ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਪੂਰ ਸਵਾਗਤ ਕੀਤਾ। ਖੁਸ਼ੀ ਇਸ ਗੱਲ ਦੀ ਹੋਰ ਵੀ ਵਧੇਰੇ ਹੋਈ ਜਾਵੇ ਕਿ ਇਹ ਫਾਰਮੁਲਾ ਹੁਣ ਵੀਰਵਾਰ ’ਤੇ ਵੀ ਇਵੇਂ ਹੀ ਇੰਨ ਬਿੰਨ ਲਾਗੂ ਕੀਤਾ ਜਾ ਸਕੇਗਾ। ਆਖਿਰ ਮੈਥ ਮਾਸਟਰ ਹਾਂ ਫਾਰਮੂਲਿਆਂ ਨਾਲ ਹੀ ਵਾਹ ਰਿਹਾ ਹੈ ਸਾਰੀ ਉਮਰ। ਚਲੋ ਜੀ ਗੱਡੀ ਰਿੜ ਪਈ। ਦੋ ਮੰਗਲਵਾਰ ਤੇ ਇੱਕ ਵੀਰਵਾਰ ਸੁਖੀ ਸਾਂਦੀ ਲੰਘ ਗਏ ਵੀਰਵਾਰ ਫਿਰ ਆ ਗਿਆ| ਅਸੀਂ ਰੁਟੀਨ ਮੁਤਾਬਕ ਵੀਰਵਾਰ ਨੂੰ ਬਾਰਾਂ ਵੱਜ ਕੇ ਇੱਕ ਮਿੰਟ ’ਤੇ ਇੱਕ ਲੰਡੂ ਪੌਂਗ ਰਾਹੀਂ ਆਉਣ ਵਾਲੇ ਸ਼ੁੱਕਰਵਾਰ ਦਾ ਸਵਾਗਤ ਕਰ ਚੁੱਕੇ ਸਾਂ ਅਤੇ ਸਵਾ ਬਾਰ੍ਹਾਂ ਜਾਨੀ ਬਾਰਾਂ ਪੰਦਰਾਂ 'ਤੇ ਇੱਕ ਹੋਰ ਪੈੱਗ ਗਲਾਸ ਵਿੱਚ ਪਾ ਕੇ ਰੱਖਿਆ ਹੋਇਆ ਸੀ ਅਤੇ ਗਗਨ ਮੰਡਲ ਵਿੱਚ ਖ਼ਿਆਲਾਂ ਦੀਆਂ ਉਡਾਰੀਆਂ ਲਾ ਰਹੇ ਸਾਂ। ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਮੈਡਮ ਸਾਹਿਬਾ ਸਾਹਮਣੇ ਖੜ੍ਹੇ ਸਨ।

ਹੋਇਆ ਇੰਝ ਕਿ ਮੈਡਮ ਵਾਲੇ ਕਮਰੇ ਵਿੱਚ ਇੱਕ ਬੱਚੇ ਦੇ ਪੇਟ ਦਰਦ ਹੋਣ ਲੱਗ ਗਿਆ ਜੋ ਪਹਿਲਾਂ ਵੀ ਕਦੇ ਕਦੇ ਹੋ ਜਾਇਆ ਕਰਦਾ ਸੀ ਅਤੇ ਉਸਦੀ ਦਵਾਈ ਵਾਲੀ ਸ਼ੀਸ਼ੀ ਮੇਰੇ ਕਮਰੇ ਵਿੱਚ ਸੀ। ਇਹ ਇੱਕ ਹਸੀਨ ਮੌਕਾ ਮੇਲ ਹੀ ਆਖਿਆ ਜਾ ਸਕਦਾ ਹੈ। "ਤੂੰ ਤਾਂ ਕਹਿੰਦਾ ਸੀ ਵੀਰਵਾਰ ਵਾਲੇ ਦਿਨ ਨਹੀਂ ਪੀਆ ਕਰਨੀ, ਹੁਣ ਫੇਰ ਲੱਗਾ ਪਿਐਂ।" ਮੈਡਮ ਕਹਿ ਰਹੀ ਸੀ।"ਉਹ ਭੋਲੀਏ ਘੁੱਗੀ ਕੀ ਜਾਣੇ ਸਤਿਗੁਰ ਦੀਆਂ ਬਾਤਾਂ। ਹੁਣ ਕਿਤੇ ਵੀਰਵਾਰ ਆ। ਬਾਰਾਂ ਵਜੇ ਤੋਂ ਬਾਅਦ ਤਾਂ ਸ਼ੁੱਕਰਵਾਰ ਆ ਗਿਆ ਹੈ। ਟਾਈਮ ਵੇਖ ਸਾਢੇ ਬਾਰ੍ਹਾਂ ਵੱਜਣ ਵਾਲੇ ਹਨ।

