ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਇੱਕ ਹੋਰ ਗੱਲ ਸੁਣ ਲੈ। ਗੱਲ ਢਾਕਾ (ਬੰਗਲਾ ਦੇਸ਼) ਦੀ ਹੈ। ਉਂਜ ਤਾਂ ਇਹ ਵੀ ਪਹਿਲਾਂ ਭਾਰਤ ਦਾ ਹੀ ਹਿੱਸਾ ਸੀ। ਉਥੇ ਇੱਕ ਰੇਲ ਗੱਡੀ ਸਟੇਸ਼ਨ 'ਤੇ ਖੜੀ ਖੜੀ, ਬਿਨਾਂ ਡਰਾਈਵਰ ਤੇ ਬਿਨਾਂ ਗਾਰਡ 26 ਕਿਲੋਮੀਟਰ ਬੈਕ ਹੀ ਭੱਜੀ ਗਈ। ਲੋ ਕਰ ਲਓ ਗੱਲ। ਏਸ ਹਿਸਾਬ ਨਾਲ ਤਾਂ ਉਦੋਂ ਸਾਰੀ ਦੁਨੀਆਂ ਦੇ ਰੇਲ ਮੰਤਰੀਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ।"

"ਪਿੱਛੇ ਜਿਹੇ ਇੱਕ ਅਠਾਰਾਂ ਟੈਰਾ ਟਰਾਲਾ ਫਾਟਕ ਭੰਨ ਕੇ ਸਿੱਧਾ ਈ ਰੇਲ ਗੱਡੀ ਨਾਲ ਜਾ ਟਕਰਾਇਆ। ਰੇਲ ਗੱਡੀ ਆਂਹਦੀ ਆ ਜਾ ਫਿਰ ‘ਬੜੇ ਬੜੋਂ ਕੀ ਮੈਨੇ ਕਰਦੀ ਹੈ ਐਸੀ ਤੈਸੀਂ'।"

"ਚਲੋ ਜੇ ਹੁਣ ਰੇਲ ਮੰਤਰਾਲੇ ਦੀ ਗੱਲ ਚੱਲ ਹੀ ਪਈ ਹੈ ਤਾਂ ਜਨਾਬ ਰਾਜ ਨਾਰਾਇਣ ਦੇ ਜ਼ਿਕਰ ਬਿਨਾਂ ਤਾਂ ਗੱਲ ਅਧੂਰੀ ਹੀ ਰਹਿ ਜਾਏਗੀ ਅਤੇ ਨਾਲੇ ਭਾਰਤੀ ਨੈਤਿਕਤਾ ਤੋਂ ਪੂਰੀ ਦੁਨੀਆਂ ਅਨਜਾਣ ਹੀ ਰਹਿ ਜਾਵੇਗੀ। ਹੈਂ ਜੀ? ਰਾਜ ਨਾਰਾਇਣ ਕੌਣ ਸੀ?" ਪ੍ਰਸਾਰਣ ਮੰਤਰੀ ਨੇ ਪੁੱਛਿਆ।

"ਜਨਾਬ ਰਾਜ ਨਾਰਾਇਣ ਉਹ ਸਖ਼ਸ਼ ਸੀ ਜਿਸਨੇ 1977 ਵਿੱਚ ਐਮਰਜੈਂਸੀ ਤੋਂ ਬਾਅਦ ਹੋਣ ਵਾਲੀਆਂ ਚੋਣਾਂ ਵਿੱਚ ਇੰਦਰਾ ਗਾਂਧੀ ਨੂੰ ਹਰਾਇਆ ਸੀ। ਇਸੇ ਇਵਜ਼ ਵਿੱਚ ਉਸਨੂੰ ਭਾਰਤ ਦੀ ਪਹਿਲੀ ਗ਼ੈਰ ਕਾਂਗਰਸ ਅਤੇ ਜਨਤਾ ਪਾਰਟੀ ਦੀ ਪਹਿਲੀ ਵਾਜਪਾਈ ਦੀ ਸਰਕਾਰ ਵਿੱਚ ਰੇਲ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਗਿਆ ਸੀ। ਸਬੱਬ ਨਾਲ ਇਸੇ ਸਮੇਂ ਦੌਰਾਨ ਰਾਜ ਨਾਰਾਇਣ ਜਾਣੀ ਤਤਕਾਲੀਨ ਰੇਲ ਮੰਤਰੀ ਦੇ ਫਰਜ਼ੰਦ ਜਾਣੀ ਲੜਕੇ ਦੇ ਵਿਆਹ ਦਾ ਪ੍ਰੋਗਰਾਮ ਬਣ ਗਿਆ। ਬੱਸ ਫੇਰ ਕੀ ਸੀ ਜਨਾਬ ਰਾਜ ਨਾਰਾਇਣ ਜੀ ਨੇ ਕਰ ਦਿੱਤਾ ਐਲਾਨ। 'ਉਨ੍ਹਾਂ ਦੇ ਲੜਕੇ ਦੀ ਬਾਰਾਤ ਰੇਲ ਗੱਡੀ 'ਤੇ ਹੀ ਜਾਏਗੀ'।"

