ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘੜੀ ਦਾ ਟਾਇਮ ਹੀ ਠੀਕ ਹੈ। ਬਾਕੀ ਸਭ ਦੁਨੀਆਂ ਦੀਆਂ ਘੜੀਆਂ ਗਲਤ ਹਨ।

ਪੇਂਡੂ ਇਲਾਕਿਆਂ ਵਿੱਚ, ਪਾਣੀ ਦੀ ਵਾਰੀ, ਵਾਲੀ ਘੜੀ ਦਾ ਆਪਣਾ ਹੀ ਟਾਇਮ ਹੁੰਦਾ ਸੀ। ਪਿੰਡ ਦੇ ਵਿਚਕਾਰਲੀ ਧਰਮਸ਼ਾਲਾ ਵਿੱਚ ਟੰਗੀ ਇਸ ਘੜੀ ਦਾ ਆਪਣਾ ਹੀ ਟਾਇਮ ਹੁੰਦਾ ਸੀ। ਅੱਧਾ ਘੰਟਾ ਜਾਂ ਘੰਟਾ ਅੱਗੇ ਜਾਂ ਪਿਛੇ ਹੋਣਾ ਉਸ ਲਈ ਆਮ ਗੱਲ ਸੀ। ਇਸ ਦੌਰ ਵੇਲੇ ਵੀ ਕਈ ਅਧਿਆਪਕਾਂ ਨੇ ਫਰਲੋ ਦੇ ਪੱਖੋਂ ਬਹੁਤ ਫਾਇਦਾ ਉਠਾਇਆ। ਰਾਤੀ ਯਾਰ ਪਾਣੀ ਦੀ ਵਾਰੀ ਸੀ। ਮੈਂ ਪਾਣੀ ਵਾਲੀ ਘੜੀ ਨਾਲ ਆਪਣਾ ਟਾਇਮ ਮਿਲਾ ਬੈਠਾ। ਬਸ ਏਸੇ ਕਰਕੇ ਲੇਟ ਹੋ ਗਿਆ। ਬਹਾਨਾ ਬੜਾ ਕਾਰਗਰ ਸਾਬਿਤ ਹੁੰਦਾ ਸੀ। ਦਿਲਚਸਪ ਗੱਲ ਇਹ ਵੀ ਸੀ ਪਾਣੀ ਦੀ ਘੜੀ ਨਾਲ ਟਾਇਮ ਮਿਲਾਉਣ ਵਾਲਾ ਅਧਿਆਪਕ ਕਦੇ ਭੁਲੇਖੇ ਨਾਲ ਸਮੇਂ ਤੋਂ ਪਹਿਲਾਂ ਸਕੂਲ ਕਦੇ ਨਹੀਂ ਪਹੁੰਚਿਆ ਕਿਉਂਕਿ ਉਹ ਘੜੀ ਘੰਟਾ ਅਡਵਾਂਸ ਵੀ ਤਾਂ ਹੋ ਸਕਦੀ ਸੀ। ਅਜਿਹੀ ਇੱਕ ਘਟਨਾ ਸਾਡੇ ਸਕੂਲ ਵਿੱਚ ਵਾਪਰੀ। ਸਬੰਧਤ ਅਧਿਆਪਕ ਤਾਂ ਕਾਫੀ ਚਿਰ ਸੇਵਾ ਤੋਂ ਮੁਕਤ ਹੋ ਚੁਕਿਆ ਹੈ। ਹੋ ਸਕਦਾ ਹੈ ਵਿਚਾਰਾ ਰੱਬ ਨੂੰ ਪਿਆਰਾ ਹੋ ਗਿਆ ਹੋਵੇ। ਭਾਈ ਸਾਹਿਬ ਆਮ ਵਾਂਗ ਅੱਜ ਵੀ ਸਕੂਲੋਂ ਲੇਟ ਸੀ। ਆਉਂਦਿਆਂ ਹੀ ਘੜੀ ਵਿਖਾਉਂਦਿਆਂ ਕਹਿਣ ਲੱਗਾ ਰਾਤੀ ਯਾਰ ਪਾਣੀ ਦੀ ਵਾਰੀ ਸੀ ਘੜੀ ਦਾ ਕੁਝ ਟਾਇਮ ਅੱਗੇ ਪਿੱਛੇ ਹੋ ਗਿਆ। ਲੇਟ ਹੀ ਹੋ ਗਏ ਥੋੜ੍ਹੇ ਜਿਹੇ। ਯਾਨੀ ਅੱਧੇ ਕੁ ਘੰਟੇ ਦੀ ਲੇਟ ਨੂੰ ਥੋੜੇ ਜਿਹੇ ਲੇਟ ਇਸੇ ਕਰਕੇ ਕਹਿ ਰਿਹਾ ਸੀ ਕਿ ਕਸੂਰ ਉਸ ਦਾ ਨਹੀਂ ਬਲਕਿ ਘੜੀ ਦਾ ਸੀ ਪ੍ਰੰਤੂ ਅਜਿਹਾ ਕਰਨ ਵਿੱਚ ਉਹ ਇੱਕ ਟਪਲਾ ਖਾ ਗਿਆ ਕਿ ਜਿਸ ਨਹਿਰ ਦਾ ਪਾਣੀ ਉਸ ਦੇ ਖੇਤਾਂ ਨੂੰ ਲੱਗਦਾ ਸੀ ਉਹ ਨਹਿਰ ਹਫਤੇ ਭਰ ਤੋਂ ਬੰਦ ਪਈ ਸੀ ਤੇ ਸਕੂਲ ਵੀ ਉਸੇ ਨਹਿਰ ਦੇ ਕਿਨਾਰੇ ਉੱਤੇ ਸੀ।

