ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/87

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਗਵਾਹੀਆਂ ਵਿਚ ਦੱਸ ਚੁੱਕੀ ਹੈ ਕਿ ਇਹ ਹਥਿਆਰ ਚਲਾਉਣ ਵਾਲੇ ਲਈ ਜ਼ਿਆਦਾ ਖ਼ਤਰਨਾਕ ਹਨ, ਪਰ ਜਿਸ ਪਰ ਚਲਾਏ ਜਾਣ ਉਸ ਲਈ ਘੱਟ! ਕੀ ਜੇਕਰ ਰਾਜ-ਪਲਟਾਊ ਗੱਡੀਆਂ ਉਲਟਾਣ ਦਾ ਯਤਨ ਕਰਨ ਤਾਂ ਇਸ ਵਿਚ ਸਫਲ ਨਾ ਹੋਣ? ਇਹ ਸਭ ਅਜਿਹੀਆਂ ਗੱਲਾਂ ਹਨ ਜੋ ਪ੍ਰਗਟ ਕਰਦੀਆਂ ਹਨ ਕਿ ਇਹ ਸਭ ਕੁਝ ਪੁਲਸੀ ਕਰਿੰਦਿਆਂ ਵੱਲੋਂ ਆਜ਼ਾਦੀ ਦੇ ਉਪਾਸ਼ਕਾਂ ਨੂੰ ਕੁਚਲਣ ਲਈ ਕੀਤਾ ਜਾਂਦਾ ਹੈ।

ਅਸੀਂ ਇਸ ਗੱਲ ਤੋਂ ਇਨਕਾਰੀ ਨਹੀਂ, ਕਿ ਹਿੰਦੋਸਤਾਨ ਵਿਚ ਰਾਜ ਪਲਟਾਊ ਲਹਿਰ ਨਹੀਂ ਹੈ ਪਰ ਅਸੀਂ ਇਹ ਕਹਿੰਦੇ ਹਾਂ ਕਿ ਇਸ ਵੇਲੇ ਜੋ ਕੁਝ ਕੀਤਾ ਜਾ ਰਿਹਾ ਹੈ ਉਹ ਪੁਲਸੀ ਧਾੜ ਵੱਲੋਂ ਹੈ ਅਤੇ ਇਤਿਹਾਸ ਦੱਸਦਾ ਹੈ ਕਿ ਜਦੋਂ ਵੀ ਕੋਈ ਰਾਜ-ਪਲਟਾਊ ਕੰਮ ਸ਼ੁਰੂ ਕੀਤਾ ਕਰਦੇ ਹਨ ਤਾਂ ਉਹ ਆਪਣੇ ਵਾਰ ਘੱਟ ਹੀ ਖਾਲੀ ਜਾਣ ਦਿਆਂ ਕਰਦੇ ਹਨ ਅਤੇ ਸਰਕਾਰ ਨੂੰ ਵੀ ਇਹ ਨਿਸਚਾ ਰੱਖਣਾ ਚਾਹੀਦਾ ਹੈ ਕਿ ਅਜਿਹੇ ਲੋਕਾਂ ਨੂੰ (ਜਿਨ੍ਹਾਂ ਦਾ ਧਰਮ ਈਮਾਨ ਹੀ ਦੇਸ਼ ਦੀ ਆਜ਼ਾਦੀ ਹੋਵੇ ਅਤੇ ਜੋ ਬਾਕੀ ਸਭ ਤਰੀਕਿਆਂ ਤੋਂ ਨਿਰਾਸ਼ ਹੋ ਕੇ ਆਜ਼ਾਦੀ ਲਈ ਇਸ ਤਰੀਕੇ ਪਰ ਭਰੋਸਾ ਰੱਖਣ ਲੱਗ ਪੈਣ) ਦਬਾਉਣ ਵਿਚ ਉਹ ਕਦੇ ਵੀ ਸਫਲ ਨਹੀਂ ਹੋ ਸਕਦੀ ਭਾਵੇਂ ਉਹ ਕਿਤਨੀਆਂ ਹੀ ਸਖ਼ਤੀਆਂ ਕਰੇ ਅਤੇ ਕਿਤਨੀਆਂ ਹੀ ਚਾਲਾਂ ਚੱਲੇ ਅਤੇ ਨਾ ਅੱਜ ਤੱਕ ਕੋਈ ਸਰਕਾਰ ਇਸ ਵਿਚ ਸਫਲ ਹੋਈ ਹੈ। ਇਨ੍ਹਾਂ ਲਹਿਰਾਂ ਨੂੰ ਹਟਾਉਣ ਦਾ ਤਾਂ ਠੀਕ ਤਰੀਕਾ ਇਹੀ ਹੈ ਕਿ ਉਨ੍ਹਾਂ ਲੋਕਾਂ ਦੀ ਮੰਗ ਪੂਰੀ ਕੀਤੀ ਜਾਵੇ ਤਾਂ ਜੋ ਉਹ ਸ਼ਾਂਤ ਹੋ ਜਾਣ।

