ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਲੋ ਜੀ ਪੰਜਾਬ ਵਸਣ ਲੱਗਾ ਗੁਰਾਂ ਦੇ ਨਾਂ ’ਤੇ। ਪਰ ਪੰਜਾਬੀ ਕਿੱਥੇ ਟਿਕਣ। ਜੇ ਬਾਹਰਲਿਆਂ ਨਾਲ ਪੰਗਾ ਪਿਆ ਰਹੇ ਤਾਂ ਠੀਕ ਹੈ ਨਹੀਂ ਤਾਂ ਆਪਣਿਆਂ ਨਾਲ ਹੀ ਸਿੰਗ ਫਸਾ ਲੈਂਦੇ ਹਨ। ਸਪਤ ਸਿੰਧੂ ਤੋਂ ਬਣਿਆ ਪੰਜਾਬੀ ਸੂਬਾ। ਇਹਦੇ ਵਿੱਚ ਕੋਈ ਹੋਰ ਕਾਂਟ ਛਾਂਟ ਦੀ ਕੋਈ ਗੁੰਜਾਇਸ਼ ਨਜ਼ਰ ਨਹੀਂ ਆਉਂਦੀ। ਚਲੋ ਆਪਾ ਇਸੇ ਨੂੰ ਭੋਰਨਾ ਸ਼ੁਰੂ ਕਰ ਦਿੰਦੇ ਹਾਂ।

ਗੱਲ ਆਪਾਂ ਆਪਣੇ ਤੋਂ ਹੀ ਸ਼ੁਰੂ ਕਰ ਲੈਂਦੇ ਆਂ। ਸਾਡੇ ਹਿੱਸੇ ਵਿੱਚ ਮਾਸਟਰ ਤਾਰਾ ਸਿੰਘ ਦੇ ਮਹਾਂ ਪੰਜਾਬ ਦੇ ਖਾਕੇ ਵਿੱਚੋਂ ਕਹਿੰਦਾ ਕਹਾਉਂਦਾ ਇੱਕ ਜ਼ਿਲ੍ਹਾ ਆਇਆ ਜਿਸਦਾ ਨਾਮ ਸੀ ਜ਼ਿਲ੍ਹਾ ਫਿਰੋਜ਼ਪੁਰ। ਜਾਣੀ ਜਨਮ ਤੋਂ ਅਸੀਂ ਫਿਰੋਜ਼ਪੁਰੀਏ ਹੀ ਹਾਂ। ਸਾਡੀ ਦਸਵੀਂ ਦੀ ਸਨਦ ’ਤੇ ਅਜੇ ਵੀ ਜ਼ਿਲ੍ਹਾ ਫਿਰੋਜ਼ਪੁਰ ਬੋਲਦਾ ਹੈ। ਸਮੇਂ ਦੇ ਗੇੜ ਨਾਲ ਗਿਆਨੀ ਜ਼ੈਲ ਸਿੰਘ ਜੋ ਬਾਅਦ ਵਿੱਚ ਭਾਰਤ ਦੇ ਰਾਸ਼ਟਰਪਤੀ ਵੀ ਬਣੇ, ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਗਿਆਨੀ ਜ਼ੈਲ ਸਿੰਘ ਜੀ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਕਿ ਉਹ ਸਿਰੇ ਦੇ ਵਤਨ ਪ੍ਰਸਤ ਸਨ। ਸੋ ਜੋ ਵਤਨ ਪ੍ਰਸਤ ਸਨ ਉਨਾਂ ਦੀ ਸੂਬਾ ਪ੍ਰਸਤੀ ਤੇ ਤਾਂ ਕੋਈ ਸ਼ੱਕ ਕੀਤਾ ਹੀ ਨਹੀਂ ਜਾ ਸਕਦਾ। ਸੂਬੇ ਪ੍ਰਸਤੀ ਪਿੱਛੋਂ ਜ਼ਿਲਾ ਪ੍ਰਸਤੀ ਅਤੇ ਫਿਰ ਆਪਣੇ ਪਿੰਡ ਜਾਂ ਸ਼ਹਿਰ ਪ੍ਰਸਤੀ ਦਾ ਜ਼ਜਬਾ ਉਸੇ ਹੀ ਨਿਸਬਤ ਨਾਲ ਬਣਿਆ ਰਹਿੰਦਾ ਹੈ। ਸੋ ਗਿਆਨੀ ਜ਼ੈਲ ਸਿੰਘ ਦੇ ਆਪਣੇ ਸ਼ਹਿਰ ਫਰੀਦਕੋਟ ਵਿੱਚ ਹਮੇਸ਼ਾਂ ਹੀ ਫਰੀਦਕੋਟੀਏ ਰਾਜੇ ਨਾਲ ਉਨਾਂ ਦੇ ਸਿੰਗ ਫਸੇ ਰਹਿੰਦੇ ਸਨ। ਸੋ ਬਤੌਰ ਪੰਜਾਬ ਦੇ ਮੁੱਖ ਮੰਤਰੀ ਜਦੋਂ ਉਨ੍ਹਾਂ ਨੂੰ ਫਰੀਦਕੋਟ ਦਾ ਹੇਜ ਜਾਗਿਆ ਤਾਂ ਉਨਾਂ ਫਿਰੋਜ਼ਪੁਰ ਵਿੱਚੋਂ ਇੱਕ ਨਵਾਂ ਜ਼ਿਲ੍ਹਾ ਫਰੀਦਕੋਟ ਬਣਾਉਣ ਦਾ ਐਲਾਨ ਕਰ ਦਿੱਤਾ। ਮੁੱਖ ਮੰਤਰੀ ਦਾ ਹੁਕਮ ਕਿਹੜਾ ਮੋੜੇ। ਨਵਾਂ ਜ਼ਿਲ੍ਹਾ ਫਰੀਦਕੋਟ ਹੋਂਦ ਵਿੱਚ ਆ ਗਿਆ ਅਤੇ ਅਸੀਂ ਰਾਤੋ ਰਾਤ ਫਿਰੋਜ਼ਪੁਰੀਆ ਤੋਂ ਫਰੀਦਕੋਟੀਏ ਬਣ ਗਏ। ਫੇਰ ਵਾਰੀ ਆਈ ਸ. ਹਰਚਰਨ ਸਿੰਘ ਬਰਾੜ ਦੀ। ਜਿਸਨੂੰ ਕਾਕਾ ਸਰਾਵਾਂ ਵਾਲੇ ਦੇ ਐਂਟ ਨਾਮ ਨਾਲ ਜਾਣਿਆ ਜਾਂਦਾ ਸੀ। ਸੋ ਤਾਏ ਦੀ ਧੀ ਚੱਲੀ, ਮੈਂ ਕਿਉਂ ਰਵਾਂ ਇਕੱਲੀ।ਉਸਨੇ ਫਰੀਦਕੋਟ ਦਾ ਵੀ ਉਪਰੇਸ਼ਨ ਕਰਕੇ ਇਸ ਵਿੱਚੋਂ ਇਕੱਠੇ ਦੋ ਜੌੜੇ ਜ਼ਿਲ੍ਹੇ ਮੁਕਤਸਰ ਅਤੇ ਮੋਗਾ ਕੱਢ ਦਿੱਤੇ ਅਤੇ ਅਸੀਂ ਫਿਰ ਫਰੀਦਕੋਟੀ ਤੋਂ ਬਣ ਗਏ ਮੋਗਵੀ। ਏਸ ਘਚੋਲੇ ਵਿੱਚ ਬਹੁਤਾ ਚਿਰ ਤਾਂ ਸਾਨੂੰ ਇਹ ਨਹੀਂ ਸਮਝ ਆਈ ਕਿ ਸਾਡਾ ਪਰਮਾਨੈਂਟ ਐਡਰੈਸ ਬਦਲਿਆ ਹੈ ਕਿ ਕਾਰਸਪਾਂਡੇਸ ਐਡਰੈਸ ਕਿਉਂਕਿ ਪਹਿਲੇ 20-25 ਸਾਲ ਜ਼ਿਲ੍ਹਾ ਫਿਰੋਜਪੁਰ ਲਿਖਦੇ ਰਹੇ ਹੁਣ 10-12 ਸਾਲ ਜ਼ਿਲ੍ਹਾ ਫਰੀਦਕੋਟ ਲਿਖਦਿਆਂ ਨੂੰ ਵੀ ਹੋ ਗਏ ਹਨ ਅਤੇ ਹੁਣ ਜ਼ਿਲ੍ਹਾ ਬਣ ਗਿਆ ਮੋਗਾ। ਮੋਗੇ ਨੂੰ ਹਾਲ ਤੱਕ ਤਹਿਸੀਲ ਹੀ ਲਿਖਦੇ ਆਏ ਹਾਂ। ਹੁਣ ਅਖੇ ਤਹਿਸੀਲ ਵੀ ਮੋਗਾ ਤੇ ਜ਼ਿਲ੍ਹਾ ਵੀ ਮੋਗਾ। ਜਾਣੀ ਤਹਿਸੀਲ ਦਾ ਅਜੇ ਭੰਬਲਭੂਸਾ ਹੀ ਚੱਲ ਰਿਹਾ ਸੀ ਕਿ ਨਿਹਾਲ ਸਿੰਘ ਵਾਲਾ ਇੱਕ ਨਵੀਂ

ਸੁੱਧ ਵੈਸ਼ਨੂੰ ਢਾਬਾ/44