ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਲਟਾ ਫਤਿਹ ਸਿਉਂ ਨੂੰ ਕਹਿਣ ਲੱਗੇ ਬੀਬੀ (ਜਾਣੀ ਇੰਦਰਾ ਗਾਂਧੀ) ਤੁਹਾਡੇ 'ਤੇ ਬਹੁਤ ਖੁਸ਼ ਹੈ। ਤੁਸੀਂ ਚੰਡੀਗੜ੍ਹ ਦਾ ਫ਼ਿਕਰ ਨਾ ਕਰੋ, ਉਹ ਆਪ ਚੰਡੀਗੜ ਆ ਕੇ ਥੋਨੂੰ ਸੌਂਪ ਕੇ ਜਾਊ।ਨਾਲੇ ਉਨਾ ਚਿਰ ਹਰਿਆਣੇ ਵਾਲੇ ਵਿਰੇ ਰਹਿਣਗੇ। ਫਤਿਹ ਸਿਉਂ ਨੂੰ ਵਿਚਾਰੇ ਨੂੰ ਵਿਚਲੀਆਂ ਗੁੱਝੀਆਂ ਗੱਲਾਂ ਦਾ ਕੀ ਪਤਾ ਸੀ। ਉਹਨੂੰ ਤਾਂ ਸ਼ਾਇਦ ਪੰਜਾਬੀ ਸੂਬੇ ਬਾਰੇ ਵੀ ਪੂਰਾ ਗਿਆਨ ਨਹੀਂ ਸੀ ਕਿਉਂਕਿ ਆਖਿਆ ਜਾ ਸਕਦਾ ਹੈ ਕਿ ਜੇਕਰ ਉਸਨੂੰ ਪੂਰਾ ਗਿਆਨ ਹੁੰਦਾ ਤਾਂ ਪੰਜਾਬ ਦੀ ਇਹ ਦੁਰਦਸ਼ਾ ਨਾ ਹੁੰਦੀ ਜੋ ਅੱਜ ਹੈ। ਹਾਂ ਤੇ ਜਿਨਾਂ ਨੂੰ ਕੁੱਝ ਗਿਆਨ ਸੀ ਉਹ ਚੁੱਪ ਕਰਕੇ ਘੇਸਲ ਮਾਰਕੇ ਪਾਸੇ ਬੈਠੇ ਤਮਾਸ਼ਾ ਵੇਖਦੇ ਰਹੇ। ਉਹਨਾਂ ਨੂੰ ਪਤਾ ਸੀ ਕਿ ਕੋਈ ਗੱਲ ਨਹੀਂ ਤਵੀ ਤਪਣ ਦਿਉ, ਮੌਕਾ ਆਉਣ ਤੇ ਫੁਲਕੇ ਤਾਂ ਆਪਾਂ ਹੀ ਰਾੜਨੇ ਹਨ। ਸੋ ਹੁਕਮ ਸਿਉਂ ਫਤਿਹ ਸਿਉਂ ਨੂੰ ਕਹਿਣ ਲੱਗਾ ਪਤੰਦਰਾ ਤੇਰੇ ਹੇਲਾ ਨਹੀਂ ਹੇਲੀ ਨੀ, ਤੂੰ ਐਵੇਂ ਹੀ ਇਸ ਕੰਵਾਲੀ ਕੌਮ ਦੇ ਆਖੇ ਸੜ ਕੇ ਮਰੀ ਜਾਨੈ। ਰਹਿਣ ਦੇ ਪਰੇ, ਅਸੀਂ ਆਪੇ ਸਾਂਭ ਲਾਂਗੇ ਸਾਰਾ ਕੁੱਝ। ਸੋ ਫਤਿਹ ਸਿਉਂ ਨੂੰ ਵੀ ਗੱਲ ਜਚ ਗਈ ਜਾਂ ਕਹਿ ਲੋ ਜਚਾ ਦਿੱਤੀ ਗਈ ਸੋ ਉਸਨੇ ਮਰਨਾ ਜਾਣੀ ਸੜਨਾ ਕਰਤਾ ਮੁਲਤਵੀ ਤੇ ਮੋਰਚਾ ਖਤਮ ਕਰਨ ਦਾ ਐਲਾਨ ਕਰ ਦਿੱਤਾ। ਅਖੇ ਢਾਹ ਦਿਉ ਅਗਨ ਕੁੰਡ। ਬੱਸ ਫੇਰ ਕੀ ਸੀ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਚੱਲ ਪੇ ਤਲਵਾਰਬਾਜੀ ਦੇ ਜੌਹਰ। ਬਾਬੇ ਨੂੰ ਉਸਦੇ ਹਮਾਇਤੀਆਂ ਨੇ ਲਕੋ ਲਿਆ ਅਤੇ ਹੁਕਮ ਸਿਉਂ ਦਾ ਪਤਾ ਹੀ ਨਾ ਲੱਗਾ ਕਦੋਂ ਚੜਿਆ ਆਪਣੇ ਹੈਲੀਕਾਪਟਰ ’ਤੇ ਵੱਜਿਆ ਦਿੱਲੀ। ਜਦੋਂ ਤਾਈਂ ਆਮ ਜਨਤਾ ਨੂੰ ਸੁਰਤ ਆਈ। ਪੰਜਾਬ ਦੇ ਪਰ ਕੱਟ ਜਾ ਚੁਕੇ ਸਨ।

ਪੰਜਾਬੀ ਸੂਬਾ ਹੋਂਦ ਵਿੱਚ ਆਇਆ ਮਨਿਸਟਰੀਆਂ ਵਾਲਿਆਂ ਨੇ ਮਨਿਸਟਰੀਆਂ ਸਾਂਭ ਲਈਆਂ। ਜਾਣੀ ਵਾਰੀ ਬੰਨ੍ਹ ਲੀ। ਉਤਰ ਕਾਟੋ ਮੈਂ ਚੜ੍ਹਾਂ ਦੀ ਖੇਡ ਸ਼ੁਰੂ ਹੋ ਗਈ। ਪੰਜਾਬੀ ਸੂਬਾ ਵਸਣ ਰਸਣ ਲੱਗਾ। ਵਿੱਚ ਵਿਚਾਲੇ ਜੇ ਥੋੜਾ ਚਿਰ ਬਰਨਾਲਾ ਸਾਹਿਬ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਵੀ ਮਿਲ ਗਿਆ। ਬਰਨਾਲਾ ਸਾਹਿਬ ਵੇਲੇ ਪਤਾ ਨਹੀਂ ਕਿਹੜੇ ਸ਼ਾਤਿਰ ਦਿਮਾਗ ਨੇ ਕੰਦੂ ਖੇੜੇ ਦੀ ਰਾਇ ਮਾਰੀ ਦੀ ਸ਼ੁਰਲੀ ਛੱਡ ਦਿੱਤੀ। (ਕੰਦੂ ਖੇੜਾ ਮੁਕਤਸਰ ਸਾਹਿਬ ਵਾਲੇ ਪਾਸੇ ਹਰਿਆਣੇ ਦੀ ਹੱਦ ਨਾਲ ਲੱਗਦਾ ਇੱਕ ਪਿੰਡ ਹੈ। ਅਖੇ ਕੰਦੂ ਖੇੜੇ ਦੀ ਰਾਇਸ਼ੁਮਾਰੀ ਅਨੁਸਾਰ ਪੰਜਾਬ ਅਤੇ ਹਰਿਆਣੇ ਸੰਬੰਧੀ ਫੈਸਲਾ ਹੋਵੇਗਾ। ਫੈਸਲਾ ਕੀ ਹੋਣਾ ਸੀ ਕੀ ਨਹੀਂ ਸੀ ਹੋਣਾ ਇਹ ਗੱਲਾਂ ਤਾਂ ਹੁਣ ਸਾਡੇ ਵੀ ਦਿਮਾਗ ਵਿੱਚੋਂ ਨਿਕਲ ਚੁਕੀਆਂ ਹਨ। ਪ੍ਰੰਤੁ ਬਰਨਾਲਾ ਸਾਹਿਬ ਨੇ ਜੇਹੜਾ ਉਸ ਵੇਲੇ ਮੌਕਾ ਸੰਭਾਲਿਆ ਉਸਦੀ ਦਾਦ ਦੇਣੀ ਬਣਦੀ ਹੈ। ਨਹੀਂ ਤਾਂ ਕੋਈ ਹੋਰ ਵੱਡਾ ਬਖੇੜਾ ਖੜ੍ਹਾ ਹੋ ਸਕਦਾ ਸੀ। ਚਲੋ ਜੀ ਇਸ ਬਹਾਨੇ ਬਰਨਾਲਾ ਸਾਹਿਬ ਦੇ ਹਿੱਸੇ ਵੀ ਆਪਣੇ ਲੰਮੇ ਸਿਆਸੀ ਜੀਵਨ ਦਾ ਇੱਕ ਜਬਰਦਸਤ ਪਲੱਸ ਪੁਆਇੰਟ ਆ ਗਿਆ।

ਸੁੱਧ ਵੈਸ਼ਨੂੰ ਢਾਬਾ/43