"ਦੁਰ ਫਿਟੇ ਮੂੰਹ" ਕਹਿੰਦੀ ਹੋਈ ਮੈਡਮ ਨੇ ਜਿਹੜਾ ਉਸ ਵੇਲੇ ਐਕਸ਼ਨ ਕੀਤਾ। ਉਹਦਾ ਵਰਨਣ ਸ਼ਬਦਾਂ ਵਿੱਚ ਤਾਂ ਹੋ ਨਹੀਂ ਸਕਦਾ। ਨਾ ਹੀ ਕੋਈ ਬਾਲੀਵੁੱਡ ਦੀ ਅਦਾਕਾਰਾ ਅਜਿਹੀ ਟਵਿਸਟਿੰਗ ਕਰ ਸਕੇ।ਨਾ ਹੀ ਉਸ ਸਮੇਂ ਮੇਰੀ ਸਥਿਤੀ ਦਾ ਕੋਈ ਲੇਖਾ ਜੋਖਾ ਕੀਤਾ ਜਾ ਸਕਦਾ ਸੀ। "ਨਾ ਤੂੰ ਚਲਿੱਤਰ ਜੇ ਕਾਹਤੋਂ ਕਰਦਾ ਹੁੰਨਾ ਐ। ਕਿਤੇ ਕਹਿ ਦੂ ਹੁਣ ਦਾਰੂ ਨੀ ਪੀਣੀ ਬੀਅਰ ਹੀ ਪੀਆ ਕਰਨੀ ਹੈ। ਕਿਤੇ ਕਹਿ ਦੁ ਲਗਾਤਾਰ ਦੋ ਦਿਨ ਨਹੀਂ ਪੀਣੀ। ਕਿਤੇ ਕਹਿ ਦੁ ਮੰਗਲਵਾਰ ਤੇ ਵੀਰਵਾਰ ਨੀ ਪੀਣੀ। ਏਹੋ ਜਿਹਾ ਚੰਦ ਹੀ ਤੂੰ ਮੰਗਲਵਾਰ ਨੂੰ ਚੜਾਉਂਦਾ ਹੋਵੇਗਾ।"

ਅਸੀਂ ਜੀ ਹੇਠਲੇ ਦੰਦਾਂ ਨਾ ਉਤਲੇ ਦੰਦਾਂ। ਤਜ਼ਰਬਾ ਇਹ ਵੀ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਸੀ।

ਫਿਰ ਇੱਕ ਹੋਰ ਸਿਆਣੇ ਪੁਰਖ ਦੀ ਨਸੀਹਤ ਯਾਦ ਆਈ, ਦਾਰੁ ਹੌਲੀ ਹੌਲੀ ਛੱਡੀ ਜਾਂਦੀ ਹੁੰਦੀ ਐ, ਪਹਿਲਾਂ ਚਾਰ ਪੈੱਗ ਫੇਰ ਤਿੰਨ ਪੈੱਗ ਫੇਰ ਦੋ ਪੈੱਗ ਅਤੇ ਹੌਲੀ ਹੌਲੀ ਬੰਦਾ ਇੱਕ ਪੌਂਗ ਰੋਜ਼ਾਨਾ ’ਤੇ ਆ ਜਾਂਦਾ ਹੈ ਅਤੇ ਹੌਲੀ ਹੌਲੀ ਉਹ ਵੀ ਛੁੱਟ ਜਾਂਦਾ ਹੈ। ਅਸੀਂ ਟਰਾਈ ਸ਼ੁਰੂ ਕਰ ਦਿੱਤੀ। ਚਲੋ ਦੋ ਪੈੱਗ ਰੋਜ਼ਾਨਾ ਤੋਂ ਸ਼ੁਰੂ ਕਰਦੇ ਹਾਂ। ਦੋ ਪੈੱਗ ਰੋਜ਼ਾਨਾ ਨਾਲ ਬਹੁਤ ਵਧੀਆ ਸਰੀ

ਸੁੱਧ ਵੈਸ਼ਨੂੰ ਢਾਬਾ/125