ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/98

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਲੱਗਾ। ਅਖ਼ੀਰ ਉਸ ਨੇਂ ਕਿਹਾ—ਤੁਹਾਨੂੰ ਇਨਾਮ ਤਾਂ ਦਿੱਤਾ ਜਾ ਚੁੱਕਾ ਹੈ। ਹੁਣ ਤੁਸੀਂ ਮੇਰੇ ਕੋਲ ਕਿਉਂ ਆਏ!

ਆਪ ਨੇ ਕਿਹਾ—ਜੋ ਮਨੁੱਖ ਉਸ ਸੂਹੀਏ ਨੂੰ ਫੜਵਾਏ ਜਿਸ ਨੇ ਤੁਹਾਡਾ ਰਾਜ ਖੋਹਲਿਆ ਸੀ ਤਾਂ ਕੀ ਤੁਸੀਂ ਉਸ ਨੂੰ ਕੁਝ ਇਨਾਮ ਦੇਵੋਗੇ?
ਕਿਹਾ ਤਾਂ ਸੀ। ਕੀ ਤੂੰ ਉਸ ਨੂੰ ਫੜਿਆ ਹੈ?
ਹਾਂ, ਹਾਂ ਇਨਾਮ ਦਿਉ ਉਹ ਮੈਂ ਆਪ ਹੀ ਹਾਂ।
ਉਹ ਥਰ ਥਰਾ ਕੇ ਬੋਲਿਆ—ਜੇ ਰਾਜ ਦੇ ਅੰਦਰ ਹੀ ਤੇਰਾ ਪਤਾ ਲੱਗ ਜਾਂਦਾ ਤਾਂ ਬੋਟੀ-ਬੋਟੀ ਉਡਵਾ ਦੇਂਦਾ! ਖ਼ੈਰ ਉਸਨੇ ਉਹਨਾਂ ਨੂੰ ਇਕ ਸੋਨੇ ਦੀ ਘੜੀ ਦਿੱਤੀ ਅਤੇ ਕਿਹਾ—ਜੇ ਤੁਸੀਂ ਮਨਜ਼ੂਰ ਕਰੋ ਤਾਂ ਜਾਸੂਸੀ ਵਿਭਾਗ ਤੋਂ 1000 ਰੁਪਏ ਮਾਹਵਾਰੀ ਤਨਖਾਹ ਦਿਵਾ ਸਕਦਾ ਹਾਂ ਪਰ ਸੂਫ਼ੀ ਜੀ ਨੇ ਕਿਹਾ ਜੇ ਤਨਖਾਹ ਹੀ ਲੈਣੀ ਹੁੰਦੀ ਤਾਂ ਤੁਹਾਡੇ ਭਾਂਡੇ ਕਿਉਂ ਸਾਫ਼ ਕਰਦਾ?
ਅੱਜ ਸੂਫ਼ੀ ਜੀ ਇਸ ਦੇਸ਼ ਵਿਚ ਨਹੀਂ ਹਨ। ਪਰ ਐਸੇ ਦੇਸ਼ ਭਗਤ ਦੀ ਯਾਦ ਹੀ ਰੂਹ ਫੂਕ ਦੇਂਦੀ ਹੈ। ਭਗਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।

☆☆☆

19. ਸ਼ਹੀਦ ਕਰਤਾਰ ਸਿੰਘ ਸਰਾਭਾ

ਲੇਖਕ-ਸ਼ਹੀਦ ਭਗਤ ਸਿੰਘ

[ਸ਼ਹੀਦ ਸਰਾਭਾ ਦੀ ਫੋਟੋ ਭਗਤ ਸਿੰਘ ਆਪਣੇ ਪਾਸ ਰੱਖਦੇ ਸਨ ਅਤੇ ਕਿਹਾ ਕਰਦੇ ਸਨ, ਇਹ ‘ਮੇਰਾ ਗੁਰੂ, ਮੇਰਾ ਸਾਥੀ ਤੇ ਭਰਾ ਹੈ।” ਉਨ੍ਹਾਂ ਦੀ ਪ੍ਰੇਰਣਾ ਦਾ ਸਰੋਤ ਤੇ ਇਨਕਲਾਬੀ ਜੀਵਨ ਵਿਚ ਸੰਦੇਸ਼ ਕਰਤਾਰ ਸਿੰਘ ਸਰਾਭਾ ਬਾਰੇ ਇਹ ਲੇਖ ਇਕ ਖ਼ਾਸ ਮਹੱਤਤਾ ਰੱਖਦਾ ਹੈ।

—ਸੰਪਾਦਕ]

