ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਹਨੂੰ ਡੇਢ ਰੁਪੈ ਵਾਲਾ ਹਰਾ ਰੰਗ ਕਰਦੇ। ਮੈਂ ਬਥੇਰਾ ਸਮਝਾਇਆ ਬਈ ਪੌਣੇ ਸੱਤਾਂ ਆਨਿਆਂ ਦੀ ਤੇਰੀ ਪੱਗ ਹੈ ਤੇ ਰੰਗ ਤੂੰ ਡੇਢ ਰੁਪਏ ਵਾਲਾ ਕਰਾਈ ਜਾਨੈ। ਰਹਿਣ ਦੇ। ਕਹਿੰਦਾ ਨਹੀਂ ਰੰਗ ਤਾਂ ਇਹੋ ਹੀ ਕਰਾਉਣੈ। ਤਿੰਨ ਮਹੀਨੇ ਹੋਗੇ ਅੱਜ ਦਿੰਦਾ ਹੈ ਡੇਢ ਰੁਪਈਆ। ਵੱਡਾ ਘੈਂਟ ਨਾ ਹੋਵੇ ਤਾਂ। ਸਾਡੇ ਸਾਹਮਣੇ ਤਾਂ ਜੀ ਪੈਂਟ ਦੀ ਪੱਗ ਵਾਲਾ ਉਹ ਸਾਰਾ ਸੀਨ ਆ ਖੜਾ ਹੋਇਆ। ਨਾਲੇ ਤਾਂ ਸਾਡਾ ਹਾਸਾ ਰੋਕਿਆਂ ਨਾ ਰੁਕੇ ਤੇ ਨਾਲੇ ਅਸੀਂ ਸਮਝੌਤਾ ਕਰਾਉਣ ਦੇ ਆਹਰ ਵਿੱਚ ਰੁੱਝੇ ਹੋਏ ਸਾਂ। ਤੇ ਘੀਟ ਵਿਚਾਰਾ ਹੇਠਲੇ ਦੰਦੀ ਨਾ ਉਤਲੇ ਦੰਦੀ। ਕੇਰਾਂ ਤਾਂ ਜੀ ਅਸੀਂ ਆਖ ਵੇਖਦੇ ਘੈਂਟ ਦਾ ਖਹਿੜਾ ਛੁਡਾ ਦਿੱਤਾ, ਅੱਗੇ ਖੁਦਾ ਜਾਣੇ।

ਤੇ ਹੁਣ ਜਾਂਦੇ ਜਾਂਦੇ ਜਾਂਦੇ ‘ਦੁੱਖੀ’ ਸਾਹਬ ਦੀ ਗੱਲ ਵੀ ਸਾਂਝੀ ਕਰ ਹੀ ਲਈਏ। ਦੁਖੀ ਸਾਹਬ ਨੂੰ ਦੁੱਖ ਤਾਂ ਉਂਝ ਕੋਈ ਹੈਨੀ ਸੀ ਪੰਤੁ ਤਖਲਸ ਉਹਨੇ ਚੁਣਕੇ ਆਪਣਾ ਦੁੱਖੀ ਹੀ ਰੱਖਿਆ। ਹਾਂ ਜਦੋਂ ਕਦੇ ਕੋਈ ਉਸ ਨੂੰ ਦੁਖੀ ਸਾਹਬ ਕਹਿਣ ਦੀ ਬਜਾਏ ਉਸ ਦਾ ਬਚਪਨ ਦਾ ਨਾਂ ਲੈ ਕੇ ਬਲਾਉਂਦਾ ਉਦੋਂ ਜਰੂਰ ਉਹ ਦੁਖੀ ਹੋ ਜਾਂਦੇ। ਇਸ ਲਈ ਉਹਨਾਂ ਦਾ ਦੁਖੀ ਤਖੱਲਸ ਐਨਾ ਮਸ਼ਹੂਰ ਹੋ ਗਿਆ ਕਿ ਅਸੀਂ ਉਸਦਾ ਅਸਲੀ ਨਾ ਵੀ ਭੁੱਲ ਭੁਲਾ ਗਏ।