ਇੱਕ ਮੂੰਹ ਫਟ ਅਧਿਆਪਕ ਤੋਂ ਰਿਹਾ ਨਾ ਗਿਆ। ਉਹ ਬੋਲਿਆ ਆਪਣੀ ਨਹਿਰ ਨੂੰ ਬੰਦ ਪਈ ਨੂੰ ਤਾਂ ਦੱਸ ਦਿਨ ਹੋ ਗਏ। ਬਈ ਜੀ ਦੇ ਖੇਤਾਂ ਨੂੰ ‘ਮਾਨ ਸਾਹਿਬ’ ਵਾਲੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਤਾਂ ਭਾਵੇਂ ਆ ਗਿਆ ਹੋਵੇ ਰਾਤੇ ਰਾਤ। ਭਾਅ ਜੀ ਵਿਚਾਰਾ ਹੇਠਲੇ ਦੰਦੀ ਨਾ ਉਤਲੇ ਦੰਦੀ।

ਇੱਕ ਭਾਈ ਸਾਹਿਬ ਨੂੰ ਅਮੂਮਨ ਹੀ ਲੇਟ ਆਉਣ ਦੀ ਆਦਤ ਸੀ। ਉਸ ਨੇ ਹਰ ਰੋਜ ਕੋਈ ਨਾ ਕੋਈ ਨਵਾਂ ਬਹਾਨਾ ਘੜ ਲੈਣਾ। ਕਦੀ ਸਾਇਕਲ ਪੈਂਚਰ ਹੋ ਗਿਆ। ਕਦੀ ਤੁਰਨ ਲੱਗੇ ਮਹਿਮਾਨ ਆ ਗਿਆ। ਕਈਂ ਆਂਢ ਗੁਆਂਢ ਵਿੱਚ ਕੋਈ ਝਗੜਾ ਹੋ ਗਿਆ। ਕਦੇ ਗੁਆਂਢੀਆਂ ਦੇ ਮੁੰਡੇ ਨੇ ਦਵਾਈ ਪੀ ਲਈ। ਕਦੀ ਕੋਈ ਸਜਵਿਆਹੀ ਨੂੰ ਤੇਲ ਪਾ ਕੇ ਸਾੜ ਦਿੱਤਾ। ਗੱਲ ਵੀ ਕੋਈ ਵੱਡੀ ਨਹੀਂ ਅਜਿਹੇ ਕਾਰਨ ਹੋ ਵੀ ਸਕਦੇ ਹਨ ਅਤੇ ਹੁੰਦੇ ਵੀ

ਸੁੱਧ ਵੈਸ਼ਨੂੰ ਢਾਬਾ/110