ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰੇ ਗਏ ਜਦੋਂ ਕਿ ਮੀਤੇ ਅਤੇ ਗੰਦੇ ਵਰਗੇ ਤਾਂ ਪਹਿਲਾਂ ਹੀ ਝੜ ਚੁੱਕੇ ਸਨ।

ਚਲੋ ਜੀ ਕਾਲਜਾਂ ਵਿੱਚ ਵੜ ਗਏ, ਪਰ ਪੜਾਈ ਪੱਖੋਂ ਕੁਝ ਲੀਹੋਂ ਲੱਥ ਚੁੱਕੇ ਸਾਂ ਕਦੇ ਕੰਪਾਰਟਮੈਂਟ, ਕਦੇ ਰੀਅਪੀਅਰ ਲੈਂਦੇ ਦਿੰਦੇ ਜੀ ਅਸੀਂ ਬੀ.ਏ. ਕਰਕੇ ਬੀ.ਐੱਡ ਦੀ ਡਿਗਰੀ ਦੇ ਧਾਰਨੀ ਹੋ ਗਏ। ਵਿੱਚੋਂ ਵਿੱਚ ਕਦੀ ਕੋਈ ਫੰਕਸ਼ਨ ਆ ਗਿਆ, ਕੋਈ ਪਾਰਟੀ ਆ ਗਈ, ਕੋਈ ਵਿਆਹ ਸ਼ਾਦੀ ਆ ਗਈ, ਕਦੀ ਸਾਥੀਆਂ ਦਾ ਮੂਡ ਬਣ ਗਿਆ, ਦਾਰੁ ਨਾਲ ਵਾਹ ਸਾਡਾ ਗਾਹੇ ਬਗਾਹੇ ਪੈਂਦਾ ਹੀ ਰਿਹਾ। ਸਬਜੈਕਟ ਸਾਡਾ ਮੈਥ ਜਾਨੀ ਹਿਸਾਬ ਮੈੱਟ ਸਬਜੈਕਟ ਸੀ ਅਤੇ ਜਲਦੀ ਹੀ ਬਤੌਰ ਅਧਿਆਪਕ ਸੇਵਾ ਕਰਨ ਦਾ ਮੌਕਾ ਮਿਲ ਗਿਆ। ਤਨਖਾਹ ਲੈਣ ਲੱਗ ਪਏ, ਜਾਣੀ ਖੁਦਮੁਖਤਿਆਰ ਹੋ ਗਏ। ਹੁਣ ਦਾਰੂ ਦਾ ਸ਼ੌਕ ਬਲਕਿ ਟੌਹਰ ਨਾਲ ਫਰਮਾਉਣ ਲੱਗ ਪਏ। ਮਾਤਾ ਜੀ ਹਰ ਵਾਰ ਆਖਿਆ ਕਰਨ "ਮੈਂ ਪਹਿਲੀ ਤਨਖਾਹ ਬਾਬਿਆਂ ਦੀ ਸੁੱਖੀ ਸੀ। ਸੁੱਖ ਪੂਰੀ ਕਰਨੀ ਚਾਹੁੰਦਾ ਤਾਂ ਮੈਂ ਵੀ ਸੀ ਪ੍ਰੰਤੂ ਫਿਰ ਵੀ ਛੇ ਕੁ ਮਹੀਨੇ ਬਾਅਦ ਹੀ ਪਹਿਲੀ ਤਨਖਾਹ ਦੀ ਵਾਰੀ ਆਈ ਉਹ ਵੀ ਅੱਧੀ ਨੂੰ ਪੂਰੀ ਕਹਿ ਕੇ ਸਾਰਨਾ ਪਿਆ। ਤਨਖਾਹ ਏਨੀ ਕੁ ਹੀ ਹੈ, ਐਤਕੀਂ ਥੋੜ੍ਹੀ ਮਿਲੀ ਹੈ, ਮਨਜੂਰੀ ਨਹੀਂ ਆਈ, ਐਤਕੀਂ ਕੱਟ ਲੱਗ ਗਿਆ ਕਹਿ ਕੇ ਹਰ ਵਾਰੀ ਘਰਦਿਆਂ ਤੋਂ ਲੁਕੋ ਰੱਖਣ ਦੀ ਬਥੇਰੀ ਕੋਸ਼ਿਸ਼ ਕੀਤੀ ਤੁ ਗੁਆਂਢ ਤੋਂ ਥੋੜਾ ਹਟਵਾਂ ਇੱਕ ਫੁਕਰਾ ਜਿਹਾ ਮੁੰਡਾ ਸਾਥੋਂ ਦੋ ਕੁ ਸਾਲ ਪਹਿਲਾਂ ਦਾ ਮਾਸਟਰ ਲੱਗਾ ਸੀ ਉਹ ਸਭ ਕੁਝ ਸਾਡੇ ਘਰਦਿਆਂ ਨੂੰ ਸਾਫ ਸਾਫ ਦੱਸ ਦਿਆ ਕਰੇ। ਸੋ ਤਨਖਾਹ ਦਾ ਘਰਦਿਆਂ ਤੋਂ ਛੁਪਾ ਕੇ ਰੱਖਣ ਵਾਲਾ ਸਾਡਾ ਇਹ ਤਜ਼ਰਬਾ ਵੀ ਫੇਲ੍ਹ ਹੋ ਗਿਆ। ਕੰਪਾਰਟਮੈਂਟਾਂ, ਰੀਅਪੀਅਰਾਂ ਕਰਕੇ ਦੋ ਕੁ ਸਾਲ ਪਹਿਲਾਂ ਹੀ ਅਸੀਂ ਲੇਟ ਹੋ ਚੁੱਕੇ ਸਾਂ। ਹੁਣ ਨੌਕਰੀ ਲੱਗ ਗਈ ਸੀ ਸੋ ਰਿਸ਼ਤੇ ਵਾਲਿਆਂ ਨੇ ਬੰਨ੍ਹ ਲਿਆ ਗੇੜਾ। ਨੌਕਰੀ ਵਾਲੇ ਮੁੰਡੇ ਮਿਲਦੇ ਆ ਕਿਤੇ? ਕਿੱਸਾ ਮੁਖਤਸਰ, ਸਾਡੀ ਜੀ ਸ਼ਾਦੀ ਹੋ ਗਈ।

