ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾਸਤਾਨੇ-ਦਾਰੂ ਬਨਾਮ ਸਾਰੇ ਤਜ਼ਰਬੇ ਫੇਲ੍ਹ

ਦਾਅਰੁ ... ਨਾਂਹ ਨਾਂਹ ਨਾ, ਬਿਲਕੁਲ ਨਹੀਂ। ਦਾਰੂ ਵਾਲੇ ਦੇ ਤਾਂ ਬਾਈ ਅਸੀਂ ਕੋਲ ਦੀ ਵੀ ਨਹੀਂ ਲੰਘਦੇ। ਸਾਡਾ ਪਰਿਵਾਰਿਕ ਪਿਛੋਕੜ ਤਾਂ ਲੱਗਭੱਗ ਇਸੇ ਧਾਰਨਾ ਦਾ ਹੀ ਧਾਰਨੀ ਸੀ। ਸਾਡੇ ਤੱਪੜ ਦਾਦੇ ਭਾਵ ਗਰੇਟ ਗਰੈਂਡ ਫਾਦਰ ਬਾਰੇ ਤਾਂ ਇਹੀ ਕਿਹਾ ਜਾਂਦਾ ਹੈ ਕਿ ਉਹ ਸਾਧੂ ਸੰਤਾਂ ਦੀ ਸੰਗਤ ਕਰਿਆ ਕਰਦੇ ਸਨ ਅਤੇ ਆਮ ਤੌਰ 'ਤੇ ਡੇਰਿਆਂ ਵਿੱਚ ਹੀ ਰਿਹਾ ਕਰਦੇ ਸਨ। ਉਹਨਾਂ ਦਿਨਾਂ ਵਿੱਚ ਡੇਰਿਆਂ ਵਿੱਚ ਸਾਧ ਸੰਤ ਆਮ ਹੀ ਚਿਲਮਾਂ ਚੁੱਕੀਆਂ ਦਾ ਸੇਵਨ ਕਰਿਆ ਕਰਦੇ ਸਨ, ਜਿਸ ਕਰਕੇ ਤੱਪੜ ਦਾਦਾ ਸਾਹਿਬ ਵੀ ਇਸ ਆਦਤ ਦੇ ਸ਼ਿਕਾਰ ਹੋ ਗਏ। ਅਸਲ ਵਿੱਚ ਅਜਿਹਾ ਕਰਨਾ ਉਸ ਸਮੇਂ ਦੇ ਧਾਰਮਿਕ ਜੀਵਨ ਦਾ ਅੰਸ਼ ਹੀ ਸੀ।

