ਪਾਠ-3
ਬੱਬਰ ਤੇ ਕਾਕੋਰੀ ਦੇ ਦੇਸ਼-ਭਗਤਾਂ ਨੂੰ ਪ੍ਰਣਾਮ
[1923 ਵਿਚ ਘਰ ਤੋਂ ਦੌੜ ਕੇ ਭਗਤ ਸਿੰਘ ਕਾਨਪੁਰ ਆ ਗਏ ਸਨ। ਦੇਸ਼-ਭਗਤ ਗਣੇਸ਼ ਸ਼ੰਕਰ ਵਿਦਿਆਰਥੀ ਜੀ ਦੀ ਦੇਖ-ਰੇਖ ਵਿਚ ਸਪਤਾਹਿਕ ਪ੍ਰਤਾਪ ਦੇ ਸੰਪਾਦਕੀ ਮੰਡਲ ਨਾਲ ਵੀ ਕੰਮ ਕਰਦੇ ਰਹੇ। ਕਾਨਪੁਰ ਵਿਚ ਵੀ ਉਨਾਂ ਦਾ ਸਾਥ ਇਨਕਲਾਬੀ ਸਾਥੀਆਂ ਬੀ.ਕੇ. ਦੱਤ, ਸ਼ਿਵ ਵਰਮਾ, ਜੈ ਦੇਵ ਕਪੂਰ, ਵਿਜੈ ਕੁਮਾਰ ਸਿਨਹਾ ਤੇ ਇਨਕਲਾਬੀ ਪਾਰਟੀ ਦੇ ਦੂਸਰੇ ਸਾਥੀਆਂ ਨਾਲ ਗੂੜ੍ਹਾ ਹੋਇਆ। ਭਾਰਤ ਦੇ ਭਵਿੱਖ ਬਾਰੇ ਲੰਬੇ ਲੰਬੇ ਵਿਚਾਰ-ਵਟਾਂਦਰੇ ਹੋਏ। ਕਾਜੀ ਨਜਰੁਲ ਇਸਲਾਮ ਦੀਆਂ ਬੰਗਾਲੀ ਕਵਿਤਾਵਾਂ ਵੀ ਪੜ੍ਹੀਆਂ। ਕਾਨਪੁਰ ਪਹਿਲੀ ਬਾਲਸ਼ਵਿਕ ਸਾਜ਼ਸ਼ ਕੇਸ ਦਾ ਕੇਂਦਰ ਵੀ ਸੀ, ਜਿਸ ਨਾਲ ਰੂਸ ਵਿਚ ਆਏ ਇਨਕਲਾਬ ਤੇ ਉਸਦੇ ਬਾਅਦ ਬਦਲੇ ਹਾਲਾਤ ਬਾਰੇ ਜਾਣਕਾਰੀ ਦਾ ਮੌਕਾ ਵੀ ਮਿਲਿਆ।
ਪੰਜਾਬ ਵਿਚ ਬੱਬਰ ਅਕਾਲੀ ਲਹਿਰ ਚੱਲ ਰਹੀ ਸੀ। ਉਸ ਲਹਿਰ ਦੇ 6 ਸ਼ਹੀਦਾਂ ਦੀ ਫ਼ਾਂਸੀ ਉੱਤੇ ਇੱਕ “ਪੰਜਾਬੀ ਯੁਵਕ" ਦੇ ਨਾਂ ਹੇਠ 15 ਮਾਰਚ, 1926 ਦੇ ‘ਪ੍ਰਤਾਪ' ਵਿਚ ਇਹ ਲੇਖ ਹਿੰਦੀ ਵਿਚ ਛਪਿਆ ਸੀ। ਉਸ ਲਹਿਰ ਬਾਰੇ ਜਾਣਕਾਰੀ ਦੇਣ ਦੇ ਨਾਲ ਹੀ ਸਾਢੇ 18 ਸਾਲਾ ਨੌਜਵਾਨ ਭਗਤ ਸਿੰਘ ਦੇ ਮਨੋਭਾਵਾਂ ਦਾ ਇਕ ਚੰਗਾ ਪ੍ਰਤੀਬਿੰਬ ਵੀ ਹੈ।
-ਸੰਪਾਦਕ]
☆ ☆ ☆
6. ਹੌਲੀ ਦੇ ਦਿਨ ਖ਼ੂਨ ਦੇ ਛਿੱਟੇ
