ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਪਕ ਹੈ ਕਿ ਉਨ੍ਹਾਂ ਦੇ ਉੱਚ ਅਧਿਕਾਰੀ ਵੀ ਇਹ ਫੈਸਲਾ ਨਹੀਂ ਲੈ ਸਕਦੇ ਕਿ ਕਰਮਚਾਰੀ ਫਰਲੋ ਉਪਰ ਹੈ ਜਾਂ ਡਿਉਟੀ ਉੱਪਰ। ਇਸ ਲਈ ਉਨ੍ਹਾਂ ਦੇ ਅਫ਼ਸਰ ਵੀ ਉਨ੍ਹਾਂ ਦੀ ਇਸ ਕੁਤਾਹੀ ਦਾ ਕੋਈ ਨੋਟਿਸ ਨਹੀਂ ਲੈਂਦੇ। ਜਦੋਂਕਿ ਮਾਸਟਰਾਂ ਵਾਸਤੇ ਫਰਲੋ ਇੱਕ ਗਨੀਮਤ ਹੈ ਅਤੇ ਵਿਦਿਆ ਵਿਭਾਗ ਦੇ ਅਧਿਕਾਰੀਆਂ ਦਾ ਵੀ ਸਾਰਾ ਜ਼ੋਰ ਇਸੇ ਗੱਲ 'ਤੇ ਲੱਗਾ ਹੁੰਦਾ ਹੈ ਕਿ ਕੋਈ ਅਧਿਆਪਕ ਫਰਲੋ ਤੇ ਫੜਿਆ ਜਾਵੇ। ਵਿਦਿਆ ਵਿਭਾਗ ਦੇ ਅਫਸਰ ਜੇ ਕਿਸੇ ਅਧਿਆਪਕ ਨੂੰ ਫਰਲੋ ਉੱਪਰ ਫੜ੍ਹ ਲੈਣ ਤਾਂ ਉਹ ਇਸ ਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਮੰਨਦੇ ਹਨ। ਉਹ ਸਮਝਦੇ ਹਨ ਜਿਵੇਂ ਉਨ੍ਹਾਂ ਨੇ ਵੀਰਪਨ ਵਰਗਾ ਕੋਈ ਖੂੰਖਾਰ ਡਾਕੂ ਫੜ ਲਿਆ ਹੋਵੇ ਜਾਂ ਚੰਬਲ ਘਾਟੀ ਦੀ ਕੋਈ ਫੂਲਾਂ ਰਾਣੀ ਗਿਫ਼ਤਾਰ ਕਰ ਲਈ ਹੋਵੇ ਜਾਂ ਕਿਸੇ ਘੁਟਾਲੇ ਦਾ ਪਰਦਾਫਾਸ਼ ਕਰ ਦਿੱਤਾ ਹੋਵੇ।

