ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/69

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕੋਈ ਨੌਜਵਾਨ ਮੇਰੀ ਸਹਾਇਤਾ ਨੂੰ ਨਾ ਆਏ। ਮੇਰੀ ਨੌਜਵਾਨਾਂ ਅੱਗੇ ਬੇਨਤੀ ਹੈ ਕਿ ਜਦੋਂ ਤੀਕ ਬਹੁਤ ਸਾਰੇ ਲੋਕ ਪੜ੍ਹ ਨਾ ਜਾਣ ਤਦੋਂ ਤੀਕ ਕੋਈ ਵੀ ਖੁਫ਼ੀਆ ਪਾਰਟੀਆਂ ਵੱਲ ਧਿਆਨ ਨਾ ਦੇਵੇ। ਜੇ ਦੇਸ਼ ਦੀ ਸੇਵਾ ਦੀ ਖਾਹਿਸ਼ ਹੋਵੇ ਤਾਂ ਖੁੱਲ੍ਹਾ ਕੰਮ ਕਰਨ। ਵਿਹਲਿਆਂ ਗੱਲਾਂ ਸੁਣ ਸੁਣ ਕੇ ਖ਼ਿਆਲੀ-ਸਬਜ਼-ਬਾਗ਼ ਦੇਖ-ਦੇਖ ਕੇ ਆਪਣੇ ਜੀਵਨਾਂ ਨੂੰ ਮੁਸੀਬਤਾਂ ਵਿਚ ਨਾ ਪਾਉਣਾ। ਹਾਲੇ ਖੁਫ਼ੀਆ ਕੰਮ ਕਰਨ ਦਾ ਵੇਲਾ ਨਹੀਂ ਆਇਆ। ਅਸਾਨੂੰ ਐਸ ਮੁਕੱਦਮੇ ਦੇ ਦੌਰਾਨ ਬੜੇ ਅਨੁਭਵ ਹੋਏ, ਬੜੇ ਤਜਰਬੇ ਹੋਏ, ਪਰ ਉਨ੍ਹਾਂ ਦਾ ਲਾਭ ਉਠਾਉਣ ਦਾ ਮੌਕਾ ਸਾਨੂੰ ਸਰਕਾਰ ਨੇ ਨਾ ਦਿੱਤਾ। ਪਰ ਇਸੇ ਗੱਲ ਲਈ ਹਿੰਦੁਸਤਾਨ ਅਤੇ ਇੰਗਲਿਸਤਾਨ ਦੀ ਅੰਗਰੇਜ਼ ਸਰਕਾਰ ਬਹੁਤ ਪਛਤਾਵੇਗੀ।

ਮੁਲਾਕਾਤ ਵੇਲੇ ਆਪ ਨੇ ਇਹ ਵੀ ਕਿਹਾ ਸੀ ਕਿ "ਜੁੱਗ-ਪਲਟਾਊ ਲੋਕਾਂ ਵਿਚ ਵੀ ਹੌਸਲੇ ਦੀ ਬੜੀ ਕਮੀ ਹੈ ਅਤੇ ਲੋਕਾਂ ਦੀ ਉਨ੍ਹਾਂ ਨਾਲ ਅਜੇ ਤੀਕ ਹਮਦਰਦੀ ਨਹੀਂ, ਨਾਲੇ ਇਨ੍ਹਾਂ ਵਿਚ ਵੀ ਸੂਬੇ-ਬੰਦੀ ਦਾ ਖ਼ਿਆਲ ਬਹੁਤ ਹੈ। ਆਪਸ ਵਿਚ ਅਜੇ ਤੀਕ ਪੂਰਾ-ਪੂਰਾ ਵਿਸ਼ਵਾਸ ਵੀ ਨਹੀਂ" ਇਨ੍ਹਾਂ ਗੱਲਾਂ ਕਰਕੇ ਹੀ ਸਾਡੀਆਂ ਹਸਰਤਾਂ ਦਿਲਾਂ ਦੀਆਂ ਦਿਲਾਂ ਵਿਚ ਹੀ ਰਹਿ ਗਈਆਂ। ਜ਼ਬਾਨੀ ਇਕਰਾਰ ਕਰਨ 'ਤੇ ਹੀ ਮੈਨੂੰ 5000 ਰੁਪਏ ਨਕਦ ਦਾ ਵਲੈਤ ਭੇਜ ਕੇ ਬੈਰਿਸਿਟਰੀ ਪਾਸ ਕਰਨ ਲਈ ਵਾਇਦਾ ਮਿਲਦਾ ਸੀ, ਪਰ ਇਸ ਨੂੰ ਘੋਰ ਪਾਪ ਸਮਝ ਕੇ ਮੈਂ ਇਸ ਗੱਲ 'ਤੇ ਧਿਆਨ ਵੀ ਨਾ ਦਿੱਤਾ। ਪਰ ਅਫ਼ਸੋਸ ਤਾਂ ਇਹ ਹੈ ਕਿ ਬੜੇ ਬੜੇ ਵਿਸ਼ਵਾਸੀ ਕਹੇ ਜਾਣ ਵਾਲੇ ਸਾਥੀਆਂ ਨੇ ਆਪਣੇ ਸੁੱਖ ਲਈ ਲੁਕ ਲੁਕ ਕੇ ਪਾਰਟੀ ਨੂੰ ਧੋਖਾ ਦਿੱਤਾ ਅਤੇ ਸਾਡੇ ਨਾਲ ਦਗਾ ਕੀਤਾ।(ਵਿਦਰੋਹੀ)