ਬੱਬਰ ਅਕਾਲੀ ਫ਼ਾਂਸੀ 'ਤੇ
-ਸ਼ਹੀਦ ਭਗਤ ਸਿੰਘ
ਹੋਲੀ ਵਾਲੇ ਦਿਨ 27 ਫਰਵਰੀ ਦੇ ਦਿਨ ਜਦ ਅਸੀਂ ਖੇਡਣ ਮੱਲ੍ਹਣ ਵਿਚ ਰੁੱਝੇ ਹੋਏ ਸਾਂ ਉਸ ਵੇਲੇ ਇਸ ਵਿਸ਼ਾਲ ਸੂਬੇ ਦੇ ਇਕ ਕੋਨੇ ਵਿਚ ਇਹ ਜ਼ਬਰਦਸਤ ਕਾਂਡ ਕੀਤਾ ਜਾ ਰਿਹਾ ਸੀ। ਸੁਣੋਗੇ ਤਾਂ ਡਰ ਜਾਉਗੇ। ਕੰਬ ਉੱਠੋਂਗੇ। ਲਾਹੌਰ ਸੈਂਟਰਲ ਜੇਲ੍ਹ ਵਿਚ ਠੀਕ ਉਸ ਦਿਨ 6 ਬੱਬਰ ਅਕਾਲੀ ਫ਼ਾਂਸੀ ਉੱਤੇ ਲਟਕਾ ਦਿੱਤੇ ਗਏ—ਕਿਸ਼ਨ ਸਿੰਘ ਗੜਗੱਜ, ਸੰਤਾ ਸਿੰਘ ਜੀ, ਦਲੀਪ ਸਿੰਘ ਜੀ, ਨੰਦ ਸਿੰਘ ਜੀ, ਕਰਮ ਸਿੰਘ ਜੀ, ਧਰਮ ਸਿੰਘ ਜੀ। ਲਗਪਗ ਦੋ ਵਰ੍ਹਿਆਂ ਤੋਂ ਆਪਣੇ ਇਸ ਜੁਰਮ ਹੇਠ ਜੋ ਲਾਪ੍ਰਵਾਹੀ ਦਿਖਾ ਰਹੇ ਸਨ ਉਸ ਤੋਂ ਇਹ ਜਾਣਿਆ ਜਾ ਸਕਦਾ ਸੀ ਕਿ ਉਹ ਉਸ ਦਿਨ ਦੀ ਉਡੀਕ ਕਿੰਨੇ ਚਾਅ ਨਾਲ ਕਰਦੇ ਸਨ। ਮਹੀਨਿਆਂ ਬਾਅਦ ਜੱਜ ਨੇ ਫ਼ੈਸਲਾ ਸੁਣਾਇਆ। ਪੰਜਾਂ ਨੂੰ ਫ਼ਾਂਸੀ, ਬਹੁਤਿਆਂ ਨੂੰ ਕਾਲੇ ਪਾਣੀ, ਦੇਸ਼ ਨਿਕਾਲਾ ਅਤੇ ਲੰਬੀਆਂ ਕੈਦਾਂ। ਸਾਰੇ ਗਰਜ ਉੱਠੇ। ਉਹਨਾਂ ਅਕਾਸ਼ ਨੂੰ ਆਪਣੇ ਨਾਅਰਿਆਂ ਨਾਲ ਗੂੰਜਾ ਦਿੱਤਾ। ਅਪੀਲ ਹੋਈ, ਪੰਜ ਦੀ ਥਾਂ ਛੇ ਮੌਤ ਦੀ ਸਜ਼ਾ ਦੇ ਭਾਗੀ ਬਣੇ। ਉਸ ਦਿਨ ਖ਼ਬਰ ਪੜ੍ਹੀ ਕਿ ਰਹਿਮ ਲਈ ਅਪੀਲ ਕੀਤੀ ਹੈ। ਪੰਜਾਬ ਗਵਰਨਰ ਨੇ ਐਲਾਨ ਕੀਤਾ ਕਿ ਅਜੇ ਫਾਂਸੀ ਨਹੀਂ ਦਿੱਤੀ ਜਾਵੇਗੀ।
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/38