ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋਸਤ ਐ ਲਹੌਰ ਬੁੱਕ ਸ਼ਾਪ ਵਾਲੇ। ਨਹੀਂ ਤਾਂ ਨਾਲ ਈ ਲਾਇਲਪੁਰ ਬੁੱਕ ਹਾਉਸ ਹੈ, ਉਥੇ ਜਿਹੋ ਜਿਹੀ ਮਰਜੀ ਐ ਕਿਤਾਬ ਖਰੀਦ ਲੋ। ਨਹੀਂ ਪਰੇ ਨਾਲ ਈ ਜਲੰਧਰ ਐ। ਉਥੋਂ ਤਾਂ ਮਾਈ ਹੀਰਾ ਗੇਟ ’ਚੋਂ ਭਾਵੇਂ ਸ਼ਰਾਬ ਵਿਰੋਧੀ, ਅਫ਼ੀਮ ਵਿਰੋਧੀ ਗਾਂਜੇ ਅਤੇ ਭੁੱਕੀ ਆਦਿ ਵਿਰੋਧੀ ਜਿਹੋ ਜਿਹੀ ਮਰਜੀ ਕਿਤਾਬ ਖਰੀਦ ਲਵੋ। ਮੈਨੂੰ ਤਾਂ ਲੱਗਦੈ ਹੁਣ ਤਾਂ ਉਥੇ ਹੈਰੋਇਨ, ਚਰਸ ਅਤੇ ਚਿੱਟੇ ਆਦਿ ਵਿਰੋਧੀ ਵੀ ਕਿਤਾਬਾਂ ਆ ਗਈਆਂ ਹੋਣਗੀਆਂ। ਨਾਲ ਗਾਂਹ ਨੂੰ ਜੁਆਕਾਂ ਦੇ ਕੰਮ ਆਉਣਗੀਆਂ। ਉਥੋਂ ਲਿਆਵਾਂਗੇ ਕੱਲ੍ਹ ਨੂੰ। ਮੋਗੇ ਆਲੇ ਦੁਕਾਨਦਾਰ ਵੀ ਕੋਈ ਦੁਕਾਨਦਾਰ ਐ ...ਸਾਲੇ ਟੁੱਚੁ ਨਾ ਹੋਣ ਤਾਂ...? ਤੇ ਇੰਝ ਕਰਦੇ ਕਰਦੇ ਦੀ ਬਾਈ ਜੀ ਦੀ ਪਤਾ ਨਹੀਂ ਕਦੋਂ ਅੱਖ ਲੱਗ ਗਈ।

ਸੁਬ੍ਹਾ ਜਦੋਂ ਨੂੰ ਸਰਦਾਰ ਸਾਹਿਬ ਹੋਰਾਂ ਦੀ ਅੱਖ ਖੁੱਲੀ, ਸੂਰਜ ਆਪਣੀ ਕਾਫੀ ਮੰਜ਼ਿਲ ਤੈਅ ਕਰ ਚੁੱਕਾ ਸੀ। ਹੋਵੇ ਵੀ ਕਿਉਂ ਨਾ ਕਿਉਂਕਿ ਅੱਗੇ ਤਾਂ ਬਾਈ ਜੀ ਆਮ ਤੌਰ ਤੇ ਤੰਗੀ ਤੁਰਸੀ ਦੀ ਹੀ ਪੀਂਦੇ ਸੀ ਅਤੇ ਕੱਲ੍ਹ ਤਾਂ ਸੁੱਖ ਨਾਲ ਡੇਢ ਸੌ ਰੁਪਈਆ ਮੁਫ਼ਤ ਦਾ ਹੱਥ ਆਇਆ ਸੀ।

ਪਤਨੀ ਵਿਚਾਰੀ ਆਪਣੀ ਕਿਸਮਤ ਨੂੰ ਕੋਸਦੀ ਆਖ ਰਹੀ ਸੀ, ‘ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ’।

ਸੁੱਧ ਵੈਸ਼ਨੂੰ ਢਾਬਾ/50