ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦੀ ਹੈ। ਖ਼ੈਰ ਜੀ ਕੰਮ ਹੋ ਗਿਆ। ਮਾਲਕ ਪੁਰਾ ਖੁਸ਼ ਅਸੀਂ ਤਾਂ ਖੁਸ਼ ਹੋਣਾ ਹੀ ਸੀ ਕਿਉਂਕਿ ਇੱਕ ਤਾਂ ਸਾਡੇ ਨੰਬਰ ਪੂਰੇ ਬਣਗੇ ਦੂਜਾ ਮਾਲਕ ਹੁਣ ਸਾਡੀ ਦਿਲ ਖੋਲ੍ਹ ਕੇ ਸੇਵਾ ਕਰਨ ਲਈ ਉਤਾਵਲਾ ਜਾਪਦਾ ਸੀ।

ਦੱਸੋ ਜੀ ਕਿੱਥੇ ਬਹਿਣੈ ਸਾਥੀ ਨੇ ਪੁਛਿਆ। ਐਂ ਕਰਦੇ ਆਂ, ਬੱਸ ਫੜੀਏ ਤੇ ਸਤਾਰ੍ਹਾਂ ਸੈਕਟਰ ਈ ਚਲਦੇ ਆਂ। ਏਥੇ ਤਾਂ ਸਾਰੇ ਹੋਟਲ ਈ ਮਹਿੰਗੇ ਆ ਨਾਲੇ ਉਥੋਂ ਪੰਚਾਇਤ ਭਵਨ ਵੀ ਲੋਟ ਆ ਤੇ ਕਿਸਾਨ ਭਵਨ ਵੀ ਨੇੜੇ ਆ। ਏਥੇ ਤਾਂ ਵੱਢੇ ਜਾਵਾਂਗੇ। ਸਾਥੀ ਸਾਡੀ ਲਕੋ ਸੇਵਾ ਅਤੇ ਪਰਹਿਤ ਭਾਵਨਾ ਦਾ ਪੂਰਾ ਹੀ ਕਾਇਲ ਹੋ ਚੁੱਕਾ ਸੀ। ਠੀਕ ਹੈ ਜੀ ਜਿਵੇਂ ਤੁਸੀਂ ਠੀਕ ਸਮਝਦੇ ਹੋ, ਸਾਥੀ ਨੇ ਸਾਡੀ ਹਾਂ ਵਿੱਚ ਹਾਂ ਮਿਲਾਈ।

