ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਨਾ ਕੋਈ ਰੇਲ ਹਾਦਸਾ ਹੋਇਆ ਈ ਰਹਿੰਦਾ ਏ। ਇਸ ਹਿਸਾਬ ਨਾਲ ਤਾਂ ਰੇਲ ਮੰਤਰੀ ਨਿੱਤ ਅਸਤੀਫਾ ਦੇਣ ਤੇ ਹੀ ਰਹੇ। ਚਲੋ ਸ਼ਾਸਤਰੀ ਨੇ ਅਸਤੀਫਾ ਦੇ ਦਿੱਤਾ ਹੋਣੈ। ਗੱਲ ਗਈ ਵਿਸਰੀ।ਏਹਨੂੰ ਦੂਰਦਰਸ਼ਨ 'ਤੇ ਪ੍ਰਸਾਰਣ ਦੀ ਕੀ ਲੋੜ ਪੈ ਗਈ। ਅਖੇ ਨੈਤਿਕਤਾ ਦੇ ਅਧਾਰ 'ਤੇ ਅਸਤੀਫਾ ਦੇ ਦਿੱਤਾ। ਨਾ ਸਾਡੇ ’ਚ ਕਿਤੇ ਨੈਤਿਕਤਾ ਈ ਨਹੀਂ ਹੁੰਦੀ? ਇਹਦਾ ਮਤਲਬ ਸਾਡੀ ਨੈਤਿਕਤਾ ਨੂੰ ਪਰਖਿਆ ਜਾ ਰਿਹਾ ਹੈ।

