ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦੀ ਸੀ। ਧੋਬੀ ਵਾਕਿਆ ਹੀ ਬੇਈਮਾਨ ਹੋ ਗਿਆ ਹੋਣੈ। ਮੈਂ ਮਨ ਵਿੱਚ ਸੋਚਿਆ। ਸ਼ਾਇਦ ਤਾਹੀਉਂ ਕਹਿੰਦਾ ਸੀ ਕਿ ਦੋ-ਚਾਰ ਦਿਨ ਲੱਗ ਜਾਣਗੇ। ਪੈਂਟ ਤਿਆਰ ਹੋਣ ਵਿੱਚ। ਸੋ ਅਜਿਹੇ ਕਈ ਖਿਆਲ ਮੇਰੇ ਮਨ ਵਿੱਚ ਆ ਰਹੇ ਸਨ।

ਸੋ ਅਸੀਂ ਸਾਰੇ ਬੜੀ ਹੀ ਉਤਸਕਤਾ ਨਾਲ ਧੋਬੀ ਦੀ ਦੁਕਾਨ 'ਤੇ ਪਹੁੰਚ ਗਏ। ਉਥੇ ਪਹਿਲਾਂ ਹੀ ਲੋਕ ਇੱਕਠੇ ਹੋਏ ਖੜੇ ਸਨ ਜੋ ਧੋਬੀ ਦੇ ਬਚੇ ਹੋਏ ਕਪੜਿਆਂ ਵਿੱਚੋਂ ਆਪੋ ਆਪਣੀਆਂ ਕੱਪੜਿਆਂ ਦੀ ਤਲਾਸ਼ ਕਰ ਰਹੇ ਸਨ। ਅਸੀਂ ਵੀ ਅੱਗੇ ਹੋ ਕੇ ਦੇਖਿਆ ਤਾਂ ਮੇਰੀ ਪੈਂਟ ਵੀ ਉਹਨਾਂ ਬਚੇ ਖੁਚੇ ਕੱਪੜਿਆਂ ਵਿੱਚ ਪਈ ਸੀ ਜਿਨ੍ਹਾਂ ਨੂੰ ਧੋਬੀ ‘ਬੇਕਾਰ’ ਸਮਝਕੇ ਛੱਡ ਗਿਆ ਸੀ। ਮੈਂ ਜਲਦੀ ਨਾਲ ਦੌੜਕੇ ਆਪਣੀ ਪੈਂਟ ਆਪਣੇ ਕਬਜ਼ੇ ਵਿੱਚ ਕਰ ਲਈ ਤਾਂ ਕਿ ਉਸ ਉੱਤੇ ਕੋਈ ਹੋਰ ਆਪਣਾ ਹੱਕ ਨਾ ਜਤਾ ਦੇਵੇ।

ਸੋ ਅੱਜ ਜਦ 30 ਸਾਲ ਬਾਅਦ ਮੈਂ ਇਸ ਘਟਨਾ ਨੂੰ ਕਲਮੀ ਰੂਪ ਦੇ ਰਿਹਾ ਹਾਂ ਤਾਂ ਮੈਂ ਸੋਚਦਾ ਹਾਂ ਕਿ ਜਦੋਂ ਮੇਰੇ ਫੌਜ਼ੀ ਭਰਾ ਨੂੰ ਇਹ ਪਤਾ ਲੱਗਾ ਕਿ ਏਸ ਸ਼ਖਸ਼ ਨੇ ਮੇਰੀ ਪੈਂਟ ਨਾਲ ਅਜਿਹਾ ਘਟੀਆ ਵਿਹਾਰ ਕੀਤਾ ਹੈ, ਉਹ ਕਿਤੇ ਬਦਲਾ ਲੈਣ ਲਈ ਫੌਜ਼ ਵਿੱਚੋਂ ਭਗੌੜਾ ਹੀ ਨਾ ਹੋ ਜਾਵੇ। ਫੇਰ ਇਹ ਸੋਚਦਾ ਹਾਂ ਕਿ ਚਲੋ ਕੋਈ ਗੱਲ ਨਹੀਂ ਮਾਂ ਜਾਇਆ ਹੈ, ਫੇਰ ਵੀ ਵੱਡਾ ਭਰਾ ਹੈ, ਮਾਰੁ ਤਾਂ ਥਾਂ ਸਿਰ ਹੀ ਮਾਰੁ। ਕਹਿੰਦੇ ਹਨ ਕਿ ਆਪਣਾ ਮਾਰੂ ਤਾਂ ਛਾਵੇਂ ਹੀ ਸੁੱਟੂ। ਚਲੋ ਫੇਰ ਵੀ ਸਰਜੂ। ਪ੍ਰੰਤੂ ਮੈਨੂੰ ਹੁਣ ਇੱਕ ਹੋਰ ਧੁੜਕੂ ਹੈ। ਉਹਦਾ ਛੋਟਾ ਮੁੰਡਾ ਹੈ ਜਿੰਦਰ ਬਹੁਤ ਗਰਮ ਸੁਭਾਅ ਦਾ ਬੰਦਾ ਹੈ। ਜਦੋਂ ਉਸ ਬੰਦੇ ਨੂੰ ਪਤਾ ਲੱਗਿਆ ਕਿ ਏਸ ਬੰਦੇ ਨੇ ਮੇਰੇ ਪਿਓ ਦੀ ਪੈਂਟ ਨਾ ਇਉਂ ਕੀਤੀ, ਤਾਂ ਫੇਰ ਤਾਂ ਸ਼ਾਇਦ ਇਹ ਪੈਂਟ ਵਾਲਾ ਮਾਮਲਾ ਮੈਨੂੰ ਹੋਰ ਵੀ ਮਹਿੰਗਾ ਪੈ ਸਕਦਾ ਹੈ।

***

ਸੁੱਧ ਵੈਸ਼ਨੂੰ ਢਾਬਾ/132