ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/46

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸਿਰਜਦੇ ਤਾਂ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬਗ਼ੈਰ ਫਲ ਰਹਿ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਕੰਮ ਸਥਾਈ ਰੂਪ ਨਹੀਂ ਲੈ ਪਾਉਂਦੇ।

ਸ਼ਾਇਦ ਗੈਰੀਬਾਲਡੀ ਨੂੰ ਏਨੀ ਜਲਦੀ ਫ਼ੌਜਾਂ ਨਾ ਮਿਲ ਸਕਦੀਆਂ ਜੇ ਮੇਜਨੀ ਨੇ 50 ਸਾਲ ਦੇਸ਼ ਵਿਚ ਸਾਹਿਤ ਅਤੇ ਸਾਹਿਤਕ ਜਾਗ੍ਰਿਤੀ ਪੈਦਾ ਕਰਨ ਵਾਸਤੇ ਨਾ ਲਗਾਏ ਹੁੰਦੇ। ਆਇਰਲੈਂਡ ਮੁੜ ਜਾਗ੍ਰਿਤੀ ਦੇ ਨਾਲ ਹੀ ਗੈਲਿਕ ਭਾਸ਼ਾ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਵੀ ਬੜੀ ਤੇਜ਼ੀ ਨਾਲ ਕੀਤੀਆਂ ਗਈਆਂ। ਸ਼ਾਸਕ ਲੋਕ ਆਇਰਿਸ਼ੀ ਲੋਕਾਂ ਨੂੰ ਦਬਾਈ ਰੱਖਣ ਲਈ ਉਨ੍ਹਾਂ ਦੀ ਭਾਸ਼ਾ ਦਾ ਦਮਨ ਵੀ ਕਰਨਾ ਓਨਾ ਹੀ ਜ਼ਰੂਰੀ ਸਮਝਦੇ ਸੀ। ਏਥੋਂ ਤਕ ਕਿ ਗੈਲਿਕ ਭਾਸ਼ਾ ਵਿਚ ਇਕ ਅੱਧ ਕਵਿਤਾ ਰੱਖਣ ਦੇ ਕਾਰਨ ਛੋਟੇ-ਛੋਟੇ ਬੱਚਿਆਂ ਨੂੰ ਸਜ਼ਾ ਦਿੱਤੀ ਜਾਂਦੀ ਸੀ। ਰੂਸੋ, ਵਾਲਟੀਅਰ ਦੇ ਸਾਹਿਤ ਦੇ ਬਗ਼ੈਰ ਫ਼ਰਾਂਸ ਦੀ ਰਾਜ ਕਰਾਂਤੀ ਨਹੀਂ ਆ ਸਕਦੀ ਸੀ। ਜੇ ਟਾਲਸਟਾਏ, ਕਾਰਲ ਮਾਰਕਸ ਅਤੇ ਮੈਕਸਿਮ ਗੋਰਕੀ ਆਦਿ ਨੇ ਨਵਾਂ ਸਾਹਿਤ ਪੈਦਾ ਕਰਨ ਵਿਚ ਸਾਲਾਂ ਭਰ ਦੀ ਮਿਹਨਤ ਨਾ ਪਾਈ ਹੁੰਦੀ ਤਾਂ ਰੂਸ ਵਿਚ ਕਰਾਂਤੀ ਨਹੀਂ ਹੋ ਸਕਦੀ ਸੀ, ਕਮਿਊਨਿਜ਼ਮ ਦਾ ਪ੍ਰਚਾਰ ਤੇ ਪਰਸਾਰ ਤਾਂ ਦੂਰ ਰਿਹਾ।

ਇਹੀ ਹਾਲਤ ਅਸੀਂ ਸਮਾਜਿਕ ਅਤੇ ਧਾਰਮਿਕ ਸੁਧਾਰਕਾਂ ਵਿਚ ਦੇਖ ਸਕਦੇ ਹਾਂ। ਕਬੀਰ ਦੇ ਸਾਹਿਤ ਦੇ ਕਾਰਨ ਉਨ੍ਹਾਂ ਦੇ ਭਾਵਾਂ ਦਾ ਪੱਕਾ ਪ੍ਰਭਾਵ ਦਿਸ ਸਕਿਆ। ਅੱਜ ਤੱਕ ਉਨ੍ਹਾਂ ਦੀ ਮਧੁਰ, ਤੇ ਸਰਲ ਕਵਿਤਾਵਾਂ ਨੂੰ ਸੁਣ ਕੇ ਲੋਕ ਮੁਗਧ ਹੋ ਜਾਂਦੇ ਹਨ।

