ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਨਾਲੇ ਤੁਸੀਂ ਆਪ ਹੀ ਸੋਚੋ ਬਈ ਸ਼ਾਸਤਰੀ ਵੇਲੇ ਰੇਲਾਂ ਵੀ ਕਿਹੜੀਆਂ ਹੁੰਦੀਆਂ ਸੀ। ਦੇਖਣ ਨੂੰ ਤਾਂ ਉਦੋਂ ਰੇਲਾਂ ਮਿਲਦੀਆਂ ਨਹੀਂ ਸਨ। ਉਪਰ ਚੜ੍ਹਨਾ ਤਾਂ ਵੱਡੀ ਗਨੀਮਤ ਵਾਲੀ ਗੱਲ ਸੀ। ਸਾਰੇ ਭਾਰਤ ਵਿੱਚ ਮਸਾਂ ਸੌ ਕੁ ਵੀ ਨਹੀਂ ਹੋਣੀਆਂ। ਅੱਜ ਦੇਖੋ ਨਾ ਹਜ਼ਾਰਾਂ ਦੀ ਗਿਣਤੀ ਵਿੱਚ ਰੇਲਾਂ ਤੁਰੀਆਂ ਫਿਰਦੀਆਂ ਹਨ। ਫਾਸਟਾਂ, ਸੁਪਰ ਫਾਸਟਾਂ, ਸ਼ਤਾਬਦੀਆਂ ਅਤੇ ਵਿੱਚ ਈ ਮਾਲ ਗੱਡੀਆਂ ਤੁਰੀਆਂ ਫਿਰਦੀਆਂ ਹਨ। ਐਨੀਆਂ ਵਿੱਚੋਂ ਕੋਈ ਵੀ ਕਿਸੇ ਨਾ ਕਿਸੇ ਵਿੱਚ ਕਦੋਂ ਵੀ ਵੱਜ ਸਕਦੀ ਹੈ। ਰੇਲ ਮੰਤਰੀ ਉਥੇ ਕੀ ਕਰੂ। ਮੈਨੂੰ ਸਮਝ ਨਹੀਂ ਆਉਂਦੀ ਨੈਤਿਕਤਾ ਵਾਲੀ ਏਹਦੇ ਵਿੱਚ ਕਿਹੜੀ ਗੱਲ ਹੋਈ।"

"ਦੂਜੀ ਗੱਲ ਇਹ ਵੀ ਹੈ ਕਿ ਸ਼ਾਸਤਰੀ ਜੀ ਨੇ ਤਾਂ ਕੁੱਝ ਪੀਣਾ ਨੀ ਸੀ। ਖਾਣਾ ਨੀਂ ਸੀ। ਦੁਆਨੀ ਉਹਨੇ ਇਲੈਕਸ਼ਨ ਤੇ ਨੀਂ ਲਾਈ ਹੋਣੀ। ਅਸੀਂ ਤਾਂ ਇਲੈਕਸ਼ਨ 'ਤੇ ਪਹਿਲਾਂ ਝੱਗਾ ਚੌੜ ਕਰਾ ਲਿਆ। ਪਤਾ ਈ ਐ ਥੋਨੂੰ। ਤੁਸੀਂ ਕਿਹੜਾ ਇਲੈਕਸ਼ਨ ਨਹੀਂ ਲੜਿਆ। ਜੇ ਆਪਾਂ ਐਂ ਛੋਟੀ ਮੋਟੀ ਗੱਲ 'ਤੇ ਅਸਤੀਫਾ ਦੇਣ ਲੱਗ ਜਾਈਏ ਤਾਂ ਸਾਡਾ ਤਾਂ ਸਰ ਗਿਆ ਫੇਰ। ਸਾਨੂੰ ਤਾਂ ਜੁਆਕਾਂ ਨੇ ਘਰੇ ਨੀਂ ਵੜਨ ਦੇਣਾ।ਜੇ ਕਦੀ ਭੁੱਲ ਭੁਲੇਖੇ ਅਜਿਹੀ ਗੁਸਤਾਖੀ ਕਰ ਬੈਠੀਏ ਤਾਂ।"

