ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿਤਵਨ

ਸਾਹਿਤ ਦੀਆਂ ਦੋ ਪ੍ਰਮੁੱਖ ਧਾਰਾਵਾਂ ਹਨ, ਕਾਵਿ ਅਤੇ ਵਾਰਤਕ। ਵਿਅੰਗ ਇਹਨਾਂ ਦੋਵਾਂ ਧਾਰਾਵਾਂ ਵਿੱਚ ਹੀ ਲਿਖਿਆ ਜਾ ਸਕਦਾ ਹੈ ਅਤੇ ਲਿਖਿਆ ਜਾ ਰਿਹਾ ਹੈ ਕਿਉਂਕਿ ਵਿਅੰਗ ਦਾ ਸੰਬੰਧ ਸਿੱਧਾ ਹਾਸੇ-ਮਜ਼ਾਕ ਨਾਲ ਜਾ ਜੁੜਦਾ ਹੈ। ਇਸ ਲਈ ਕੁਝ ਸੱਜਣਾ ਦਾ ਖ਼ਿਆਲ ਹੈ ਕਿ ਵਿਅੰਗ ਲਿਖਣਾ ਵੀ ਸ਼ਾਇਦ ਕੋਈ ਹਾਸਾ-ਮਜਾਕ ਕਰਨ ਜਿਹਾ ਹੀ ਕੋਈ ਕਾਰਜ ਹੈ। ਬਲਕਿ ਉਹ ਵਿਅੰਗ ਨੂੰ ਹਲਕੇ-ਫੁਲਕੇ ਸਾਹਿਤ ਦਾ ਹੀ ਦੂਸਰਾ ਰੂਪ ਸਮਝ ਰਹੇ ਹੁੰਦੇ ਹਨ, ਅਤੇ ਇੱਕ ਵਿਅੰਗ ਲੇਖਕ ਨੂੰ ਵੀ ਹਾਸੇ ਮਜਾਕ ਵਿੱਚ ਗੱਲ ਕਰਨ ਵਾਲਾ, ਗਲੀਆਂ ਵਿੱਚ ਫਿਰਨ ਵਾਲਾ ਇੱਕ ਆਮ ਜਿਹਾ ਪਾਤਰ ਹੀ ਸਮਝਦੇ ਹਨ। ਤਾਸਦੀ ਤਾਂ ਇਹ ਹੈ ਕਿ ਕੁਝ ਅਖੌਤੀ ਵਿਅੰਗ ਲੇਖਕ ਵੀ ਆਪਣੇ ਆਪ ਨੂੰ ਕੁਝ ਇਵੇਂ ਹੀ ਜਨਤਾ ਵਿੱਚ ਪੇਸ਼ ਕਰਨ ਵਿੱਚ ਫਖ਼ਰ ਮਹਿਸੂਸ ਕਰਦੇ ਹਨ।ਉਹ ਅਜਿਹਾ ਭਰਮ ਵੀ ਪਾਲ ਰਹੇ ਹੁੰਦੇ ਹਨ ਕਿ ਉਹਨਾਂ ਦੁਆਰਾ ਹਰ ਬੋਲੀ ਗਈ ਗੱਲ ਅਤੇ ਹਰ ਲਿਖਤ ਵਿੱਚੋਂ ਹਮੇਸ਼ਾ ਇੱਕ ਵਿਅੰਗ ਹੀ ਝਰਨਾ ਚਾਹੀਦਾ ਹੈ।

ਮਾਫ਼ ਕਰਨਾ ਇੱਕ ਵਿਅੰਗ ਲੇਖਕ ਕੋਈ ਭੰਡ ਮਸ਼ਖਰਾ ਜਾਂ ਗਲੀਆਂ ਵਿੱਚ ਫਿਰ ਵਾਲਾ ਕੋਈ ਨਕਲੀਆ ਨਹੀਂ ਹੁੰਦਾ। ਜੇਕਰ ਦੁਸਰੀਆਂ ਸਾਹਿਤ ਵਿਧਾਵਾਂ ਲਿਖਣ ਲਈ ਇੱਕ ਲੇਖਕ ਦਾ ਗੰਭੀਰ ਹੋਣਾ ਜ਼ਰੂਰੀ ਹੈ, ਤਾਂ ਸਾਡੇ ਖ਼ਿਆਲ ਅਨੁਸਾਰ, ਇੱਕ ਵਿਅੰਗ ਲੇਖਕ ਨੂੰ ਉਸ ਤੋਂ ਵੀ ਕਿਤੇ ਵਧੇਰੇ ਗੰਭੀਰ ਅਤੇ ਸੁਚੇਤ ਹੋਣ ਦੀ ਲੋੜ ਹੈ। ਸਮਾਂ, ਸਥਾਨ ਅਤੇ ਪ੍ਰਸਥਿਤੀਆਂ ਨੂੰ ਵਾਚੇ ਬਗੈਰ ਕੀਤੇ ਗਏ ਕਿਸੇ ਵਿਅੰਗ ਦੇ ਬਹੁਤ ਹੀ ਖਤਰਨਾਕ ਅਤੇ ਭਿਆਨਕ ਸਿੱਟੇ ਨਿਕਲ ਸਕਦੇ ਹਨ। ਪਤੀ ਦੁਆਰਾ ਦੁਰਯੋਧਨ ਤੇ ਬੇਵਕਤ ਕੀਤਾ ਗਿਆ ਵਿਅੰਗ, ਮਹਾਂਭਾਰਤ ਦੀ ਜੰਗ ਅਤੇ ਸਰਵਨਾਸ਼ ਦਾ ਕਾਰਨ ਬਣ ਗਿਆ ਸੀ। ‘ਅੰਧੇ ਦਾ ਅੰਧਾ’ ਆਮ ਪਰਿਵਾਰ ਵਿੱਚ ਕਿਸੇ ਭਰਜਾਈ ਦੁਆਰਾ ਇੱਕ ਦਿਉਰ ਤੇ ਕੀਤਾ ਜਾਣ ਵਾਲਾ ਵਿਅੰਗ ਇੱਕ ਸਾਧਾਰਣ ਮਜ਼ਾਕ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਪ੍ਰੰਤੂ ਸਮਾਂ, ਸਥਾਨ ਅਤੇ ਪ੍ਰਸਥਿਤੀਆਂ ਉਸ ਸਮੇਂ ਦੋਪਤੀ ਦੁਆਰਾ ਦੁਰਯੋਧਨ ’ਤੇ ਅਜਿਹਾ ਵਿਅੰਗ ਕਸਣ ਦੀ ਇਜਾਜ਼ਤ ਨਹੀਂ ਸਨ ਦਿੰਦੀਆਂ। ਸੋ ਸਿੱਟਾ ਸਭ ਦੇ ਸਾਹਮਣੇ ਹੈ।

ਇੱਕ ਸੰਜੀਦਾ ਜਿਹੇ ਵਿਸ਼ੇ ਤੇ ਚੱਲ ਰਹੀ ਇੱਕ ਸਭਾ ਵਿੱਚ, ਇੱਕ ਵਿਅਕਤੀ ਅਚਾਨਕ ਉੱਚੀ ਉੱਚੀ ਅਤੇ ਖਿੜਖਿੜਾ ਕੇ ਹੱਸਣ ਲੱਗ ਪਿਆ। ਸਾਥੀਆਂ ਦੁਆਰਾ ਉਸ ਦੇ ਅਜਿਹੇ ਵਿਹਾਰ ਦਾ ਕਾਰਨ ਪੁੱਛਣ ਤੇ ਉਸ ਨੇ ਉੱਤਰ ਦਿੱਤਾ, ਕੱਲ੍ਹ ਮੈਨੂੰ ਕਿਸੇ ਨੇ ਇੱਕ ਚੁਟਕਲਾ ਸੁਣਾਇਆ ਸੀ, ਦਰਅਸਲ ਮੈਨੂੰ ਉਸ ਦੀ ਸਮਝ ਹੀ ਅੱਜ ਆਈ ਹੈ, ਇਸ ਲਈ ਮੈਂ ਆਪਣਾ ਹਾਸਾ ਨਹੀਂ ਰੋਕ ਸਕਿਆ। ਮੈਂ ਇਸ ਨੂੰ ਵਿਅੰਗ ਦੀ ਇੱਕ ਬਹੁਤ ਹੀ ਵਧੀਆ ਉਦਾਹਰਣ ਸਮਝਦਾ ਹਾਂ।

ਸੁੱਧ ਵੈਸ਼ਨੂੰ ਢਾਬਾ/11