ਬਾਕੀ ਅਧਿਆਪਕਾਂ ਕੋਲੇ ਥੋੜ੍ਹੀ ਬਹੁਤੀ ਫਰਲੋ ਤੋਂ ਬਿਨਾਂ ਹੋਰ ਹੈ ਵੀ ਕੀ? ਉਹ ਇਸ ਨੂੰ ਗਨੀਮਤ ਨਾ ਸਮਝਣ ਤਾਂ ਕਿਵੇਂ ਨਾ ਸਮਝਣ। ਬਾਕੀ ਮਹਿਕਮਿਆਂ ਵਿੱਚ ਹੋਰ ਬੜਾ ਕੁਝ ਹੈ। ਬੜੇ ਵਾਰੇ ਨਿਆਰੇ ਹਨ। ਅਧਿਆਪਕਾਂ ਪਾਸ ਤਾਂ ਸਿਰਫ ਫਰਲੋ ਹੀ ਹੈ ਅਤੇ ਉਹ ਵੀ ਜਾਨ ਜ਼ੋਖਮ ਵਿੱਚ ਪਾ ਕੇ। ਖੈਰ!ਕੀੜੀ ਨੂੰ ਠੁਠਾ ਦਰਿਆ ਦੀ ਕਹਾਵਤ ਅਨੁਸਾਰ ਅਧਿਆਪਕਾਂ ਲਈ ਫਰਲੋ ਇੱਕ ਵੱਡੀ ਗਨੀਮਤ ਹੈ ਅਤੇ ਉਹ ਵੀ ਇਸ ਗਨੀਮਤ ਨੂੰ ਮਾਨਣ ਲਈ ਬੜੇ ਬੜੇ ਢੰਗ ਤਰੀਕੇ ਵਰਤਦੇ ਹਨ। ਕਈ ਅਧਿਆਪਕ ਤਾਂ ਫਰਲੋ ਦਾ ਅਨੰਦ ਮਾਨਣ ਲਈ ਆਪਣਾ ਮਾਂ-ਪਿਓ ਨੂੰ ਕਈ ਕਈ ਵਾਰ ਮਾਰ ਲੈਂਦੇ ਹਨ। ਉਨ੍ਹਾਂ ਨੂੰ ਦੇਰ ਪਾ ਕੇ ਇਹ ਭੁੱਲ ਈ ਜਾਂਦਾ ਹੈ ਕਿ ਮੈਂ ਤਾਂ ਮਾਂ ਜਾਂ ਪਿਓ ਮਰ ਜਾਣ ਦੇ ਬਹਾਨੇ ਪਹਿਲਾਂ ਹੀ ਫਰਲੋ ਮਾਰ ਚੁੱਕਾ ਹਾਂ। ਕਈ ਵਿਚਾਰਿਆਂ ਨੂੰ ਇਸ ਫਰਲੋ ਦਾ ਲਾਭ ਲੈਣ ਖਾਤਰ ਕਈ ਵਾਰ ਸਕੂਲ ਵੀ ਬਦਲਣਾ ਪੈ ਜਾਂਦਾ ਹੈ ਕਿਉਂਕਿ ਇੱਕ ਸਕੂਲ ਵਿੱਚ ਇੱਕ ਜਾਂ ਵਧ ਤੋਂ ਵੱਧ ਦੋ ਵਾਰੀ ਹੀ ਪਿਓ ਮਰ ਸਕਦਾ ਹੈ। ਮੁਖੀ ਦੇ ਬਦਲ ਜਾਣ ਤੇ ਕਈ ਸੁਭਾਗੇ ਅਧਿਆਪਕਾਂ ਨੂੰ ਇਸ ਫਰਲੋ ਦਾ ਤੀਜੀ ਜਾਂ ਚੌਥੀ ਵਾਰੀ ਵੀ ਆਨੰਦ ਮਾਨਣ ਦਾ ਮੌਕਾ ਮਿਲ ਜਾਂਦਾ ਹੈ।

ਘੜੀ ਦਾ ਖੜ ਜਾਣ, ਘੱੜੀ ਦਾ ਅੱਗੇ ਪਿੱਛੇ ਹੋ ਜਾਣਾ ਜਾਂ ਆਪ ਹੀ ਸੂਈਆਂ ਘੁਮਾ ਲੇਣੀਆਂ, ਇਸ ਦੀ ਦੂਸਰੀ ਵੱਡੀ ਉਦਹਾਰਣ ਹੈ। ਅੱਜਕੱਲ ਤਾਂ ਹਰ ਵਿਦਿਆਰਥੀ ਦੇ ਗੁੱਟ 'ਤੇ ਘੜੀ ਹੈ। ਪ੍ਰੰਤੂ ਪਹਿਲੇ ਸਮਿਆਂ ਵਿੱਚ ਘੜੀ ਸਾਰੇ ਅਧਿਆਪਕਾਂ ਪਾਸ ਵੀ ਨਹੀਂ ਹੁੰਦੀ ਸੀ। ਇਸ ਲਈ ਜਿਸ ਅਧਿਆਪਕ ਪਾਸ ਘੜੀ ਹੁੰਦੀ ਸੀ, ਸਕੁਲ ਉਸੇ ਅਨੁਸਾਰ ਹੀ ਚਲਦਾ ਸੀ ਜਾਂ ਘੜੀ ਦਾ ਰੇਡੀਓ ਟਾਈਮ ਨਾਲ ਮਿਲਣ ਦਾ ਦਾਅਵਾ ਸਭ ਤੋਂ ਵਧ ਕਾਰਗਰ ਸਾਬਿਤ ਹੁੰਦਾ ਸੀ। ਮੇਰੀ ਘੜੀ ਤਾਂ ਰੇਡੀਓ ਸਿਲੋਨ ਨਾਲ ਮਿਲੀ ਹੈ। ਇਸੇ

ਸੁੱਧ ਵੈਸ਼ਨੂੰ ਢਾਬਾ/109