ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦਾ ਸੀ ਕਿਉਂਕਿ ਪੈੱਗਾਂ ਦੀ ਗਿਣਤੀ ਹੀ ਦੋ ਸੀ ਸ਼ਰਾਬ ਦੀ ਮਾਤਰਾ ਦਾ ਕੋਈ ਸਵਾਲ ਨਹੀਂ ਸੀ ਭਾਵੇਂ ਦੋ ਪੈਂਗਾਂ ਵਿੱਚ ਚਾਰ ਪੈਂਗਾਂ ਤੋਂ ਜ਼ਿਆਦਾ ਵੀ ਪੀਤੀ ਜਾਵੇ। ਅਗਲਾ ਹਫ਼ਤਾ ਇੱਕ ਪੈੱਗ ਰੋਜ਼ਾਨਾ ਦਾ ਆ ਗਿਆ। ਅਸੀਂ ਹਿਸਾਬ ਕਿਤਾਬ ਲਾਇਆ ਅਤੇ ਸੋਚਿਆ ਕਿ ਰਸੋਈ ਵਿੱਚ ਨਿੱਤ ਵਰਤੋਂ ਦੇ ਕਿਸੇ ਵੀ ਗਲਾਸ ਦੇ ਇੱਕ ਹੋਰ ਪੈੱਗ ਰੋਜ਼ਾਨਾ ਦੇ ਨਾਲ ਕੰਮ ਨਹੀਂ ਚੱਲਣਾ। ਫਿਰ ਅਸੀਂ ਪੜਛੱਤੀ ਉੱਪਰ ਪਿਆ ਬੇਬੇ ਵਾਲਾ ਖਾਨਦਾਨੀ ਗਿਲਾਸ ਲਾਹ ਲਿਆ ਅਤੇ ਉਸ ਦੇ ਇੱਕ ਪੈੱਗ ਰੋਜ਼ਾਨਾ ਦੇ ਨਾਲ ਕੰਮ ਸ਼ੁਰੂ ਕਰ ਦਿੱਤਾ। ਅਜੇ ਦੋ ਚਾਰ ਦਿਨ ਹੀ ਲੰਘੇ ਸਨ ਕਿ ਸ੍ਰੀਮਤੀ ਜੀ ਨੂੰ ਉਸ ਗਲਾਸ ਦੀ ਵਿਸ਼ੇਸ਼ ਲੋੜ ਪੈ ਗਈ। ਗਲਾਸ ਲੱਭਿਆ, ਕਿਤੋਂ ਨਾ ਮਿਲਿਆ। ਸਾਰੇ ਹੈਰਾਨ ਸਨ ਗਲਾਸ ਚੰਗਾ ਭਲਾ ਪੜਛੱਤੀ ’ਤੇ ਪਿਆ ਕਿੱਧਰ ਚਲਾ ਗਿਆ। ਉੱਧਰ ਮੈਂ ਸੋਚੀ ਜਾਵਾਂ ਬਈ ਕਈ ਸਾਲ ਹੋਗੇ ਏਸ ਗਲਾਸ ਨੂੰ ਪੜਛੱਤੀ ’ਤੇ ਪਏ ਨੂੰ। ਏਹਨੂੰ ਹੁਣ ਈ ਏਸਦੀ ਲੋੜ ਪੈਣੀ ਸੀ। ਮੁੱਕਦੀ ਗੱਲ ਜੀ ਸ੍ਰੀਮਤੀ ਜੀ ਨੇ ਉਹ ਗਲਾਸ ਸਾਡੀ ਅਲਮਾਰੀ ਵਿੱਚੋਂ ਬਰਾਮਦ ਕਰ ਲਿਆ। ਕੁਦਰਤੀ ਉਸ ਵਿੱਚ ਥੋੜੀ ਜਿਹੀ ਸ਼ਰਾਬ ਵੀ ਬਚੀ ਪਈ ਸੀ। ਸੂਝਵਾਨ ਪਾਠਕ ਆਪ ਹੀ ਸਮਝ ਗਏ ਹੋਣਗੇ ਇਸ ਤੋਂ ਅੱਗੇ ਲਿਖਣ ਦੀ ਮੈਂ ਕੋਈ ਲੋੜ ਮਹਿਸੂਸ ਨਹੀਂ ਕਰਦਾ।

