ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/63

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸ੍ਰੀ ਰਾਜ ਕੁਮਾਰ ਸਿੰਹਾ ਕਾਨਪੁਰ ਦੇ ਰਹਿਣ ਵਾਲੇ ਹਨ। ਆਪ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਬੀ.ਏ. ਵਿਚ ਪੜ੍ਹਦੇ ਸਨ। ਪਕੜੇ ਗਏ। ਆਪ ਦੇ ਕਮਰੇ ਵਿਚੋਂ ਦੋ ਰਾਈਫਲਾਂ ਨਿਕਲੀਆਂ। ਬਹੁਤ ਸੋਹਣਾ ਗੌਣ ਵਾਲੇ ਅਤੇ ਵੇਖਣ ਨੂੰ ਵੀ ਆਪ ਡਾਢੇ ਸੋਹਣੇ ਹਨ। ਜੋਸ਼ੀਲੇ ਬਹੁਤ ਹਨ। ਸ੍ਰੀ ਦਾਮੋਦਰ ਸਵਰੂਪ ਬਹੁਤ ਬੀਮਾਰ ਹੋਣ 'ਤੇ ਵੀ ਪਰ ਜਦੋਂ ਕੋਰਟ ਵਿਚ ਬੁਲਾਏ ਗਏ ਤੇ ਆਪ ਨੂੰ ਜੋਸ਼ ਆ ਗਿਆ ਤੇ ਆਪ ਨੇ ਜੱਜ ਨੂੰ ਖ਼ੂਬ ਸੁਣਾਈਆਂ। ਜੱਜ ਨੇ ਆਖਿਆ ਫ਼ੈਸਲੇ ਵੇਲੇ ਤੈਨੂੰ ਇਸ ਦਾ ਮਜ਼ਾ ਚਖਾਇਆ ਜਾਏਗਾ। ਵੀਰ ਨੌਜਵਾਨ ਨੂੰ ਦਸ ਸਾਲ ਦੀ ਸਜ਼ਾ ਹੋ ਗਈ। ਜੀਵਨ ਇਕ ਤਰ੍ਹਾਂ ਦਾ ਤਬਾਹ ਹੋ ਗਿਆ ਪਰ ਆਪ ਹੱਸ ਪਏ। ਧੰਨ ਹਨ ਇਹ ਵੀਰ ਅਤੇ ਧੰਨ ਹਨ ਇਹਨਾਂ ਨੂੰ ਜਨਮ ਦੇਣ ਵਾਲੀਆਂ ਬੀਰ ਮਾਵਾਂ।

ਸ੍ਰੀ ਵਿਸ਼ਨੂੰ ਸਰਣ ਦੁਬਲਿਸ ਮੇਰਠ ਰਹਿਣ ਵਾਲੇ ਸਨ। ਵੈਸ਼ ਯਤੀਮਖ਼ਾਨੇ ਦੇ ਸੁਪਰਟੈਂਡੈਂਟ ਸਨ। ਬੀ.ਏ. ਵਿਚੋਂ ਨਾ-ਮਿਲਵਰਤਨ ਕਰ ਦਿੱਤਾ ਸੀ। ਅਤੇ ਮੇਰਠ ਨੂੰ ਉਹਨਾਂ ਨੇ ਦੂਜਾ ਬਾਰਦੋਲੀ ਬਣਾ ਦਿੱਤਾ ਸੀ। ਔਰ ਸਿਵਲ ਨਾਫਰਮਾਨੀ ਵਾਸਤੇ ਤਿਆਰ ਹੋ ਗਏ ਸਨ। ਬੜੇ ਸੋਹਣੇ ਵਕਤਾ ਹਨ। ਆਪ ਦੇ ਘਰ ਜੁਗ-ਪਲਟਾਊਆਂ ਦੀ ਮੀਟਿੰਗ ਹੋਈ ਸੀ। ਆਪ ਨੂੰ ਸਾਲ ਦੀ ਸਜ਼ਾ ਹੋ ਗਈ ਹੈ।

ਸ੍ਰੀ ਰਾਮ ਦੁਲਾਰੇ ਨੂੰ ਵੀ 7 ਸਾਲ ਦੀ ਸਜ਼ਾ ਹੋਈ ਹੈ। ਆਪ ਕਾਨਪੁਰ ਨਿਵਾਸੀ ਸਨ। ਸਕਾਊਟ ਮਾਸਟਰ ਕਾਂਗਰਸ ਦੇ ਜੋਸ਼ੀਲੇ ਸੇਵਕ ਸਨ।

6 ਅਪ੍ਰੈਲ ਨੂੰ ਫ਼ੈਸਲਾ ਸੁਣਾਇਆ ਗਿਆ। ਉਸ ਦਿਨ ਸਾਰੇ ਵੀਰ ਗੌਂਦੇ ਆਏ ਸਨ।

"ਸਰ ਫਿਰੋਸ਼ੀ ਕੀ ਤਮੰਨਾ, ਅਬ ਹਮਾਰੇ ਦਿਲ ਮੇਂ ਹੈ।
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ।"