ਉੱਪਰ ਜੋ ਕੁਝ ਦੱਸਿਆ ਗਿਆ ਹੈ ਇਹ ਕੇਵਲ ਅਸਾਡਾ ਆਪਣਾ ਹੀ ਖ਼ਿਆਲ ਨਹੀਂ, ਸਗੋਂ ਇਸਦੀ ਪੁਸ਼ਟੀ ਬੰਗਾਲ ਆਰਡੀਨੈਂਸ ਸਬੰਧੀ ਕੀਤੀਆਂ ਗਈਆਂ ਕਈ ਜ਼ੁੰਮੇਵਾਰ ਸੱਜਣਾਂ ਦੀਆਂ ਤਕਰੀਰਾਂ ਅਤੇ ਉਹਨਾਂ ਦੇ ਬਿਆਨਾਂ ਤੋਂ ਹੁੰਦੀ ਹੈ। ਇਹਨਾਂ ਸੱਜਣਾਂ ਦੇ ਕਥਨਾਂ ਦਾ ਉੱਤਰ ਸਰਕਾਰ ਵੱਲੋਂ ਸਵਾਏ ਚੁੱਪ ਦੇ ਕੁਝ ਨਹੀਂ ਮਿਲਿਆ। ਹੇਠਾਂ ਅਸੀਂ ਆਪਣੇ ਖ਼ਿਆਲਾਂ ਦੀ ਪੁਸ਼ਟੀ ਲਈ ਕੁਝ ਹਵਾਲੇ ਦਿੰਦੇ ਹਾਂ ਜਿਨ੍ਹਾਂ ਤੋਂ ਸਾਫ ਸਿੱਧ ਹੋ ਜਾਵੇਗਾ ਕਿ ਸਰਕਾਰ ਕਿਵੇਂ ਹਿੰਦੋਸਤਾਨ ਨੂੰ ਗੁਲਾਮ ਰੱਖਣ ਲਈ ਕਮੀਨੀਆਂ ਚਾਲਾਂ ਚੱਲ ਰਹੀ ਹੈ!

ਸ੍ਰੀ ਯੁਤ ਸੁਭਾਸ਼ ਚੰਦਰ ਬੋਸ, ਜੋ ਕਿ ਕਲਕੱਤਾ ਨਗਰ ਸਭਾ ਦੇ ਚੀਫ਼ ਅਗਜ਼ੈਕਟਿਵ ਆਫਿਸਰ ਸਨ ਅਤੇ ਜਿਨ੍ਹਾਂ ਨੂੰ ਰਾਜ-ਪਲਟਾਊ ਹੋਣ ਦੇ ਅਪਰਾਧੀ ਕਹਿ ਕੇ ਬੰਗਾਲ ਆਰਡੀਨੈਂਸ ਅਨੁਸਾਰ ਜੇਲ੍ਹ ਵਿਚ ਡੱਕਿਆ ਗਿਆ ਸੀ, ਹੁਣ ਭੈੜੀ ਸਿਹਤ ਕਾਰਨ ਰਿਹਾਅ ਕੀਤੇ ਗਏ ਹਨ। ਆਪ ਨੇ ਬੰਗਾਲ ਆਰਡੀਨੈਂਸ ਸਬੰਧੀ ਹੁਣ ਇਕ ਬਿਆਨ ਪ੍ਰਕਾਸ਼ਤ ਕਰਾਇਆ ਹੈ ਜਿਸ ਵਿਚ ਆਪ ਲਿਖਦੇ ਹਨ:

