ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਦਫ਼ਤਰ ਹੀ ਨਹੀਂ ਥਿਆਉਂਦਾ। ਜੇ ਦਫ਼ਤਰ ਥਿਆ ਗਿਆ ਤਾਂ ਬਾਉ ਨਹੀਂ ਥੜੇ ਚੜਨ ਦਿੰਦੇ। ਕਈ ਵਾਰ ਤਾਂ ਦਰਜਾ ਚਾਰ ਹੀ ਲੱਪਰੀ ਲਾਹ ਜਾਂਦੇ ਹਨ। ਅਸੀਂ ਬੰਦੇ ਨੂੰ ਪਹਿਲੇ ਹੱਥ ਹੀ ਸਹੀ ਥਾਂ ਅਤੇ ਸਹੀ ਬੰਦੇ ਕੋਲ ਲੈ ਜਾਣਾ ਹੁੰਦਾ ਹੈ। ਸੋ ਉਸ ਹਿਸਾਬ ਨਾਲ ਅਸੀਂ ਆਪਣੇ ਲੋੜਵੰਦ ਵਿਅਕਤੀ ਦਾ ਕੰਮ ਕਰਵਾ ਕੇ ਸ਼ਾਮ ਨੂੰ ਆਪਣੇ ਸਹੀ ਟਿਕਾਣੇ ਜਾਣੀ ਸਤਾਰਾਂ ਸੈਕਟਰ ਦੇ ਇੱਕ ਹੋਟਲ ਵਿੱਚ ਥਕੇਵਾਂ ਲਾਹੁਣ ਲਈ ਬੈਠ ਜਾਂਦੇ।ਦਾਰੂ ਦੀ ਬੋਤਲ ਨਾਲ ਲਗਦੇ ਠੇਕੇ ਤੋਂ ਰੁਟੀਨ ਮੁਤਾਬਿਕ ਪਹਿਲਾਂ ਹੀ ਖਰੀਦ ਲਈ ਸੀ। ਅਸੀਂ ਤਾਂ ਜੀ ਹਰ ਵਾਰ ਦੀ ਤਰ੍ਹਾਂ ਦਾਰੁ ਦੀ ਬੋਤਲ ਮੇਜ਼ 'ਤੇ ਸਜਾ ਕੇ ਬੈਠ ਗਏ ਅਤੇ ਵੇਟਰ ਨੂੰ ਉਡੀਕਣ ਲੱਗੇ, ਕਿਉਂਕਿ ਇਹ ਸਾਡਾ ਆਮ ਹੀ ਰੁਟੀਨ ਸੀ ਅਤੇ ਵੇਟਰ ਆਦਿ ਵੀ ਸਾਰੇ ਜਾਣਦੇ ਹੀ ਸਨ। ਪੰਤੂ ਸਾਡੀ ਉਮੀਦ ਦੇ ਉਲਟ ਇੱਕ ਵੇਟਰ ਵਿਚਾਰਾ ਭੱਜਿਆ ਭੱਜਿਆ ਆਇਆ, "ਓ ਸਰਦਾਰ ਜੀ ਯੇਹ ਕਿਆ ਹੋ ਰਿਹਾ ਹੈ।" ਕਹਿੰਦੇ ਹੋਏ ਉਸ ਨੇ ਬੋਤਲ ਮੇਜ਼ ਤੋਂ ਚੁੱਕ ਕੇ ਹੇਠਾਂ ਪਰਦੇ ਵਿੱਚ ਕਰ ਦਿੱਤੀ। ਮੈਂ ਆਖਿਆ, "ਪਤੰਦਰਾ ਅੱਜ ਕੀ ਹੋ ਗਿਆ। ਨਿੱਤ ਹੀ ਆਉਣੈ ਆਂ ਤੇ ਏਵੇਂ ਹੀ ਖਾਂਦੇ ਪੀਂਦੇ ਹਾਂ। ਅੱਜ ਕੀ ਬਿੱਲੀ ਛਿੱਕ ਮਾਰਗੀ।" "ਨਹੀਂ ਸਰਦਾਰ ਜੀ ਅਬ ਨਹੀਂ ਐਸਾ ਚਲਤਾ।" "ਕਿਉਂ, ਹੁਣ ਕੀ ਗੱਲ ਹੋ ਗੀ। ਮੈਂ ਪੁੱਛਿਆ। "ਵੋਹ ਸਾਲਾ ਕਿਰਨ ਬੇਦੀ ਆ ਗਿਆ ਹੈ ਨਾ ਅੱਬ, ਬਹੁਤ ਸਖ਼ਤ ਹੈ, ਸਾਲਾ ਖੁਦ ਫਟਾ ਲਗਾਤਾ ਹੈ ਸੜਕ ਤੇ ਲਿਟਾ ਕਰ ਪੀਨੇ ਵਾਲੋ ਕੋ।" ਭਈਏ ਦੇ ਕਹਿਣ ਦਾ ਭਾਵ ਸੀ ਕਿ ਹੁਣ ਕਿਰਨ ਬੇਦੀ ਪੀਣ ਵਾਲਿਆਂ ਨੂੰ ਸੜਕ ਤੇ ਲੰਮਾ ਪਾ ਕੇ ਆਪ ਪਟੇ ਲਾਉਂਦੀ ਹੈ। ਸੋ ਜੀ ਭਈਏ ਨੇ ਸਾਨੂੰ ਇੱਕ ਕੈਬਿਨ 'ਚ ਬਿਠਾ ਕੇ ਕਹਿਣ ਲੱਗਾ, "ਸਰਦਾਰ ਜੀ ਜਰਾ ਜਲਦੀ ਕਰ ਲੋ।" ਸੋ ਕਿੰਨਾਂ ਫਾਇਦਾ ਹੋ ਗਿਆ ਸਾਡੀ ਜਾਣ ਪਛਾਣ ਦਾ।

ਹਾਂ ਤੇ ਅਸੀਂ ਆਪਣੇ ਕੰਮ ਕਰਨ ਦੇ ਢੰਗ ਤਰੀਕੇ ਤੋਂ ਵੀ ਆਪ ਜੀ ਨੂੰ ਨਟ-ਸ਼ੈਲ ਜਾਣਕਾਰੀ ਦੇ ਦੇਈਏ। ਜਦੋਂ ਵੀ ਅਸੀਂ ਮੋਗੇ ਬੱਸ ਅੱਡੇ ਤੋਂ ਚੰਡੀਗੜ੍ਹ ਲਈ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ ਤਾਂ ਗਾਹਕ ਨੂੰ ਆਪਣੀ ਕਲਾ ਦੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੰਦੇ ਹਾਂ।ਉਸ ਨੂੰ ਅਜਿਹੇ ਸਬਜ਼ਬਾਗ ਦਿਖਾਉਣੇ ਸ਼ੁਰੂ ਕਰ ਦਿੰਦੇ ਹਾਂ ਕਿ ਬੱਸ ਦੇ ਹਰ ਸਟਾਪੇਜ਼ ’ਤੇ ਸਾਡੀ ਚੰਗੀ ਖਾਤਰਦਾਰੀ ਬਾ-ਦਸਤੂਰ ਜਾਰੀ ਰਹਿੰਦੀ ਹੈ। ਚੰਡੀਗੜ ਪੁੱਜਦੇ ਹਾਂ। ਸੈਕਟਰੀਏਟ ਦਾ ਕੰਮ ਸੀ। ਭਾਵੇਂ ਹਰ ਪੰਜਵੇਂ ਮਿੰਟ ਬੱਸ ਅੱਡੇ ਤੋਂ ਸੈਕਟਰੀਏਟ ਲਈ ਬੱਸ ਚਲਦੀ ਹੈ। ਤੂੰ ਸਮੇਂ ਅਤੇ ਕੰਮ ਦੀ ਨਜਾਕਤ ਨੂੰ ਮੁੱਖ ਰਖਦੇ ਹੋਏ ਅਸੀਂ ਆਪਣੇ ਕਲਾਇੰਟ ਨੂੰ ਥ੍ਰੀ-ਵੀਲਰ ਤੇ ਚੱਲਣ ਦਾ ਸੁਝਾਅ ਦਿੰਦੇ ਹਾਂ ਸਾਡਾ ਸੁਝਾਅ ਨਾ ਮੰਨੇ ਜਾਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਰੁਪਈਏ ਭਾਵੇਂ ਪੰਜ ਦੀ ਥਾਂ ਪੰਤਾਲੀ ਲੱਗਣ ਕੋਈ ਫਰਕ ਨਹੀਂ। ਅਲਬੱਤਾ ਕੰਮ ਦੇ ਹਿਸਾਬ ਨਾਲ ਥ੍ਰੀ-ਵੀਲ੍ਹਰ ਦੇ ਥਾਂ 150 ਰੁਪਏ ਵਿੱਚ ਗੱਡੀ ਵੀ ਕਰਵਾਈ ਜਾ ਸਕਦੀ ਹੈ।

ਸੁੱਧ ਵੈਸ਼ਨੂੰ ਢਾਬਾ/18