ਸਤਾਰਾਂ ਸੈਕਟਰ ਪਹੁੰਚ ਕੇ ਅਸੀਂ ਆਪਣੇ ਨਿਯਮਤ ਹੋਟਲ ਵਿੱਚ ਆ ਡੇਰੇ ਲਾਏ। ਸਾਥੀ ਨੇ ਤਾਂ ਸਾਡੇ ਨਾਲ ਹੋਣਾ ਹੀ ਸੀ। ਪ੍ਰੰਤੂ ਸਾਡੇ ਸਾਥੀ ਨੂੰ ਥੋੜ੍ਹੀ ਉਤੇਜਨਾ ਜਿਹੀ ਲੱਗ ਗਈ। ਉਹ ਬੜਾ ਆਸੇ ਪਾਸੇ ਜਿਹੇ ਮਾਰੀ ਜਾਵੇ ਅਤੇ ਬੜੀ ਤੋੜਾ ਖੋਹੀ ਵੀ ਕਰੀ ਜਾਵੇ। ਮੈਨੂੰ ਕਿਸੇ ਗੱਲ ਦੀ ਸਮਝ ਨਾ ਆਵੇ। ਮੈਂ ਸੋਚਣ ਲੱਗ ਬਈ ਬਾਈ ਜੀ ਨੂੰ ਕੀ ਗੱਲ ਹੋਗੀ। ਮੇਰੇ ਵੀ ਮਨ ਚ ਆਈ, ਸਾਲਾ ਕਿਤੇ ਕੰਮ ਕੰਮ ਕਰਾਕੇ ਹੁਣ ਖਰਚ ਕਰਨ ਤੋਂ ਨਾ ਡਰਦਾ ਹੋਵੇ, ਪਰ ਐਹੋ ਜਿਹੀ ਸੰਭਾਵਨਾ ਉਸ ਤੋਂ ਲੱਗਦੀ ਨਹੀਂ ਸੀ, ਕਿਉਂਕਿ ਸਾਨੂੰ ਤਾਂ ਬੰਦੇ ਨੂੰ ਦੇਖਕੇ ਪਤਾ ਲੱਗ ਜਾਂਦੈ ਕਿ ਕਿਸ ਤਰ੍ਹਾਂ ਦਾ ਬੰਦਾ ਹੈ ਨਾਲੇ ਏਸ ਬਾਈ ਨੂੰ ਤਾਂ ਨਾਲ ਫਿਰਦੇ ਨੂੰ ਦੋ ਦਿਨ ਹੋ ਗਏ ਸਨ। ਖਰਚ ਤੋਂ ਤਾਂ ਬੰਦਾ ਪਾਸਾ ਵੱਟਣ ਵਾਲੀ ਹੈ ਨੀਂ। ਮੈਂ ਹਾਲੇ ਇਹ ਸੋਚ ਹੀ ਰਿਹਾ ਸੀ ਕਿ ਬਾਈ ਜੀ ਨੇ ਆਪਣੇ ਮਨ ਦੀ ਬਾਤ ਆਖ ਦਿੱਤੀ, “ਆਪਾਂ ਬਾਈ ਗਲਤ ਥਾਂ 'ਤੇ ਆ ਗਏ।” ਮੈਂ ਪੁਛਿਆ, "ਕੀ ਗੱਲ ਹੋਗੀ।" "ਨਹੀਂ ਬਾਈ ਹੋਰ ਚੱਲੀਏ ਕਿਤੇ।" ਉਸਨੇ ਬੜੇ ਮਾਯੂਸੀ ਭਰੇ ਲਹਿਜੇ ਨਾਲ ਆਖਿਆ। "ਨਹੀਂ ਨਹੀਂ ਠੀਕ ਐ ਐਥੇ ਈ ਯਾਰ। ਕਿਉਂ ਕੀ ਗੱਲ ਹੋਗੀ।" ਮੈਂ ਪੁਛਿਆ।"ਬਾਈ ਏਹਦੇ ਮੂਹਰੇ ਤਾਂ ਲਿਖਿਆ ਹੈ ਸ਼ੁੱਧ ਵੈਸ਼ਨੁ ਢਾਬਾ ਤੇ ਆਪਾਂ ਤਾਂ ਖਾਣੀ ਪੀਣੀ ਹੋਈ, ਮਸਾਂ ਤਾਂ ਆਪਣਾ ਕੰਮ ਬਣਿਆ ਹੈ। "ਅੱਛਾ! ਇਹ ਗੱਲ ਹੈ।ਉਏ ਏਸ ਗੱਲ ਦਾ ਨਾ ਤੂੰ ਫ਼ਿਕਰ ਕਰ।" ਮੈਂ ਹਸਦੇ ਹੋਏ ਨੇ ਆਖਿਆ। "ਏਥੇ ਸਾਰਾ ਕੁਸ ਈ ਆਉ। ਲਿਖੇ ਲੁਖੇ ਨੂੰ ਕੌਣ ਪੁੱਛਦਾ ਏ ਏਥੇ। ਅਸੀਂ ਨਿੱਤ ਏਥੇ ਈ ਆਉਣੈ ਆਂ। ਸਾਰਾ ਕੁਸ ਈ ਚਲਦੈ ਏਥੇ।" "ਅੱਛਾ! ਬਾਈ ਬੜਾ ਹੈਰਾਨ ਹੋਇਆ। ਏਨੇ ਨੂੰ ਵੇਟਰ ਨੇ ਡੀ.ਐਸ.ਪੀ. ਦੀ ਬੋਤਲ ਲਿਆਕੇ ਸਾਡੇ ਅੱਗੇ ਰੱਖ ਦਿੱਤੀ ਕਿਉਂਕਿ ਉਹ ਸਾਡੇ ਬਰਾਂਡ ਤੋਂ ਪਹਿਲਾਂ ਹੀ ਜਾਣੁ। ਏਕ ਬੇਟਰ ਚਿੱਕਨ ਫੁੱਲ ਸਾਹਬ ਵੇਟਰ ਨੇ ਆਰਡਰ ਮੰਗਿਆ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। "ਹਮ ਜਾਨਤੇ ਹੈਂ, ਸਾਬ ਬਟਰ ਚਿਕਨ ਹੀ ਲੇਤੇ ਹੈਂ ਕਹਿੰਦਾ ਹੋਇਆ ਵੇਟਰ ਕਿਚਨ ਵੱਲ ਹੋ ਤੁਰਿਆ।"

***

ਸੁੱਧ ਵੈਸ਼ਨੂੰ ਢਾਬਾ/20