ਬੰਗਾਲੀ ਰਾਜਸੀ ਨਜ਼ਰਬੰਦਾਂ ਨੂੰ ਹੋਰ ਚਿਰ ਤਾਈਂ ਜੇਹਲਾਂ ਵਿਚ ਡੱਕੀ ਰੱਖਣ ਲਈ ਕੋਈ ਤਸੱਲੀਬਖਸ਼ ਕਾਰਨ ਨਾ ਹੋਣ ਕਰਕੇ ਪੁਲਿਸ ਨੇ ਹੁਣ ਬੰਬ ਅਤੇ ਟੁੱਟੇ ਹੋਏ ਪਿਸਤੌਲ ਪਕੜਨੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਸਿੱਧ ਕੀਤਾ ਜਾ ਸਕੇ ਕਿ ਰਾਜ-ਪਲਟਾਊ ਲਹਿਰ ਅਜੇ ਤਾਈਂ ਮੌਜੂਦ ਹੈ। ਅਸਲ ਵਿਚ ਪਿਛਲੇ ਕੁਝ ਸਾਲਾਂ ਵਿਚ ਜਦ ਕਦੀ ਵੀ ਬੰਗਾਲੀ ਰਾਜਸੀ ਨਜ਼ਰਬੰਦਾਂ ਦੀ ਰਿਹਾਈ ਦੀ ਚਰਚਾ ਛਿੜੀ ਹੈ ਅਤੇ ਜਦੋਂ ਕਦੇ ਵੀ ਅਸੰਬਲੀ ਜਾਂ ਬੰਗਾਲ ਕੌਂਸਲ ਵਿਚ ਨਜ਼ਰਬੰਦਾਂ ਦੇ ਸਵਾਲ ਪਰ ਵਿਚਾਰ ਕਰਨ ਲਈ ਇਕੱਤਰਤਾ ਹੋਈ ਹੈ ਤਾਂ ਕੁਝ ਪੁਲਿਸ ਦੇ ਖਿਡਾਉਣੇ ਆਪਣੇ ਪਾਸੋਂ ਹਥਿਆਰ ਲੈ ਕੇ ਝੱਟ ਗ੍ਰਿਫਤਾਰੀ ਲਈ ਪੁਲਿਸ ਅੱਗੇ ਹਾਜ਼ਰ ਹੋ ਜਾਂਦੇ ਹਨ ਅਤੇ ਝੱਟ ਹੀ ਅਖਾਉਤੀ ਬੰਬਾਂ ਦੇ ਕਾਰਖਾਨਿਆਂ ਦਾ ਪੁਲਿਸ ਨੂੰ ਪਤਾ ਲੱਗ ਜਾਂਦਾ ਹੈ। ਇਹਨਾਂ ਕਾਰਖਾਨਿਆਂ ਵਿਚ ਆਮ ਤੌਰ 'ਤੇ ਕੁਝ ਮਸਾਲਾ ਹੁੰਦਾ ਹੈ ਜੋ ਕਿ ਹਰ ਥਾਂ 'ਤੇ ਮਿਲ ਸਕਦਾ ਹੈ ਅਤੇ ਟੁੱਟੇ ਹੋਏ ਪਿਸਤੌਲ, ਜੋ ਕਿ ਜਿਸ ਪਰ ਨਿਸ਼ਾਨਾ ਕੀਤਾ ਜਾਵੇ ਉਸ ਨਾਲੋਂ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/71