ਪੇਪਰਾਂ ਤੋਂ ਬਾਅਦ ਕਾਲਜ ਦੋ ਤਿੰਨ ਮਹੀਨੇ ਲਈ ਅਕਸਰ ਬੰਦ ਹੋ ਜਾਂਦੇ ਹਨ। ਮਹੀਨਾ ਡੇਢ ਮਹੀਨਾ ਲੰਘਿਆ ਅਸੀ ਦੋ ਤਿੰਨ ਜਣਿਆਂ ਨੇ ਪ੍ਰੋਗਰਾਮ ਬਣਾਇਆ ਕਿ ਦੁਖੀ ਨੂੰ ਮਿਲ ਕੇ ਆਈਏ। ਅਸੀਂ ਦੋ ਤਿੰਨ ਜਣਿਆਂ ਨੇ ਚੁੱਕੇ ਸਾਈਕਲ ਤੇ ਚੱਲ ਪਏ ਦੁਖੀ ਨੂੰ ਮਿਲਣ ਪਹਿਲੀ ਗੱਲ ਤਾਂ ਸਾਨੂੰ ਘਰ ਲੱਭਣ 'ਚ ਬਹੁਤ ਔਖ ਆਈ। ਜੀਹਨੂੰ ਪੁਛੀਏ ਅਗਲਾ ਆਖੇ ਕਿਹੜਾ ਦੁਖੀ। ਅਸੀਂ ਤਾਂ ਨੀਂ ਜਾਣਦੇ ਕਿਸੇ ਦੁਖੀ ਦੁਖੀ ਨੂੰ ਸੁਖ ਨਾਲ ਸਾਰਾ ਪਿੰਡ ਸੁਖੀ ਸਾਂਦੀ ਵਸਦਾ ਹੈ। ਦੂਜੇ ਨੂੰ ਪੁੱਛਿਆ ਉਹ ਕਹਿੰਦਾ ਬਾਈ ਕਿਹੜੇ ਦੁਖੀ ਨੂੰ ਦੱਸੀਏ, ਅਸੀਂ ਤਾਂ ਬਈ ਆਪ ਦੁੱਖੀ ਆਂ। ਸਾਨੂੰ ਮਿਲਣੈ ਤਾਂ ਆ ਜੋ ਜੀ ਆਇਆਂ ਨੂੰ। ਸਾਨੂੰ ਤਾਂ ਐਂ ਲੱਗਣ ਲੱਗ ਪਿਆ ਜਾਣੀ ਨਾਨਕ ਦੁਖੀਆ ਸਭ ਸੰਸਾਰ। ਖ਼ੈਰ ਜੀ ਔਖੇ ਸੌਖੇ ਪਹੁੰਚ ਗਏ ਦੁਖੀ ਸਾਹਬ ਦੇ ਘਰ। ਅੱਗੇ ਦਰਵਾਜੇ ਵਿੱਚ ਇੱਕ ਬਜ਼ੁਰਗ ਮੰਜਾ ਡਾਹੀ ਬੈਠਾ। ਅਸੀਂ ਜਾ ਬੁਲਾਈ ਫਤੇ। "ਸਅਰੀਕਾਲ ਬਈ ਚੋਬਰੋ ਸਅਸਰੀਕਾਲ ਆਓ ਬੈਠੋ ਲੰਘ ਆਓ ਜੀ ਆਇਆਂ ਨੂੰ।" ਅਸੀਂ ਜਾ ਸਾਈਕਲ ਕਰਤੇ ਖੜੇ। "ਹੋਰ ਚੋਬਰੋ ਕਿਵੇਂ ਦਰਸ਼ਨ ਦਿੱਤੇ?" ਬਜ਼ੁਰਗ ਨੇ ਬੜੇ ਮਾਣ ਨਾਲ ਪੁਛਿਆ। "ਅਸੀਂ ਜੀ ਦੁਖੀ ਨੂੰ ਮਿਲਣੈ। ਅਸੀਂ ਸਹਿਜ ਭਾਅ ਹੀ ਆਖ ਦਿੱਤਾ। "ਹੈਂਅ ਕਿਹੜਾ ਦੁਖੀ, ਸਾਡੇ ਤਾਂ ਚੋਬਰੋ ਕੋਈ ਨੀਂ ਦੁਖੀ ਥੋਨੂੰ ਬਾਈ ਭੁਲੇਖਾ ਲੱਗ ਗਿਆ ਹੋਣੇ ਘਰਦਾ। ਕਿਤੋਂ ਹੋਰ ਪਤਾ ਕਰਲੋ। ਸਾਡੇ ਤਾਂ ਮੇਹਰ ਆ ਬਾਬੇ ਨਾਨਕ ਦੀ ਸਾਰੇ ਸੁਖੀ ਸਾਂਦੀ ਵਸਦੇ ਆ। ਕੋਈ ਨੀ ਕਿਤੋਂ ਹੋਰ ਪਤਾ ਕਰਲੋ ਤੁਸੀਂ।" ਸਾਨੂੰ ਜੀ ਸਾਡੀ ਗਲਤੀ ਦਾ ਅਹਿਸਾਸ ਤਾਂ ਹੋ ਗਿਆ

ਸੁੱਧ ਵੈਸ਼ਨੂੰ ਢਾਬਾ/26