾਜ ਸਥਾਪਤ ਨਹੀਂ ਹੋ ਜਾਂਦਾ, ਤੇ ਸਮਾਜ ਦਾ ਵਰਤਮਾਨ ਢਾਂਚਾ ਖ਼ਤਮ ਕਰਕੇ ਉਸ ਦੀ ਥਾਂ ਸਮਾਜ ਖ਼ੁਸ਼ਹਾਲੀ ਤੇ ਆਧਾਰਤ ਨਵਾਂ ਸਮਾਜਕ ਢਾਂਚਾ ਨਹੀਂ ਉਸਰ ਜਾਂਦਾ, ਜਦ ਤਕ ਹਰ ਕਿਸਮ ਦੀ ਲੁਟ ਖਸੁਟ ਅਸੰਭਵ ਬਣਾ ਕੇ ਮਨੁੱਖਤਾ ਉੱਤੇ ਅਸਲ ਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੀ ਨਿਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ। ਨਿਕਟ ਭਵਿੱਖ ਵਿਚ ਆਖ਼ਰੀ ਯੁੱਧ ਲੜਿਆ ਜਾਵੇਗਾ ਤੇ ਉਹ ਫ਼ੈਸਲਾਕੁੰਨ ਹੋਵੇਗਾ।
ਸਾਮਰਾਜੀ ਤੇ ਸਰਮਾਏਦਾਰ ਲੁਟ ਕੁਝ ਦਿਨਾਂ ਦੀ ਖੇਡ ਹੈ। ਇਹ ਜੰਗ ਨਾ ਅਸਾਂ ਤੋਂ ਸ਼ੁਰੂ ਹੋਇਆ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖ਼ਤਮ ਹੋਵੇਗਾ। ਇਹ ਤਾਂ ਇਤਿਹਾਸਕ ਕਾਰਨਾਂ ਤੇ ਆਲੇ-ਦੁਆਲੇ ਪਸਰੇ ਹਾਲਾਤ ਦਾ ਜ਼ਰੂਰੀ ਨਤੀਜਾ ਹੈ। ਸਾਡੀ ਨਿਮਾਣੀ ਜਿਹੀ ਕੁਰਬਾਨੀ ਤਾਂ ਉਸ ਇਤਿਹਾਸਕ ਲੜੀ ਦੀ ਇਕ ਕੜੀ ਹੈ, ਜਿਸ ਨੂੰ ਜੈਤਿਨ ਦਾਸ ਦੀ ਬੇਮਿਸਾਲ ਕੁਰਬਾਨੀ ਨੇ, ਸ਼ਹੀਦ ਭਗਵਤੀ ਚਰਨ ਜੀ ਅਤੀ ਭਿਆਨਕ ਪਰ ਪਵਿੱਤਰ ਤੇ ਮਹਾਨ ਕੁਰਬਾਨੀ ਨੇ ਤੇ ਸਾਡੇ ਮਹਿਬੂਬ ਜਰਨੈਲ ਆਜ਼ਾਦ (ਚੰਦਰ ਸ਼ੇਖਰ ਆਜ਼ਾਦ) ਦੀ ਸ਼ਾਨਦਾਰ ਸ਼ਹਾਦਤ ਨੇ ਚਾਰ ਚੰਨ ਲਾਏ ਹਨ।