ਸਜ਼ਾਵਾਂ ਲਾਪਰਵਾਹੀ ਨਾਲ ਸੁਣੀਆਂ ਅਤੇ ਹੱਸ ਪਏ। ਉਸ ਤੋਂ ਬਾਅਦ ਦੁੱਖ ਦੀ ਘੜੀ ਆ ਗਈ। ਜਿਹਨਾਂ ਬੀਰਾਂ ਨੇ ਇਕੱਠਿਆਂ ਸਮੁੰਦਰ ਵਿਚ ਬੇੜੀਆਂ ਠੇਲ੍ਹੀਆਂ ਸਨ ਉਹਨਾਂ ਦੇ ਹੀ ਜੁਦੇ ਹੋਣ ਦੀ ਘੜੀ ਆ ਗਈ। "ਜੁੱਗ-ਪਲਟਾਊ ਲੋਕਾਂ ਵਿਚ ਜੋ ਅਗਾਧ ਅਤੇ ਗੰਭੀਰ ਪ੍ਰੇਮ ਹੁੰਦਾ ਹੈ ਉਸਨੂੰ ਸਾਧਾਰਨ ਦੁਨੀਆਦਾਰ ਆਦਮੀ ਅਨੁਭਵ ਨਹੀਂ ਕਰ ਸਕਦੇ" ਸ੍ਰੀ ਰਾਸ ਬਿਹਾਰੀ ਦੇ ਏਸ ਵਾਕ ਦਾ ਅਰਥ ਵੀ ਅਸੀਂ ਲੋਕ ਨਹੀਂ ਸਮਝ ਸਕਦੇ। ਜਿਨ੍ਹਾਂ "ਸਿਰ ਧਰ ਤਲੀ" "ਪ੍ਰੇਮ ਦੀ ਗਲੀ" ਵਿਚ ਪੈਰ ਰੱਖ ਦਿੱਤਾ ਹੋਵੇ ਉਹਨਾਂ ਦੀ ਮਹਿਮਾ ਨੂੰ ਸਾਡੇ ਵਰਗੇ ਨਿਕ੍ਰਿਸ਼ਟ ਆਦਮੀ ਕੀ ਸਮਝ ਸਕਦੇ ਹਨ? ਉਹਨਾਂ ਦਾ ਆਪਸ ਵਿਚ ਕਿੰਨਾ ਗੂੜ੍ਹਾ ਪ੍ਰੇਮ ਹੁੰਦਾ ਹੈ, ਉਹ ਅਸੀਂ ਸੁਫ਼ਨੇ ਵਿਚ ਵੀ ਨਹੀਂ ਜਾਣ ਸਕਦੇ। ਡੇਢ ਸਾਲ ਤੋਂ ਆਪਣੇ ਜੀਵਨ ਦੇ ਅੰਧਕਾਰਮਯ ਭਵਿੱਸ਼ਯ ਦੀ ਇੰਤਜ਼ਾਰ ਵਿਚ ਰਲ ਮਿਲ ਕੇ ਬੈਠੇ ਸਨ। ਉਹ ਘੜੀ ਆਈ, ਤਿੰਨਾਂ ਨੂੰ ਫਾਂਸੀ, ਇਕ ਨੂੰ ਉਮਰ ਕੈਦ, ਇਕ ਨੂੰ 14 ਬਰਸ ਦੀ ਕੈਦ, 5 ਨੂੰ 10 ਬਰਸ ਦੀ ਕੈਦ ਅਤੇ ਬਾਕੀਆਂ ਨੂੰ 5 ਸਾਲ ਤੋਂ ਦਸ ਸਾਲ ਦੀ ਸਖ਼ਤ ਕੈਦ ਸੁਣਾ ਕੇ ਜੱਜ ਉਨ੍ਹਾਂ ਨੂੰ ਉਪਦੇਸ਼ ਕਰਨ ਲੱਗ ਪਿਆ "ਤੁਸੀਂ ਸੱਚੇ ਸੇਵਕ ਅਤੇ ਤਿਆਗੀ ਹੋ। ਪਰ ਤੁਸੀਂ ਗ਼ਲਤ ਰਾਹ ਉੱਤੇ ਟੁਰੇ ਹੋ।" ਗ਼ਰੀਬ ਭਾਰਤ ਵਿਚ ਹੀ ਸੱਚੇ ਦੇਸ਼-ਭਗਤਾਂ ਦਾ ਏਹ ਹਾਲ ਹੁੰਦਾ ਹੈ। ਜੱਜ ਉਨ੍ਹਾਂ ਨੂੰ ਫੇਰ ਵੀ ਆਪਣੇ ਕੰਮਾਂ ਦੇ ਵਿਚਾਰ ਕਰਨ ਲਈ ਕਹਿ ਕੇ ਟੁਰ ਗਿਆ ਅਤੇ ਫੇਰ ......। ਫੇਰ ਕੀ ਹੋਇਆ? ਕੀ ਪੁੱਛਦੇ ਹੋ? ਜੁਦਾਈ ਦੀ ਘੜੀ ਬੜੀ ਬੁਰੀ ਹੁੰਦੀ ਹੈ। ਜਿਨ੍ਹਾਂ ਨੂੰ ਸਦਾ ਲਈ ਜੁਦਾ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਫਾਂਸੀ ਮਿਲ ਗਈ, ਜਿਨ੍ਹਾਂ ਨੂੰ ਉਮਰ ਵਾਸਤੇ ਜੇਲ੍ਹ ਵਿਚ ਬੰਦੀ ਕਰ ਦਿੱਤਾ ਗਿਆ, ਉਨ੍ਹਾਂ ਦੇ ਦਿਲਾਂ ਦਾ ਹਾਲ ਅਸੀਂ ਨਹੀਂ ਸਮਝ ਸਕਦੇ। ਅਸੀਂ ਕਦਮ-ਕਦਮ ਉੱਤੇ ਰੋਣ ਬੈਠ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/47