☆ ☆ ☆

10. ਦੇਸ਼ ਵਾਸੀਆਂ ਦੇ ਨਾਂ,

ਸ਼ਹੀਦ ਅਸ਼ਫਾਕ ਦਾ ਫਾਂਸੀ ਘਰ ਤੋਂ ਸੰਦੇਸ਼

[ਏਥੇ ਅਸੀਂ ਸ਼ਹੀਦ ਅਸ਼ਫਾਕ ਦਾ ਫਾਂਸੀ ਘਰ ਤੋਂ ਭੇਜਿਆ ਸੰਦੇਸ਼ ਵੀ ਆਪਣੇ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਇਹ ਸਿੱਧੇ ਭਗਤ ਸਿੰਘ ਜੀ ਵਲੋਂ ਪੇਸ਼ ਕੀਤਾ ਨਹੀਂ, ਪਰ ਉਸ ਸਮੇਂ ਦੇ ਦੂਸਰੇ ਅਖ਼ਬਾਰਾਂ ਵਿਚ ਛਪਿਆ ਸੀ। 16 ਦਸੰਬਰ, 1927 ਫਾਂਸੀ ਤੋਂ ਤਿੰਨ ਦਿਨ ਪਹਿਲਾਂ ਫੈਜ਼ਾਬਾਦ ਜੇਲ੍ਹ ਵਿਚੋਂ ਇਹ ਦੇਸ਼ ਵਾਸੀਆਂ ਲਈ ਭੇਜਿਆ ਗਿਆ ਸੀ।

-ਸੰਪਾਦਕ]

ਪਿਆਰੇ ਦੇਸ਼ ਵਾਸੀਓ,

ਭਾਰਤ ਮਾਤਾ ਦੇ ਰੰਗ-ਮੰਚ 'ਤੇ ਅਸੀਂ ਆਪਣਾ ਪਾਰਟ (ਹਿੱਸਾ) ਅਦਾ ਕਰ ਚੁੱਕੇ ਹਾਂ, ਗ਼ਲਤ ਜਾਂ ਸਹੀ, ਅਸੀਂ ਜੋ ਵੀ ਕੀਤਾ ਆਜ਼ਾਦੀ ਹਾਸਲ ਕਰਨ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਕੀਤਾ। ਸਾਡੇ ਆਪਣੇ (ਭਾਵ ਕਾਂਗਰਸੀ ਨੇਤਾਵਾਂ ਤੋਂ ਹੈ-ਸੰਪਾਦਕ) ਸਾਡੀ ਨਿੰਦਾ ਕਰਨ ਜਾਂ ਪ੍ਰਸੰਸਾ, ਪਰ ਸਾਡੇ ਦੁਸ਼ਮਣਾਂ ਤਕ ਨੂੰ ਸਾਡੇ ਹੌਸਲੇ ਅਤੇ ਵੀਰਤਾ ਦੀ ਪ੍ਰਸ਼ੰਸਾ ਕਰਨੀ ਪਈ ਹੈ। ਲੋਕ ਕਹਿੰਦੇ ਹਨ, ਅਸਾਂ ਮੁਲਕ ਵਿਚ ਆਤੰਕ ਫੈਲਾਣਾ (Terrorism) ਚਾਹਿਆ ਹੈ। ਇਹ ਗ਼ਲਤ ਹੈ, ਏਨੇ ਲੰਬੇ ਸਮੇਂ ਤਕ ਮੁਕੱਦਮਾ ਚਲਦਾ ਰਿਹਾ। ਸਾਡੇ ਵਿਚੋਂ ਬਹੁਤ ਸਾਰੇ ਬਹੁਤ ਦਿਨਾਂ ਤਕ ਆਜ਼ਾਦ ਰਹੇ ਅਤੇ ਅੱਜ ਵੀ ਕੁਝ ਆਜ਼ਾਦ ਹਨ। (ਇਸ਼ਾਰਾ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਜੀ ਵੱਲ ਹੈ।—ਸੰਪਾਦਕ) ਫਿਰ ਵੀ ਅਸਾਂ ਜਾਂ ਸਾਡੇ ਕਿਸੇ ਸਾਥੀ ਨੇ ਕਿਸੇ ਆਪਣੇ ਨੁਕਸਾਨ ਪਹੁੰਚਾਉਣ ਵਾਲੇ 'ਤੇ ਗੋਲੀ ਨਹੀਂ ਚਲਾਈ। ਸਾਡਾ ਇਹ ਉਦੇਸ਼ ਨਹੀਂ ਸੀ, ਅਸੀਂ ਤਾਂ ਆਜ਼ਾਦੀ ਪ੍ਰਾਪਤ ਕਰਨ ਲਈ ਦੇਸ਼ ਭਰ ਵਿਚ ਇਨਕਲਾਬ ਲਿਆਉਣਾ ਚਾਹੁੰਦੇ ਸਾਂ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/53