ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਨਹੀਂ ਸੀ ਆ ਰਿਹਾ। ਇਹਦੀ ਕਟਾਈ ਸਿਲਾਈ ਵੀ ਲੋਕਾਂ ਦੀਆਂ ਪੈਂਟਾਂ ਨਾਲੋਂ ਦੂਣੀ। ਧੁਲਾਈ ਜਾਣੀ ਡਰਾਈਕਲੀਨ ਦਾ ਰੇਟ ਵੀ ਦੁਗਣਾ। ਹੋਰ ਤਾਂ ਹੋਰ ਇਹ ਖਰਾਬ ਮੌਸਮ ਵਿੱਚ ਧੋ ਕੇ ਤਿਆਰ ਵੀ ਨਹੀਂ ਹੋ ਸਕਦੀ ਸੀ ਭਾਵ ਧੋਤੀ ਜਾਂ ਡਰਾਈਕਲੀਨ ਨਹੀਂ ਹੋ ਸਕਦੀ ਸੀ। ਇਸ ਕਰਕੇ ਮਨ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦੀ ਤਸਲੀ ਜਿਹੀ ਬਣੀ ਰਹਿੰਦੀ। ਉਂਝ ਅੱਜ ਤੀਹ ਕੁ ਸਾਲ ਬਾਅਦ ਮੈਂ ਸੋਚ ਰਿਹਾ ਹਾਂ ਕਿ ਉਹ ਵੀ ਦਿਨ ਸਨ ਜਦੋਂ ਅਸੀਂ ਜੁਲਾਈ ਅਗਸਤ ਜਾਣੀ ਪੁਰੇ ਗਰਮੀ ਦੇ ਦਿਨਾਂ ਵਿੱਚ ਵੀ ਗਰਮ ਪੈਂਟ ਪਾਈ ਕਾਲਜ ਵਿੱਚ ਟੌਹਰ ਜਮਾਈ ਫਿਰਦੇ ਰਹੇ। ਕਾਲਜ ਦਾ ਦਰਅਸਲ ਮਾਹੌਲ ਹੀ ਕੁਝ ਪੇਂਡੂ ਜਿਹਾ ਸੀ। ਜਿਸ ਕਰਕੇ ਕਿਸੇ ਨੇ ਇਸ ਗੱਲ ਦਾ ਕੋਈ ਨੋਟਿਸ ਨਹੀਂ ਲਿਆ। ਨਹੀਂ ਤਾਂ ਜੇਕਰ ਅੱਜ ਦੀ ਮੁੰਡੀਰ ਹੁੰਦੀ ਪਤਾ ਨਹੀਂ ਕੀ ਨਘੋਚਾਂ ਕੱਢਦੀ।

ਖ਼ੈਰ ਜੀ ਦਿਨ ਲੰਘਦੇ ਰਹੇ। ਅਸੀਂ ਪੂਰੀ ਸ਼ਾਨੋ ਸ਼ੌਕਤ ਨਾਲ ਪੈਂਟ ਪਾ ਕੇ ਕਾਲਜ ਜਾਂਦੇ ਰਹੇ। ਵੱਡੇ ਭਾਈ ਸਾਹਿਬ ਦਾ ਵਿਆਹ ਆ ਗਿਆ। ਇੱਕ ਪੈਂਟ ਘਰਦਿਆਂ ਨੇ ਹੋਰ ਸਿਲਾ ਦਿੱਤਾ। ਇੱਕ ਪੈਂਟ ਐਨ.ਸੀ.ਸੀ. ਦੀ ਵਰਦੀ ਦੀ ਮਿਲ ਗਈ। ਇਸ ਲਈ ਪਜਾਮਾ ਸਾਹਬ ਨੂੰ ਸਦਾ ਸਦਾ ਲਈ ਰਿਟਾਇਰ ਕਰ ਦਿੱਤਾ। ਸਿਆਲ ਦੇ ਦਿਨ ਆ ਗਏ ਸਨ। ਹੁਣ ਤਾਂ ਗਰਮ ਪੈਂਟ ਦੀ ਹੋਰ ਵੀ ਟੌਹਰ ਸੀ। ਪਾਲਾ ਤਾਂ ਨੇੜੇ ਨਹੀਂ ਸੀ ਆਉਂਦਾ। ਪਤਾ ਈ ਨਾ ਲੱਗਾ ਸਿਆਲ ਕਦੋਂ ਲੰਘ ਗਿਆ।