"ਮਿੱਥੇ ਦਿਨ ਤੇ ਸਾਰੀਆਂ ਤਿਆਰੀਆਂ ਖਿੱਚ ਦਿੱਤੀਆਂ ਗਈਆਂ। ਇੱਕ ਸਬੂਤੀ ਰੇਲ ਗੱਡੀ ਨੂੰ ਦੁਲਹਨ ਵਾਂਗ ਸਜਾਇਆ ਗਿਆ। ਜਨਾਬ ਰਾਜ ਨਾਰਾਇਣ ਜਾਣੀ ਤਤਕਾਲੀਨ ਰੇਲ ਮੰਤਰੀ, ਉਸਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, "ਪੁੱਤਰ ਅਤੇ ਪੁੱਤਰ ਬਧੂ ਦੇ ਡੱਬਿਆਂ ਦੀ ਸ਼ੋਭਾ ਦੇਖਿਆ ਹੀ ਬਣਦੀ ਸੀ। ਬਾਕੀ ਅਪਾਰਟਮੈਂਟਸ ਵੀ ਕਿਸੇ ਗੱਲੋਂ ਘੱਟ ਨਹੀਂ ਸਨ। ਸਾਰੀ ਰੇਲ ਗੱਡੀ ਜਿਸ ਦੀ ਲੰਬਾਈ ਵੀ ਆਮ ਰੇਲ ਗੱਡੀਆਂ ਨਾਲੋਂ ਕਾਫੀ ਵੱਧ ਗਈ ਸੀ ਬਰਾਤੀਆਂ ਨਾਲ ਪੂਰੀ ਭਰਕੇ ਬੜੀ ਸ਼ਾਨੋ ਸ਼ੌਕਤ ਨਾਲ ਆਪਣੇ ਸਫ਼ਰ 'ਤੇ ਚੱਲ ਪਈ।"

"ਰਸਤੇ ਵਿੱਚ ਆਉਣ ਵਾਲੇ ਹਰ ਰੇਲਵੇ ਸਟੇਸ਼ਨ 'ਤੇ ਸੁਆਗਤ ਕਰਨ ਲਈ ਵਿਸ਼ੇਸ਼ ਬੈਂਡ ਵਾਜਿਆਂ ਦਾ ਪ੍ਰਬੰਧ ਅਗਾਉਂ ਕੀਤਾ ਗਿਆ ਸੀ। ਇਹੋ ਹੀ ਨਹੀਂ ਬਲਕਿ ਹਰ ਰੇਲਵੇ ਸਟੇਸ਼ਨ 'ਤੇ ਜਨਾਬ ਰਾਜ ਨਾਰਾਇਣ ਅਤੇ ਬਰਾਤੀ ਰੇਲ ਗੱਡੀ ਵਿੱਚੋਂ ਉੱਤਰ ਕੇ ਜਿੰਨਾ ਚਿਰ ਜੀਅ ਕਰਦਾ ਭੰਗੜਾ

ਸੁੱਧ ਵੈਸ਼ਨੂੰ ਢਾਬਾ/32