ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੱਝ ਸੱਜਣ ਇੱਕ ਵਿਅੰਗ ਲੇਖਕ ਨੂੰ ਹਾਸੇ-ਮਜ਼ਾਕ ਦਾ ਇੱਕ ਹਲਕਾ ਜਿਹਾ ਪਾਤਰ ਹੀ ਸਮਝਦੇ ਹਨ। ਇਸ ਦਾ ਇੱਕ ਕਾਰਣ ਇਹ ਵੀ ਹੈ ਕਿ ਜੇਕਰ ਅਸੀਂ ਪਾਠਕਾਂ ਅੱਗੇ ਗੈਰ-ਮਿਆਰੀ ਪੇਤਲੀਆਂ ਅਤੇ ਖਾਨਾਪੂਰਤੀ ਵਰਗੀਆਂ ਹਾਸੋ-ਹੀਣੀਆਂ ਜਿਹੀਆਂ ਵਿਅੰਗ ਰਚਨਾਵਾਂ ਪਰੋਸਾਂਗੇ ਤਾਂ ਉਸ ਦਾ ਅਜਿਹਾ ਹੀ ਪ੍ਰਤੀਕ੍ਰਮ ਹੋਣਾ ਸੁਭਾਵਕ ਹੀ ਹੈ। ਇੱਕ ਵਿਅੰਗ ਲੇਖਕ ਨੂੰ ਹਮੇਸ਼ਾ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਲੋਕਾਂ ਨੂੰ ਹਸਾਉਂਦਾ ਹਸਾਉਂਦਾ ਕਿਤੇ ਖੁਦ ਹੀ ਉਹ ਹਾਸੇ-ਮਜ਼ਾਕ ਦਾ ਪਾਤਰ ਨਾ ਬਣ ਜਾਵੇ।

ਅਸਲੀ ਵਿਅੰਗ ਉਹ ਹੈ ਕਿ ਜਿਸ ਪਾਤਰ ’ਤੇ ਕੋਈ ਵਿਅੰਗ ਕਸਿਆ ਗਿਆ ਹੋਵੇ, ਉਹ ਤੁਰੰਤ ਇਹ ਫੈਸਲਾ ਨਾ ਕਰ ਸਕੇ ਕਿ ਇਸ ’ਤੇ ਹੱਸਿਆ ਜਾਵੇ ਜਾਂ ਰੋਇਆ ਜਾਵੇ। ਵਿਅੰਗਕਾਰ ਪ੍ਰਤੀ ਉਸ ਦਾ ਇਸ ਪ੍ਰਕਾਰ ਦਾ ਪ੍ਰਤੀਕਮ ਹੋਣਾ ਚਾਹੀਦਾ ਹੈ। ਉਹ ਅਜਿਹਾ ਤਾਂ ਸਮਝੇ ਕਿ ਉਸ ਦੇ ਵੱਜਿਆ ਤਾਂ ਹੈ, ਪਰ ਕਿੱਧਰੋਂ, ਕਦੋਂ ਅਤੇ ਕਿੱਥੇ ਵੱਜਿਆ, ਇਹ ਗੱਲ ਉਸ ਲਈ ਦੇਰ ਤੱਕ ਇੱਕ ਬੁਝਾਰਤ ਹੀ ਬਣੀ ਰਹੇ। ਪਰ ਕਿਉਂ ਵੱਜਿਆ ਹੈ ਇਹ ਗੱਲ ਉਸ ਨੂੰ ਸਪਸ਼ਟ ਹੋ ਜਾਣੀ ਚਾਹੀਦੀ ਹੈ। ਜੋ ਵਿਅੰਗ ‘ਕਿਉਂ’ ਦਾ ਅਰਥ ਸਪਸ਼ਟ ਨਾ ਕਰਾ ਸਕੇ, ਉਸ ਨੂੰ ਇੱਕ ਅਸਫਲ ਵਿਅੰਗ ਹੀ ਸਮਝਿਆ ਜਾਵੇਗਾ। ਪਾਤਰ ਨੂੰ ਇਹ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਉਸ ਉਪਰ ਕਸਿਆ ਗਿਆ ਵਿਅੰਗ ਉਸ ਦੀ ਕਿਸੇ ਗਲਤੀ, ਕਮਜੋਰੀ ਜਾਂ ਕਿਸੇ ਖੁਨਾਮੀ ਕਾਰਨ ਹੀ ਕਸਿਆ ਗਿਆ ਹੈ।