ਲਓ ਜੀ ਅੰਤਮ ਤਜ਼ਰਬਾ ਵੀ ਫੇਲ੍ਹ।

ਪਿੱਛੇ ਜਿਹੇ ਕਿਸੇ ਅਨਾੜੀ ਬੰਦੇ ਨੇ ਸਾਡੀ ਐਕਟਿਵਾ ਵਿੱਚ ਪਿਛਲੇ ਪਾਸਿਓ ਮੋਟਰ ਸਾਈਕਲ ਲਿਆ ਮਾਰਿਆ। ਬੰਦਾ ਤਾਂ ਅਸੀਂ ਨਹੀਂ ਦੇਖਿਆ ਪ੍ਰੰਤੂ ਜਦੋਂ ਨੂੰ ਸਾਨੂੰ ਸੁਰਤ ਆਈ ਅਸੀਂ ਹਸਪਤਾਲ ਵਿੱਚ ਸਾਂ। ਗੋਡੇ ਅਤੇ ਗਿੱਟੇ ਦੇ ਵਿਚਕਾਰੋਂ ਦੋ ਥਾਂਵਾਂ ਤੋਂ ਲੱਤ ਟੁੱਟ ਚੁੱਕੀ ਸੀ। ਫਰੈਕਚਰ ਕੇਸ ਸੀ। ਮੋਗੇ ਗੱਲ ਨਾ ਬਣਦੀ ਦੇਖ ਕੇ ਸਾਡੇ ਫਰਜ਼ੰਦ ਨੇ ਗੱਡੀ ਲੁਧਿਆਣੇ ਨੂੰ ਸਿੱਧੀ ਕਰ ਦਿੱਤੀ ਅਤੇ ਪਹੁੰਚ ਗਏ ਅਪੋਲੋ ਹਸਪਤਾਲ। ਸਾਡੇ ਫਰਜ਼ੰਦ ਜਾਨੀ ਲੜਕੇ ਦੀ ਉੱਥੇ ਪਹਿਲਾਂ ਹੀ ਜਾਣ ਪਛਾਣ ਸੀ ਕਿਉਂਕਿ ਇਸ ਤੋਂ ਪਹਿਲਾਂ ਉਹ ਆਪਣੀ ਮੰਮਾ ਨੂੰ ਵੀ ਇੱਕ ਵਾਰ ਉੱਥੇ ਲੈ ਕੇ ਗਿਆ ਸੀ। ਉਹਨਾਂ ਸਾਡੀ ਚੰਗੀ ਆਉ ਭਗਤ ਕੀਤੀ। ਲੱਤ ਭਾਵੇਂ ਦੋ ਥਾਂਵਾਂ ਤੋਂ ਟੁੱਟੀ ਸੀ ਪ੍ਰੰਤੁ ਫਾਇਦਾ ਇਹ ਰਿਹਾ ਕਿ ਗਿੱਟੇ ਤੋਂ ਲੈ ਕੇ ਗੋਡੇ ਤੱਕ ਇੱਕੋ ਸਿੱਧੀ ਰਾਡ ਨਾਲ ਕੰਮ ਚੱਲ ਗਿਆ। ਉਹਨਾਂ ਨੇ ਪੱਟੀਆਂ ਬੰਨ੍ਹ ਕੇ ਚੌਥੇ ਕੁ ਦਿਨ ਸਾਨੂੰ ਘਰੇ ਤੋਰ ਦਿੱਤਾ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਅੱਜ ਕੱਲ ਸੀਮੈਂਟ ਵਾਲੇ ਪਲੱਸਤਰ ਦੀ ਲੋੜ ਨਹੀਂ ਸੀ ਪਈ। ਮੈਂ ਨਵੀਂ ਟੈਕਨੌਲੌਜੀ ਦਾ ਧੰਨਵਾਦ ਕਰ ਰਿਹਾ ਸਾਂ।

ਅਸੀਂ ਹੁਣ ਘਰ ਆ ਚੁੱਕੇ ਸਾਂ ਕਿਉਂਕਿ ਸਾਡੀ ਪਿੰਡ ਵਿੱਚ ਬਹੁਤ ਬਣੀ ਹੋਈ ਸੀ। ਅਸੀਂ ਕਿਸੇ ਨਾਲ ਗੁਆਈ ਨਹੀਂ ਸੀ। ਇਸ ਲਈ ਪਤਾ ਲੈਣ ਵਾਲਿਆਂ ਦਾ ਤਾਂਤਾ ਜਿਹਾ ਲੱਗਾ ਰਹਿੰਦਾ। ਹਰ ਕੋਈ ਆਪੋ ਆਪਣੇ ਤਜ਼ਰਬੇ ਦੀ ਗੱਲ ਕਰਦਾ ਅਤੇ ਉਸ ਅਨੁਸਾਰ ਸਾਨੂੰ ਨਸੀਹਤਾਂ ਵੀ ਦੇ ਜਾਂਦਾ। ਆਹ

ਸੁੱਧ ਵੈਸ਼ਨੂੰ ਢਾਬਾ/126