ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਵੇਂ ਬੈਠੇ ‘ਸਹਿਤ` ਸਹਿਤ (ਸਾਹਿਤ) ਕਰਦੇ ਰਹਿਣਗੇ। ਪਤਾ ਨਹੀਂ ਕੀ ਇਹਨਾਂ ਨੇ ਡੂਮਣੇ ਚੋਣ ਲੱਗਣਾ ਹੈ। ਇੱਕ ਵਾਰ ਮੁੰਡੇ ਨੂੰ ਖੰਘ ਹੋਗੀ। ਮੈਂ ਤਾਂ ਕਲਪ ਕੇ ਮਰਗੀ ਮੈਨੂੰ ਤਾਂ ਮੁੰਡੇ ਵਾਸਤੇ ਤੋਲਾ ਸਹਿਤ (ਸ਼ਹਿਦ) ਇਹ ਤੋਂ ਜੁੜਿਆ ਨਹੀਂ ਕਿਤੋਂ।ਊ ਸਾਰਾ ਦਿਨ ‘ਸਹਿਤ ਸਹਿਤ’ ਕਰਦਾ ਫਿਰੁ | ਪਹਿਲਾਂ ਪਹਿਲਾਂ ਤਾਂ ਇੱਕ ਦੋ ਵਾਰੀ ਇਹਨਾਂ ਸੱਜਣਾ ਨੂੰ ਕਿਤੇ ਚਾਹ ਦਾ ਕੱਪ ਜ਼ਰੂਰ ਜੁੜ ਗਿਆ ਹੋਣੈ। ਪੰਤੁ ਥੋੜੇ ਚਿਰ ਬਾਅਦ ਇਹਨਾਂ ਲੋਕਾਂ ਦਾ ਹੁੱਕਾ ਪਾਣੀ ਬਿੱਲਕੁਲ ਹੀ ਬੰਦ ਹੋ ਗਿਆ। ਸ੍ਰੀਮਤੀ ਜੀ ਨੇ ਸਪਸ਼ਟ ਐਲਾਨ ਕਰ ਦਿੱਤਾ "ਤੁਸੀਂ ਦਾਰੁ ਤਾਂ ਬਿੰਦ ਕੁ ਨੂੰ ਪੀਣ ਲੱਗ ਹੀ ਜਾਣੀ ਹੁੰਦੀ ਹੈ, ਸਾਡਾ ਕਾਹਨੂੰ ਖੰਡ, ਚਾਹ ਦੁੱਧ ਅਤੇ ਟੈਮ ਖਰਾਬ ਕਰਦੇ ਓ ਐਂਵੇ। ਇਹਨਾਂ ਨੂੰ ਪਹਿਲਾਂ ਹੀ ਬਾਹਰਲੇ ਵਾੜੇ ਲਿਜਾ ਕੇ ਪਿਆ ਦਿਆ ਕਰੋ ਜਿਹੜੀ ਪਿਉਣੀ ਹੁੰਦੀ ਐ। ਐਵੇਂ ਸਾਡੀ ਨਾ ਖੱਲ ਖਾਇਆ ਕਰੋ।"

ਚਲੋ ਜੀ ਹੋਈ ਨਿੱਬੜੀ। ਕੁਝ ਦਿਨ ਚੈਨ ਦੇ ਲੰਘੇ। ਇੱਕ ਦਿਨ ਸ੍ਰੀਮਤੀ ਜੀ ਬਾਜ਼ਾਰ ਗਏ।ਵੱਡੀ ਬੇਬੀ ਵੀ ਨਾਲ ਸੀ।ਉਥੇ ਦੋ ਭਾਈ ਸਾਹਿਬ ਫਿਰਨ ਜਿਨ੍ਹਾਂ ਦੇ ਗਲਾਂ ਵਿੱਚ ਥੈਲੇ ਲਟਕਾਏ ਹੋਏ ਸਨ। ਉਨ੍ਹਾਂ ਦੇ ਬਾਕੀ ਲੱਛਣਾਂ ਦਾ ਅੰਦਾਜਾ ਲਾ ਕੇ ਸ੍ਰੀਮਤੀ ਜੀ ਵੱਡੀ ਬੇਬੀ ਨੂੰ ਕਹਿਣ ਲੱਗੇ, "ਆਹ ਜਿਹੜੇ ਭਾਈ ਜੇਹੇ ਫਿਰਦੇ ਆ ਨਾ ਥੈਲਿਆਂ ਵਾਲੇ ਇਹ ਆਪਣੇ ਘਰੇ ਜ਼ਰੂਰ ਜਾਣਗੇ, ਤੇਰੇ ਡੈਡੀ ਕੋਲੇ। ਬੱਸ ਐਹੋ ਜਿਹੇ ਉਹਦੇ ਕੋਲ ਦੀ ਆਉਂਦੇ ਹੁੰਦੇ ਹਨ। ਗੱਲ ਵੀ ਉਹੋ ਹੀ ਹੋਈ। ਜਦੋਂ ਨੂੰ ਉਹ ਮੁੜਕੇ ਆਈਆਂ ਸਾਡੀ ਘੁੱਟ ਘੁੱਟ ਲਾਈ ਹੋਈ ਸੀ। ਬੱਸ ਫੇਰ ‘ਆਂਖੋ ਹੀ ਆਂਖੋ’ ਸੇ ਇਸ਼ਾਰੇ ਹੋ ਗਏ।