ਜੱਗ ਦੀ ਅਤੇ ਆਪਣੀ ਆਸ ਦੇ ਬਿਲਕੁਲ ਉਲਟ ਸਾਨੂੰ ਜ਼ਿੰਦਗੀ ਵਿੱਚ ਪਹਿਲਾਂ ਪਲੱਸ ਪੁਆਇੰਟ ਹਾਸਿਲ ਹੋਇਆ। ਹੋਇਆ ਇੰਝ ਕਿ ਸ੍ਰੀਮਤੀ ਜੀ ਦੇ ਮਾਪੇ ਜਾਣੀ ਸਾਡੇ ਸਹੁਰੇ ਇੱਕ ਘੈਂਟ ਪਰਿਵਾਰ ਕਹਾਉਂਦੇ ਸਨ ਅਤੇ ਘਰ ਦੀ ਦਾਰੂ ਆਪ ਹੀ ਤਿਆਰ ਕਰ ਲੈਂਦੇ, ਆਪ ਵੀ ਛਕਦੇ ਅਤੇ ਖੁੱਲ੍ਹੀ ਡੁੱਲੀ ਯਾਰਾਂ ਦੋਸਤਾਂ, ਮੁਲਾਜ਼ਮਾਂ ਆਦਿ ਨੂੰ ਵੀ ਵਰਤਾਉਂਦੇ। ਅਸੀਂ ਤਾਂ ਫੇਰ ਜਵਾਈ ਭਾਈ ਭਾਵ ਪਾਹੁਣੇ ਹੋਏ ਸਾਡੇ ਵਾਸਤੇ ਤਾਂ ਹਰ ਸਮੇਂ ਸਪੈਸ਼ਲ ਡ ਤਿਆਰ ਰਹਿੰਦਾ ਸੀ। ਸਭ ਤੋਂ ਵੱਡਾ ਫਾਇਦਾ ਸਾਨੂੰ ਇਸ ਗੱਲ ਦਾ ਹੋਇਆ ਕਿ ਬਚਪਨ ਤੋਂ ਹੀ ਸ਼੍ਰੀਮਤੀ ਜੀ ਅਜਿਹੇ ਮਾਹੌਲ ਵਿੱਚ ਪਲੇ ਹੋਣ ਕਰਕੇ ਆਮ ਜਨਾਨੀਆਂ ਵਾਂਗ ਸ਼ਰਾਬ ਨੂੰ ਨਫ਼ਰਤ ‘ਨਹੀਂ’ ਸਨ ਕਰਦੇ। ਉਂਝ ਟੋਕ ਟਕਾਈ ਤਾਂ ਭਾਵੇਂ ਚੱਲਦੀ ਰਹਿੰਦੀ ਸੀ। ਹਾਂ ਮੈਡਮ ਜੀ ਦਾ ਇਹ ਵਿਚਾਰ ਜ਼ਰੂਰ ਸੀ ਕਿ ਸ਼ਰਾਬ ’ਤੇ ਪੈਸੇ ਨਾ ਲਾਏ ਜਾਣ ਕੋਈ ਖਰਚਾ ਨਹੀਂ ਹੋਣਾ ਚਾਹੀਦਾ ਅਤੇ

ਸੁੱਧ ਵੈਸ਼ਨੂੰ ਢਾਬਾ/120