ਠੀਕ ਇਹੀ ਗੱਲ ਗੁਰੂ ਨਾਨਕ ਦੇਵ ਜੀ ਦੇ ਬਾਰੇ ਕਹੀ ਜਾ ਸਕਦੀ ਹੈ। ਸਿੱਖ ਗੁਰੂਆਂ ਨੇ ਆਪਣੇ ਮੱਤ ਦੇ ਪ੍ਰਚਾਰ ਨਾਲ ਜਦ ਨਵੇਂ ਸੰਪਰਦਾਏ ਦੀ ਨੀਂਹ ਰੱਖਣੀ ਸ਼ੁਰੂ ਕੀਤੀ ਤਾਂ ਉਸ ਸਮੇਂ ਉਨ੍ਹਾਂ ਨੇ ਨਵੇਂ ਸਾਹਿਤ ਦੀ ਲੋੜ ਵੀ ਮਹਿਸੂਸ ਕੀਤੀ ਅਤੇ ਇਸੇ ਵਿਚਾਰ ਨਾਲ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿੱਪੀ ਬਣਾਈ। ਸਦੀਆਂ ਤਕ ਲਗਾਤਾਰ ਲੜਾਈਆਂ ਕਰਕੇ ਅਤੇ ਮੁਸਲਮਾਨਾਂ ਦੇ ਹਮਲਿਆਂ ਦੇ ਕਾਰਨ ਪੰਜਾਬ ਵਿਚ ਸਾਹਿਤ ਦੀ ਘਾਟ ਆ ਗਈ ਸੀ। ਹਿੰਦੀ ਭਾਸ਼ਾ ਵੀ ਗੁੰਮ ਜਿਹੀ ਹੋ ਗਈ ਸੀ, ਜਿਸ ਵੇਲੇ ਕਿਸੇ ਭਾਰਤੀ ਲਿੱਪੀ ਨੂੰ ਹੀ ਅਪਨਾਉਣ ਦੇ ਲਈ ਉਨ੍ਹਾਂ ਨੇ ਕਸ਼ਮੀਰੀ ਲਿੱਪੀ ਨੂੰ ਅਪਨਾ ਲਿਆ। ਇਸਦੇ ਬਾਅਦ ਗੁਰੂ ਅਰਜੁਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਨੇ ਯਤਨ ਕਰਕੇ ਆਦਿ ਗ੍ਰੰਥ ਰਚਿਆ। ਆਪਣੀ ਲਿੱਪੀ ਅਤੇ ਆਪਣਾ ਸਾਹਿਤ ਬਣਾ ਕੇ ਆਪਣੇ ਮੱਤ ਨੂੰ ਸਥਾਈ ਰੂਪ ਦੇਣ ਵਿਚ ਉਨ੍ਹਾਂ ਨੇ ਇਹ ਬਹੁਤ ਪ੍ਰਭਾਵਸ਼ਾਲੀ ਤੇ ਉਪਯੋਗੀ ਕਦਮ ਉਠਾਇਆ ਸੀ।

ਉਸਦੇ ਬਾਅਦ ਜਿਵੇਂ ਜਿਵੇਂ ਹਾਲਾਤ ਬਦਲਦੇ ਗਏ, ਤਿਵੇਂ ਤਿਵੇਂ ਸਾਹਿਤ ਦੀ ਧਾਰਾ ਵੀ ਬਦਲਦੀ ਗਈ। ਗੁਰੂਆਂ ਦੇ ਲਗਾਤਾਰ ਬਲੀਦਾਨ ਤੇ ਕਸ਼ਟ ਸਹਿਣ ਨਾਲ ਹਾਲਾਤ ਬਦਲਦੇ ਗਏ। ਜਿਥੇ ਪਹਿਲੇ ਗੁਰੂ ਦਾ ਉਪਦੇਸ਼ ਸੀ: ਭਗਤੀ ਅਤੇ ਆਪਣੇ ਆਪ ਨੂੰ ਭੁੱਲ ਜਾਣ ਦੇ ਭਾਵ ਸੁਣਦੇ ਹਾਂ ਅਤੇ ਹੇਠ ਲਿਖੇ ਪਦ ਵਿਚ ਕਮਾਲ ਆਜੀਜ਼ੀ ਦਾ ਭਾਵ ਪਾਉਂਦੇ ਹਾਂ।

ਨਾਨਕ ਨਨੇਂ ਹੋ ਰਹੇ, ਜੋਸੀ ਨਨਹੀਂ ਦੂਬ।
ਔਰ ਘਾਸ ਜਰਿ ਜਾਤ ਹੈ, ਦੂਬ ਖੂਬ ਕੀ ਖੂਬ॥

ਉਥੇ ਅਸੀਂ ਨੌਵੇਂ ਗੁਰੂ ਸ੍ਰੀ ਤੇਗ਼ ਬਹਾਦਰ ਜੀ ਦੇ ਉਪਦੇਸ਼ ਵਿਚ ਦੱਬੇ ਲੋਕਾਂ ਦੀ ਹਮਦਰਦੀ ਅਤੇ ਮਦਦ ਦਾ ਭਾਵ ਪਾਉਂਦੇ ਹਾਂ।

ਬਾਂਹ ਜਿਨਾਂ ਦੀ ਪਕੜੀਏ, ਸਿਰ ਦੀਜੇ ਬਾਂਹ ਨਾ ਛੋੜੀਏ।
ਗੁਰੂ ਤੇਗ਼ ਬਹਾਦਰ ਬੋਲਿਆ, ਧਰਤੀ ਪੈ ਧਰਮ ਨਾ ਛੋੜੀਏ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/30