ਫ਼ਾਂਸੀ ਥਾਂ ਗੋਲੀ

ਜਿਥੋਂ ਤਕ ਸਾਡੀ ਹੋਣੀ ਦਾ ਸਵਾਲ ਹੈ, ਅਸੀਂ ਦ੍ਰਿੜ੍ਹ ਇਰਾਦੇ ਨਾਲ ਕਹਿਣਾ ਚਾਹੁੰਦੇ ਹਾਂ ਕਿ ਤੁਸਾਂ ਜਦ ਸਾਨੂੰ ਫ਼ਾਂਸੀ ਦੇਣ ਦਾ ਹੁਕਮ ਦਿਤਾ ਹੈ ਤਾਂ ਤੁਸੀਂ ਜ਼ਰੂਰ ਹੀ ਇਸ ਨੂੰ ਪੂਰਾ ਕਰੋਗੇ। ਤੁਹਾਡੇ ਹੱਥ ਵਿਚ ਤਾਕਤ ਹੈ, ਤੇ ਦੁਨੀਆ ਵਿਚ ਤਾਕਤ ਨੂੰ ਹਰ ਹੱਕ ਹਾਸਲ ਹੈ। ਅਸੀਂ ਜਾਣਦੇ ਹਾਂ ਕਿ ਤੁਹਾਡਾ ਇਰਾਦਾ ਪੂਰਾ ਕਰਨ ਲਈ ‘ਜਿਸ ਦੀ ਲਾਠੀ ਉਸ ਦੀ ਭੈਂਸ' ਵਾਲਾ ਮੁਹਾਵਰਾ ਕੰਮ ਕਰਦਾ ਹੈ। ਸਾਡੇ ਮੁਕੱਦਮੇ ਦੀ ਸੁਣਵਾਈ ਇਸਦਾ ਸੁਹਣਾ ਸਬੂਤ ਹੈ। ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੀ ਹੀ ਅਦਾਲਤ ਦੇ ਫ਼ੈਸਲੇ ਅਨੁਸਾਰ ਸਾਡੇ ਉੱਤੇ ਯੁੱਧ ਵਿਢਣ ਦਾ ਦੋਸ਼ ਹੈ ਇਸ ਕਰਕੇ ਅਸੀਂ ਜੰਗੀ ਕੈਦੀ ਹਾਂ ਅਤੇ ਇਸੇ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਨਾਲ ਜੰਗੀ ਕੈਦੀਆਂ ਵਾਲਾ ਹੀ ਸਲੂਕ ਕੀਤਾ ਜਾਵੇ। ਯਾਨੀ ਕਿ ਫ਼ਾਂਸੀ 'ਤੇ ਲਟਕਾਣ ਦੀ ਬਜਾਏ ਸਾਨੂੰ ਗੋਲੀ ਨਾਲ ਉਡਾਇਆ ਜਾਵੇ। ਹੁਣ ਇਹ ਸਿੱਧ ਕਰਨਾ ਤੁਹਾਡਾ ਕੰਮ ਹੈ ਕਿ ਜੋ ਤੁਹਾਡੀ ਅਦਾਲਤ ਨੇ ਕਿਹਾ ਹੈ, ਉਸ ਵਿਚ ਤੁਹਾਡਾ ਪੂਰਾ ਵਿਸ਼ਵਾਸ ਹੈ ਯਾ ਨਹੀਂ।
ਸੋ ਅਸੀਂ ਨਿਮਰਤਾ ਪੂਰਵਕ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਫ਼ੌਜੀ ਵਿਭਾਗ ਨੂੰ ਹੁਕਮ ਦਿਓ ਕਿ ਸਾਨੂੰ ਗੋਲੀ ਨਾਲ ਉਡਾਣ ਲਈ ਇਕ ਫ਼ੌਜੀ ਟੋਲੀ ਭੇਜ ਦੇਵੇ।

ਤੁਹਾਡਾ
ਭਗਤ ਸਿੰਘ, ਰਾਜਗੁਰੂ, ਸੁਖਦੇਵ


* * *

105. “ਮੈਂ ਹਿੰਦੋਸਤਾਨੀ ਇਨਕਲਾਬ ਦਾ ਚਿੰਨ੍ਹ"

[ਫ਼ਾਂਸੀ ਦੇ ਇਕ ਦਿਨ ਪਹਿਲਾਂ 22 ਮਾਰਚ, 1931 ਨੂੰ ਸੈਂਟਰਲ ਜੇਲ੍ਹ ਲਾਹੌਰ ਦੇ 14 ਨੰ. ਵਾਰਡ ਦੇ ਵਿਚ ਰਹਿਣ ਵਾਲੇ ਦੂਸਰੇ ਲਾਹੌਰ ਸਾਜ਼ਸ਼ ਕੇਸ ਦੇ ਬੰਦੀ ਇਨਕਲਾਬੀਆਂ ਨੇ ਭਗਤ ਕੋਲ ਇਕ ਚਿੱਟ ਭੇਜੀ, ਸੁਨੇਹਾ ਸੀ, “ਸਰਦਾਰ, ਜੇ ਤੁਸੀਂ ਫ਼ਾਂਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਦੱਸੋ। ਇਨ੍ਹਾਂ ਘੜੀਆਂ ਵਿਚ ਸ਼ਾਇਦ ਕੁਝ ਹੋ ਸਕੇ।” ਭਗਤ ਸਿੰਘ ਨੇ ਲਿਖ ਕੇ ਇਹ ਨੋਟ ਜਵਾਬ ਵਿਚ ਭੇਜਿਆ। —ਸੰਪਾਦਕ]

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/382