ਬੜਾ ਸਮਝਾਇਆ, ਬੜੇ ਲੈਸਨ ਲਾਏ ਬਈ ਇਹ ਤਾਂ ਲੇਖਕ ਹੁੰਦੇ ਹਨ। ਇਹ ਅਖ਼ਬਾਰਾਂ ਵਿੱਚ ਛਪਦੇ ਹਨ। ਇਹਦੀ ਫਲਾਣੀ ਕਿਤਾਬ ਆਈ ਹੈ। ਇਹ ਫਲਾਣੇ ਫਲਾਣੇ ਥਾਂ ਛਪਦੇ ਹਨ। ਇਹ ਵੱਖਰੀ ਪ੍ਰਤਿਭਾ ਦੇ ਮਾਲਕ ਹੁੰਦੇ ਹਨ। ਇਹ ਬੜੇ ਗਿਫਟਡ ਬਰੇਨ ਹੁੰਦੇ ਹਨ। ਪਰ ਪੱਥਰ ਪਾਣੀ ਰੱਖੀਏ, ਅੰਦਰ ਨਾ ਭਿੱਜੇ ਵਾਲੀ ਸਿਆਣਿਆਂ ਦੀ ਗੱਲ ਕਿਵੇਂ ਝੂਠ ਹੋ ਸਕਦੀ ਹੈ। ਸੋ ਸਪਸ਼ਟ ਐਲਾਨ ਹੋ ਗਿਆ ‘ਮਹਿਮਾਨ ਆਉਣ ਜੀ ਸਦਕੇ ਅਉਣ ਮੋਸਟ ਵੈਲਕਮ! ਪਰ ਆਹ ਬਗਲੀਆਂ ਜੀਆਂ ਵਾਲੇ ਸਾਡੇ ਘਰ ਨਾ ਵੜਨ ਇਕ ਦੋ ਤਿੰਨ!!! ਅਜਿਹੇ ਐਲਾਨ ਉਂਝ ਤਾਂ ਅੱਗੇ ਵੀ ਕਈ ਵਾਰ ਹੋਏ ਸਨ ਪ੍ਰੰਤੂ ਅੱਜ ਸਾਡੀ ਸ੍ਰੀਮਤੀ ਜੋ ਭਾਵੇਂ ਨੌ ਜਮਾਤਾਂ ਪਾਸ ਸੀ ਪ੍ਰੰਤੂ ਅੰਗਰੇਜ਼ੀ ਦੇ ਹਰ ਪੇਪਰ ਵਿੱਚੋਂ ਹਮੇਸ਼ਾਂ ਫੇਲ੍ਹ ਹੀ ਹੁੰਦੀ ਸੀ। ਉਹਦੇ ਮੂੰਹੋਂ ਨਿਕਲਿਆ ਮੋਸਟ ਵੈਲਕਮ ਸ਼ਬਦ ਸੁਣਕੇ ਮੈਨੂੰ ਉਹਦੇ ਇਸ ਐਲਾਨ ਨੇ ਗੰਭੀਰਤਾ ਨਾਲ ਸੋਚਣ ਲਈ ਮਜ਼ਬੂਰ ਕਰ ਦਿੱਤਾ।

ਮੈਨੂੰ ਕੋਈ ਸਮਝ ਨਾ ਆਵੇ। ਆਖ਼ਰ ਇਸ ਥੈਲੇ ਤੋਂ ਕੀ ਗੁਨਾਹ ਹੋ ਗਿਆ। ਥੈਲੇ ਦਾ ਆਪਣਾ ਇੱਕ ਗੌਰਵਮਈ ਇਤਿਹਾਸ ਹੈ। ਪਹਿਲਾਂ ਪਹਿਲਾਂ

ਸੁੱਧ ਵੈਸ਼ਨੂੰ ਢਾਬਾ/36