ਪੁਰਾਤਨ ਵਿਅੰਗਕਾਰਾਂ ਸੁਥਰਾ, ਸ਼ਹੀਦ ਅਤੇ ਦਾਤਾ ਤੋਂ ਉੱਤਰ ਕੇ ਮੈਂ ਅਜੋਕੇ ਪੰਜਾਬੀ ਵਿਅੰਗ (ਵਾਰਤਕ) (ਕਾਵਿ ਵਿਅੰਗ ਮੇਰੇ ਹਿਸਾਬ ਨਾਲ ਵਾਰਤਕ ਵਿਅੰਗ ਤੋਂ ਇੱਕ ਬਿਲਕੁਲ ਹੀ ਵੱਖਰੀ ਵਿਧਾ ਹੈ) ਦਾ ਮੋਢੀ ਸ. ਗੁਰਨਾਮ ਸਿੰਘ ਤੀਰ ਜੀ ਨੂੰ ਮੰਨਦਾ ਹਾਂ। ਇਹ ਸ਼ਾਇਦ ਇਸ ਲਈ ਵੀ ਕਿ ਮੈਨੂੰ ਵਿਅੰਗ ਲਿਖਣ ਦੀ ਚੇਟਕ ਸ਼ਾਇਦ ਕਿਤੇ ਉਹਨਾਂ ਦੇ ਕਾਲਮ ‘ਚਾਚਾ ਚੰਡੀਗੜੀਆ’ ਤੋਂ ਹੀ ਲੱਗੀ ਹੈ। ਕਿਤੇ, ਕਦੋਂ ਅਤੇ ਕਿਉਂ ਦਾ ਉੱਤਰ ਹੁਣ ਮੇਰੀ ਯਾਦਾਸ਼ਤ ਦੇ ਖਾਨੇ ਵਿੱਚੋਂ ਕਿਧਰੇ ਗੁੰਮ ਹੋ ਚੁੱਕਾ ਹੈ। ਅੱਜ ਦੇ ਪੰਜਾਬੀ ਵਿਅੰਗ (ਵਾਰਤਕ) ਦਾ ਗੁਣਾ ਸ਼ਾਇਦ ਹੁਣ ਮੋਗੇ ਵਾਲੇ ਸ੍ਰੀ ਕੇ ਐਲ ਗਰਗ ਉੱਤੇ ਆ ਕੇ ਰੁਕ ਗਿਆ ਲੱਗਦਾ ਹੈ। ਜਾਂ ਇਉਂ ਵੀ ਆਖਿਆ ਜਾ ਸਕਦਾ ਹੈ ਕਿ ਗਰਗ ਸਾਹਿਬ ਇਸ ਖੇਤਰ ਵਿੱਚ ਕਿਸੇ ਨੂੰ ਅੱਗੇ ਲੰਘਣ ਹੀ ਨਹੀਂ ਦਿੰਦੇ ਜਾਂ ਕੋਈ ਵਿਅੰਗ ਲੇਖਕ ਉਹਨਾਂ ਨੂੰ ਸਰਪਾਸ ਕਰਨ ਦੀ ਜੁਅੱਰਤ ਹੀ ਨਹੀਂ ਕਰ ਪਾ ਰਿਹਾ ਹੈ। ਹੋਵੇ ਵੀ ਕਿਉਂ ਨਾ, ਉਹ ਫਿਰ ਵੀ ਪਿੰਸੀਪਲ ਘਨੱਈਆ ਲਾਲ ਕਪੂਰ ਹੋਰਾਂ ਨਾਲ ਮਿਲੇ ਵਿਚਰੇ ਅਤੇ ਹੰਢੇ ਵਰਤੇ ਹਨ, ਜਿਹਨਾਂ ਦਾ ਸਾਹਿਤਕ ਪ੍ਰਭਾਵ ਅਤੇ ਅਸ਼ੀਰਵਾਦ ਦਾ ਅਸਰ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਅਕਸਰ ਹੀ ਦੇਖਿਆ ਜਾ ਸਕਦਾ ਹੈ। ਦੋਵਾਂ ਸਖਸ਼ੀਅਤਾਂ ਵਿੱਚ ਇੱਕ ਵੱਡੀ ਸਾਂਝ ਇਹ ਵੀ ਹੈ ਕਿ ਦੋਵੇਂ ਦੇ ਨਾਵਾਂ ਅੱਗੇ ਕੇ ਐਲ. ਸ਼ਸੋਭਿਤ ਹੈ। ਇੱਕ ਦੋ

ਸੁੱਧ ਵੈਸ਼ਨੂੰ ਢਾਬਾ/12