ਤੁਸੀਂ ਆਪ ਹੀ ਸੋਚੋ ਬਈ ਰੇਲ ਗੱਡੀ ਨੇ ਤਾਂ ਆਪਣੀ ਪਟੜੀ 'ਤੇ ਚੱਲਣਾ ਹੈ। ਨਾ ਸੁਤ ਭਰ ਐਧਰ ਨਾ ਔਧਰ। ਟੈਮ ਦਾ ਅੱਗਾ ਪਿੱਛਾ ਹੋ ਜਾਣਾ ਤਾਂ ਭਲਾ ਗੱਲ ਵੱਖਰੀ ਹੈ। ਪਰ ਜਦੋਂ ਔਦੀ ਹੈ, ਛਕਾਟੇ ਮਾਰਦੀ, ਵਿਸਲਾਂ ਮਾਰਦੀ ਅਤੇ ਧਰਤੀ ਹਿਲਾਉਂਦੀ ਆਉਂਦੀ ਹੈ। ਰੇਲਵੇ ਲਾਈਨ ਦੇ ਨਾਲ ਲੱਗਦੇ ਪਿੰਡਾਂ ਦੇ ਪਸ਼ੂ ਵੀ ਖੁਰਲੀਆਂ ਤੇ ਖੜੇ ਕੰਨ ਚੁੱਕ ਲੈਂਦੇ ਹਨ। ਦੂਜੇ ਪਾਸੇ ਫਾਟਕਾਂ ਵਾਲਾ ਗੇਟ ਮੈਨ ਟੱਲੀ ਹੋਇਆ ਪਿਆ। ਫਾਟਕ ਖੁੱਲਾ ਹੈ ਤਾਂ ਖੁੱਲ੍ਹਾ ਸਹੀ, ਬੰਦ ਹੈ ਬੰਦ ਸਹੀ। ਕੋਈ ਫਰਕ ਨਹੀਂ ਪੈਂਦਾ। ਰੱਬ ਰਾਖਾ ਤੇ ਉਧਰ ਬੱਸਾਂ ਟਰੱਕਾਂ ਟਰਾਲਿਆਂ, ਸਕੂਲ ਵੈਨਾਂ ਵਾਲੇ ਕੰਨਾਂ ਨੂੰ ਲਾਏ ਆ ਮੁਬੈਲ ਦੱਬੀ ਤੁਰੇ ਆਉਂਦੇ ਆ ਦੱਬੀ ਤੁਰੇ ਆਉਂਦੇ ਆ। ਪਤਾ ਉਦੋਂ ਲੱਗਦਾ ਹੈ ਜਦੋਂ ਲਿਆ ਕੇ ਰੇਲ ਗੱਡੀ ’ਚ ਲਿਆ ਠੋਕਦੇ ਆ ਤਾਂ ਰੇਲ ਗੱਡੀ ਨੇ ਤਾਂ ਬਾਈ ਆਵਦੀ ਕਾਰਵਾਈ ਕਰਨੀ ਹੀ ਹੋਈ। ਤੇ ਏਥੇ ਦੱਸੋ ਰੇਲ ਮੰਤਰੀ ਕੀ ਕਰੂ? ਨੈਤਿਕਤਾ ਨੈਤਿਕਤਾ ਲਾਈ ਆ ਕਮਲਿਆਂ ਵਾਂਗੂੰ।

"ਆਹ ਪਿੱਛੇ ਜਿਹੇ ਸੁਣਿਆ ਤੁਸੀਂ ਭਾਰਤ ਦੀ ਇੱਕ ਬਹੁਤ ਹੀ ਮਸ਼ਹੁਰ ਰੇਲ ਗੱਲ ਪ੍ਰਸ਼ੋਤਮ ਐਕਸਪ੍ਰੈਸ ਸੀ ਨਾ ਉਹਦਾ।ਉਹ ਜੀ ਸੈਂਕੜੇ ਮੀਲਾਂ ਦੀ ਸਪੀਡ ਨਾਲ ਭੱਜੀ ਆਉਂਦੀ ਸਟੇਸ਼ਨ 'ਤੇ ਖੜ੍ਹੀ ਇੱਕ ਮਾਲ ਗੱਡੀ ਦੇ ਉੱਤੇ ਆ ਚੜੀ। ਉਸਦਾ ਇੰਜਨ ਦੱਸਦੇ ਆ ਪਿਛਲੇ ਦੋ ਡੱਬੇ ਟੱਪ ਕੇ ਤੀਜੇ ਤੇ ਜਾ ਚੜਿਆ। ਉਦੋਂ ਕਿੱਥੇ ਗਈ ਸੀ ਨੈਤਿਕਤਾ ਬਈ? ਉਦੋਂ ਤਾਂ ਫਿਰ ਸਾਰੀ ਕੈਬਨਿਟ ਨੂੰ ਹੀ ਅਸਤੀਫਾ ਦੇਣਾ ਬਣਦਾ ਸੀ।"

ਸੁੱਧ ਵੈਸ਼ਨੂੰ ਢਾਬਾ/31