ਰਣਚੰਡੀ ਦੇ ਇਸ ਪਰਮ ਭਗਤ ਬਾਗੀ ਕਰਤਾਰ ਸਿੰਘ ਦੀ ਉਮਰ ਇਸ ਵੇਲੇ ਵੀਹਾਂ ਸਾਲਾਂ ਦੀ ਵੀ ਨਹੀਂ ਹੋਈ ਸੀ ਕਿ ਜਦ ਉਨ੍ਹਾਂ ਨੇ ਸਵਤੰਤਰਤਾ ਦੇਵੀ ਦੀ ਬਲੀ ਵੇਦੀ ਉੱਤੇ ਆਪਣੀ ਕੁਰਬਾਨੀ ਦੇ ਦਿੱਤੀ। ਹਨੇਰੀ ਵਾਂਗ ਉਹ ਇਕਦਮ ਕਿਤਿਓਂ ਆਏ, ਅੱਗ ਭੜਕਾਈ ਤੇ ਸੁਪਨਿਆਂ 'ਚ ਪਈ ਰਣਚੰਡੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਬਗ਼ਾਵਤ ਦਾ ਯੁੱਗ ਰਚਿਆ ਅਤੇ ਆਖ਼ਰ ਉਹ ਆਪ ਖੁਦ ਇਸ ਵਿਚ ਭਸਮ ਹੋ ਗਏ। ਉਹ ਕੀ ਸਨ, ਇਸ ਦੁਨੀਆ ਤੋਂ ਅਚਾਨਕ ਆਏ ਅਤੇ ਝੱਟ ਕਿੱਧਰ ਚੱਲੇ ਗਏ, ਅਸੀਂ ਕੁਝ ਵੀ ਨਾ ਜਾਣ ਸਕੇ। 19 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਨੇ ਇੰਨੇ ਕੰਮ ਕਰ ਦਿਖਾਏ ਕਿ ਸੋਚ ਕੇ ਹੈਰਾਨੀ ਹੁੰਦੀ ਹੈ। ਐਨੀ ਜੁਰਅਤ, ਐਨਾ ਆਤਮ-ਵਿਸ਼ਵਾਸ, ਐਨਾ ਆਤਮ-ਤਿਆਗ ਅਤੇ ਐਨੀ ਲਗਨ ਬਹੁਤ ਘੱਟ ਦੇਖਣ ਨੂੰ ਮਿਲੇਗੀ। ਭਾਰਤਵਰਸ਼ ਵਿਚ ਐਸੇ ਇਨਸਾਨ ਬਹੁਤ ਘੱਟ ਪੈਦਾ ਹੋਏ ਹਨ ਜਿਨ੍ਹਾਂ ਨੂੰ ਕਿ ਸਹੀ ਅਰਥਾਂ ਵਿਚ ਬਾਗ਼ੀ ਆਖਿਆ ਜਾ ਸਕਦਾ ਹੈ। ਪਰੰਤੂ ਇਨ੍ਹਾਂ ਗਿਣਿਆਂ-ਮਿਣਿਆਂ ਆਗੂਆਂ ਵਿਚ ਕਰਤਾਰ ਸਿੰਘ ਦਾ ਨਾਂ ਸੂਚੀ ਦੇ ਉੱਪਰ ਹੈ। ਉਨ੍ਹਾਂ ਦੀ ਰਗ-ਰਗ ਵਿਚ ਇਨਕਲਾਬ ਦਾ ਜਜ਼ਬਾ ਸਮਾਇਆ ਹੋਇਆ ਸੀ। ਉਨ੍ਹਾਂ ਦੀ ਜ਼ਿੰਦਗੀ ਦਾ ਇਕੋ ਮਕਸਦ, ਇਕੋ ਖ਼ਾਹਸ਼ ਅਤੇ ਇਕੋ ਉਮੀਦ ਜੋ ਕੁਝ ਵੀ ਸੀ ਇਨਕਲਾਬ ਹੀ ਸੀ। ਇਸ ਦੇ ਲਈ ਉਨ੍ਹਾਂ ਜ਼ਿੰਦਗੀ ਵਿਚ ਪੈਰ ਪਾਇਆ ਤੇ ਅਖ਼ੀਰ ਇਸੇ ਲਈ ਹੀ ਇਸ ਦੁਨੀਆ ਤੋਂ ਚਲਾਣਾ ਕਰ ਗਏ।

ਆਪ ਦਾ ਜਨਮ 1896 ਵਿਚ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਚ ਹੋਇਆ ਸੀ। ਆਪ ਮਾਤਾ-ਪਿਤਾ ਦੇ ਇਕਲੌਤੇ ਪੁੱਤਰ ਸਨ। ਹਾਲੇ ਉਨ੍ਹਾਂ ਦੀ ਉਮਰ ਛੋਟੀ ਹੀ ਸੀ ਕਿ ਪਿਤਾ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/82