ਰੇਲ ਮੰਤਰੀ ਨੇ ਬੜੇ ਗੁੱਸੇ ਨਾਲ ਮੌਜੂਦਾ ਪ੍ਰਸਾਰਣ ਮੰਤਰੀ ਨੂੰ ਡਾਇਲ ਘੁਮਾ ਦਿੱਤਾ। ਹੈਲੋ ਹੈਲੋ ਹੋਈ। ਸਬੱਬ ਨਾਲ ਪ੍ਰਸਾਰਣ ਮੰਤਰੀ ਨੇ ਖੁਦ ਹੀ ਰੀਸੀਵਰ ਚੁੱਕ ਲਿਆ। "ਹਾਂ ਜੀ ਮੈਂ ਭਾਰਤ ਦਾ ਪ੍ਰਸਾਰਣ ਮੰਤਰੀ ਬੋਲ ਰਿਹਾ ਹਾਂ। ਆਪ ਕੌਣ ਸਾਹਬ? ਪ੍ਰਸਾਰਣ ਮੰਤਰੀ ਨੇ ਪੁੱਛਿਆ। "ਮੈਂ ਭਾਰਤ ਦਾ ਰੇਲ ਮੰਤਰੀ ਬੋਲ ਰਿਹਾ ਹਾਂ।" ਅੱਗੋਂ ਉੱਤਰ ਆਇਆ। "ਧੰਨਭਾਗ! ਧੰਨਭਾਗ!! ਸਾਡੇ ਜੇਕਰ ਤੁਸੀਂ ਸਾਡੇ ਵਰਗੇ ਨਾਚੀਜ਼ ਬੰਦਿਆਂ ਨੂੰ ਯਾਦ ਕੀਤਾ ਹੈ। ਧੰਨਭਾਗ ਹੈ ਜੀ ਧੰਨਭਾਗ। ਫਰਮਾਓ ਕਿਵੇਂ ਯਾਦ ਫਰਮਾਇਆ ਜੀ! "ਯਾਦ ਕਾਹਦਾ ਫਰਮਾਉਣੈ ਆਹ ਥੋਡੇ ਦੂਰ ਦਰਸ਼ਨ ਦੇ ਪ੍ਰੋਗਰਾਮ ਸੁਣ ਕੇ ਹਟੇ ਆਂ।" ਰੇਲ ਮੰਤਰੀ ਬੋਲਿਆ। "ਅੱਛਾ ਜੀ ਫੇਰ ਤਾਂ ਹੋਰ ਵੀ ਵਧੀਆ ਹੈ ਜੇਕਰ ਤੁਹਾਨੂੰ ਵੀ ਸਾਡੇ ਪ੍ਰੋਗਰਾਮ ਚੰਗੇ ਲੱਗਦੇ ਆ।" ਚੰਗੇ ਕਾਹਦੇ ਸਾਡੀ ਤਾਂ ਫੱਟੀ ਪੋਚ ਕੇ ਰੱਖਤੀ ਥੋਡੇ ਦੂਰਦਰਸ਼ਨ ਨੇ। ਰੇਲ ਮੰਤਰੀ ਬੜਾ ਗੁੱਸੇ ਵਿੱਚ ਬੋਲ ਰਿਹਾ ਲੱਗਦਾ ਸੀ। "ਕਿਉਂ ਜੀ ਕੀ ਗੁਸਤਾਖੀ ਹੋਗੀ ਜੀ।" ਪ੍ਰਸਾਰਣ ਮੰਤਰੀ ਬੜਾ ਛਿੱਥਾ ਜਿਹਾ ਹੋਇਆ ਬੋਲ ਰਿਹਾ ਸੀ। "ਗੁਸਤਾਖੀ ਕਾਹਦੀ ਤੁਸੀਂ ਪ੍ਰੋਗਰਾਮ ਪ੍ਰਸਾਰਣ ਹੋਣ ਤੋਂ ਪਹਿਲਾਂ ਆਪ ਵੀ ਮਾੜੀ ਮੋਟੀ ਨਿਗਾਹ ਮਾਰ ਲਿਆ ਕਰੋ। ਆਹ ਸ਼ਾਸਤਰੀ ਜੀ ਦੇ ਜਨਮ ਦਿਨ ਵਾਲੇ ਦਿਨ ਥੋਡੇ ਦੂਰਦਰਸ਼ਨ ਤੇ ਦੋ ਜਨਾਨੀਆਂ ਜੀਆਂ ਬੈਠੀਆਂ। ਇੱਕੋ ਗੱਲ ਨੂੰ ਹੀ ਬਾਰ ਬਾਰ ਰਿੜਕੀ ਜਾਂਦੀਆਂ ਸੀ। ਅਖੇ ਸ਼ਾਸਰਤੀ ਜੀ ਨੇ ਇੱਕ ਰੇਲ ਹਾਦਸੇ ਦੀ ਜਿੰਮੇਵਾਰੀ ਕਬੂਲਦਿਆਂ ਨੈਤਿਕਤਾ ਦੇ ਅਧਾਰ 'ਤੇ ਬਤੌਰ ਰੇਲ ਮੰਤਰੀ ਅਸਤੀਫਾ ਦੇ ਦਿੱਤਾ। ਨਾ ਅਸੀਂ ਭਲਾ ਬਿਨਾਂ ਨੈਤਿਕਤਾ ਤੋਂ ਹੀ ਤੁਰੇ ਫਿਰਦੇ ਹਾਂ। ਏਥੇ ਤਾਂ ਨਿੱਤ ਈ ਕੋਈ ਨਾ ਕੋਈ ਰੇਲ ਹਾਦਸਾ ਹੋਇਆ ਈ ਰਹਿੰਦੈ। ਅਸੀਂ ਤਾਂ ਫੇਰ ਨਿੱਤ ਅਸਤੀਫਾ ਦੇਣ ਤੇ ਹੀ ਰਹੀਏ? ਤੁਹਾਡੇ ਦੂਰਦਰਸ਼ਨ ਨੇ ਤਾਂ ਸਾਡੀ ਨੈਤਿਕਤਾ ਦੀ ਜਵਾਂ ਈ ਫੱਟੀ ਪੋਚਕੇ ਰੱਖਤੀ।"

"ਅੱਛਾ ਜੀ! ਏਹ ਤਾਂ ਜੀ ਏਸ ਹਿਸਾਬ ਨਾਲ ਬਹੁਤ ਮਾੜੀ ਗੱਲ ਹੋਗੀ ਜੀ। ਅਸਲ ਵਿੱਚ ਜੀ ਇਹ ਸਾਰਾ ਕੁੱਝ ਅਣਜਾਣਪੁਣੇ ਵਿੱਚ ਹੀ ਹੋ ਗਿਆ।" ਪ੍ਰਸਾਰਣ ਮੰਤਰੀ ਛਿੱਥਾ ਜਿਹਾ ਹੋਇਆ ਬੋਲ ਰਿਹਾ ਸੀ।

ਤੇਰੇ ਅਣਜਾਣ ਪੁਣੇ ਨੂੰ ਅਸੀਂ ਕੀ ਕਰੀਏ ਸਾਡੀ ਤਾਂ ਖੇਹ ਕਰਕੇ ਰੱਖਤੀ.. ਅਖੇ ਨੈਤਿਕਤਾ ਦੇ ਅਧਾਰ 'ਤੇ ਨੈਤਿਕਤਾ ਦੇ ਅਧਾਰ 'ਤੇ।

ਸੁੱਧ ਵੈਸ਼ਨੂੰ ਢਾਬਾ/30