ਫਰਵਰੀ ਦੇ ਦਿਨ ਆ ਗਏ ਸਨ। ਪੈਂਟ ਨੂੰ ਇੱਕ ਵਾਰ ਫੇਰ ਡਰਾਈਕਲੀਨ ਕਰਵਾਉਣ ਦਾ ਫੁਰਨਾ ਫੁਰਿਆ। ਅਗਲੇ ਦਿਨ ਪੈਂਟ ਕੀਤੀ ਧੋਬੀ ਵਾਲੇ ਅਤੇ ਆਦਤ ਮੁਤਾਬਕ ਜਲਦੀ ਤਿਆਰ ਕਰਨ ਦੀ ਤਾਗੀਦ ਦੀ ਕਰ ਦਿੱਤੀ। ਸਰਦਾਰ ਜੀ ਮੌਸਮ ਖਰਾਬ ਹੈ ਅਸੀਂ ਕੋਸ਼ਿਸ਼ ਤਾਂ ਕਰਾਂਗੇ ਪੰਤੁ ਇਕ ਦੋ ਦਿਨ ਲੱਗ ਵੀ ਸਕਦੇ ਆ ਧੋਬੀ ਨੇ ਆਖਿਆ। ਚਲੋ ਕੋਈ ਗੱਲ ਨੀਂ ਤੁਸੀਂ ਆਪਣੇ ਵੱਲੋਂ ਨਾ ਢਿੱਲ ਕਰਿਓ, ਕਹਿਕੇ ਅਸੀਂ ਕਾਲਜ ਨੂੰ ਚਾਲੇ ਪਾ ਦਿੱਤੇ।

ਤੀਸਰੇ ਦਿਨ ਵਿਚਾਰ ਬਣਾਇਆ ਕਿ ਅੱਜ ਮੁੜਦੇ ਹੋਏ ਧੋਬੀ ਤੋਂ ਪੈਂਟ ਫੜਕੇ ਲਿਜਾਵਾਂਗੇ। ਸ਼ਾਮ ਨੂੰ ਮੁੜਦੇ ਸਮੇਂ ਬਾਜ਼ਾਰ ਵਿੱਚ ਵੜਦੇ ਸਾਰ ਇੱਕ ਮਨਹੂਸ ਖ਼ਬਰ ਸੁਣਨ ਨੂੰ ਮਿਲੀ। ਖ਼ਬਰ ਸੀ ਸ਼ਹਿਰ ਦਾ ਮਸ਼ਹੂਰ ਧੋਬੀ ਲੋਕਾਂ ਦੇ ਕੀਮਤੀ ਕੱਪੜੇ ਲੈ ਕੇ ਫਰਾਰ। ਮੇਰੀਆਂ ਤਾਂ ਗਈਆਂ ਥਾਉਂ। ਮੈਨੂੰ ਇੰਝ ਲੱਗਿਆ ਇਹ ਸਾਰਾ ਕੁੱਝ ਮੇਰੀ ਪੈਂਟ ਦੀ ਵਜ਼ਾ ਕਰਕੇ ਹੀ ਵਾਪਰਿਆ ਹੈ। ਮੈਂ ਆਪਣੀ ਚਿੰਤਾ ਤੋਂ ਦੋਸਤਾਂ ਨੂੰ ਜਾਣੂ ਕਰਵਾਇਆ। ਦੋਸਤਾਂ ਨੇ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ ਕਿਉਂਕਿ ਪੈਂਟ ਦੀਆਂ ਖੂਬੀਆਂ ਬਾਰੇ ਤਾਂ ਦੋਸਤ ਵੀ ਭਲੀਭਾਂਤ ਜਾਣੂ ਸਨ। ਅਜਿਹੀ ਪੈਂਟ ਹੀ ਕੀਮਤੀ ਕੱਪੜਿਆਂ ਵਿੱਚ ਸ਼ਾਮਲ ਹੋ

ਸੁੱਧ ਵੈਸ਼ਨੂੰ ਢਾਬਾ/131