ਜਿਵੇਂ ਜਿਵੇਂ ਉਹ ਗਿਆਨ ਦੀਆਂ ਪੌੜੀਆਂ ਚੜ੍ਹਦੇ ਗਏ ਉਹਨਾਂ ਨੂੰ ਮਹਿਸੂਸ ਹੋਇਆ ਕਿ ਤੰਮਾਕੂ ਦਾ ਸੇਵਨ ਠੀਕ ਨਹੀਂ। ਇਸ ਤੋਂ ਕੁਝ ਦੂਰੀ ਬਣਾਈ ਜਾਵੇ। ਤਾਂ ਉਹਨਾਂ ਨੇ ਚਿਲਮ, ਹੁੱਕੀ ਪੀਣੀ ਤਿਆਗ ਦਿੱਤੀ ਅਤੇ ਹੁੱਕੇ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਚਿਲਮ ਜਾਂ ਹੱਕੀ ਤਾਂ ਮੂੰਹ ਲਾ ਕੇ ਪੀਤੀ ਜਾ ਸਕਦੀ ਸੀ ਜਦੋਂਕਿ ਹੱਕਾ ਇੱਕ ਲੰਬੀ ਨਲਕੀ ਦੇ ਪ੍ਰਯੋਗ ਦੁਆਰਾ ਥੋੜੀ ਦੂਰੀ 'ਤੇ ਬੈਠ ਕੇ ਵੀ ਪੀਤਾ ਜਾ ਸਕਦਾ ਸੀ। ਜਿਵੇਂ ਜਿਵੇਂ ਉਹਨਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਗਿਆ ਹੁੱਕੇ ਦੀ ਨਲਕੀ ਦੀ ਲੰਬਾਈ ਵੀ ਵਧਦੀ ਗਈ ਕਿਉਂਕਿ ਉਹਨਾਂ ਨੇ ਨਸ਼ੇ ਤੋਂ ਹਮੇਸ਼ਾ ਦੂਰ ਰਹਿਣ ਦਾ ਇੱਕ ਕਿਸਮ ਦਾ ਪ੍ਰਣ ਹੀ ਕਰ ਲਿਆ ਸੀ ਅਤੇ ਜਦੋਂ ਉਹ ਗਿਆਨ ਦੀ ਸਿਖਰਲੀ ਪੌੜੀ 'ਤੇ ਜਾ ਚੜੇ ਤਾਂ ਉਹਨਾਂ ਨੇ ਦੋ ਕਮਰਿਆਂ ਦੇ ਵਿਚਕਾਰਲੀ ਕੰਧ ਵਿੱਚ ਸੁਰਾਖ ਕਰ ਲਿਆ। ਹੁਣ ਸਥਿਤੀ ਇਹ ਹੋ ਗਈ ਕਿ ਹੁੱਕਾ ਜੀ ਮਹਾਰਾਜ ਨਾਲ ਦੇ ਕਮਰੇ ਵਿੱਚ ਅਤੇ ਸਾਡੇ ਗਰੈਂਡ ਫੋਰ ਫਾਦਰ ਦੂਸਰੇ ਕਮਰੇ ਵਿੱਚ ਬੈਠ ਕੇ ਨਲਕੀ ਰਾਹੀਂ ਉਸਦਾ ਪ੍ਰਯੋਗ ਕਰਦੇ।ਉਹ ਹੁਣ ਇੰਝ ਵੀ ਕਹਿੰਦੇ ਕਿ ਜਿਸ ਕਮਰੇ ਵਿੱਚ ਹੁੱਕਾ ਹੋਵੇਗਾ ਆਪਾਂ ਤਾਂ ਉਸ ਵਿੱਚ ਪੈਰ ਤੱਕ ਵੀ ਨਹੀਂ ਪਾਉਣਾ। ਜਿਵੇਂ ਜਿਵੇਂ ਉਹ ਹੁੱਕੇ ਦਾ ਸੇਵਨ ਕਰਦੇ ਨਾਲ ਦੀ ਨਾਲ ਤੁਲਸੀ ਜੀ ਦਾ ਇਹ ਸ਼ਲੋਕ ਵੀ ਉਚਾਰਨ ਕਰਦੇ ਰਹਿੰਦੇ, ‘ਪ੍ਰਾਣ ਜਾਈ ਪਰ ਵਚਨ ਨਾ ਜਾਈ’।

ਲਉ ਜੀ ਇਹ ਤਾਂ ਸੀ ਸਾਡੇ ਗੌਰਵਮਈ ਪਿਛੋਕੜ ਦੀ ਇੱਕ ਝਲਕ। ਫਿਰ ਅਸੀਂ ਕਿਵੇਂ ਨਸ਼ੇ ਦੇ ਨੇੜੇ ਜਾ ਸਕਦੇ ਸੀ? ਪਰਿਵਾਰ ਦਾ ਰੁਝਾਨ ਹੌਲੀ ਹੌਲੀ ਸਿੱਖੀ ਸੇਵਕੀ ਵੱਲ ਹੋ ਗਿਆ। ਸੋ ਚਿਲਮ/ਹੁੱਕੇ ਦਾ ਤਾਂ ਸਮਝ ਲਉ ਵਰਕਾ ਹੀ ਪਾਟ ਗਿਆ। ਧਾਰਮਿਕ ਪੱਖੋਂ ਪਰਿਵਾਰ ਨੇ ਐਨੀ ਤੇਜੀ ਨਾਲ ਤਰੱਕੀ ਕਰ ਲਈ ਸੀ ਸਾਡੇ ਬਜ਼ੁਰਗ ਜਾਣੀ ਫਾਦਰ ਸਾਹਿਬ ਨੇ ਸਾਰੀ ਉਮਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਕੇ ਹੀ ਲੰਘਾਈ। ਅਜਿਹੇ

ਸੁੱਧ ਵੈਸ਼ਨੂੰ ਢਾਬਾ/117