ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਤਾਂ ਹਰ ਤੀਜੇ ਦਿਨ ਕੋਈ ਨਾ ਕੋਈ ਅਧਿਆਪਕ ਛੁੱਟੀ 'ਤੇ ਰਹਿੰਦਾ। ਕਈ ਵਾਰ ਤਾਂ ਦੋ ਦੋ ਜਾਂ ਇਸ ਤੋਂ ਵੀ ਵਧੀਕ ਅਧਿਆਪਕ ਛੁੱਟੀ ਤੇ ਹੁੰਦੇ। ਗਿੱਲ ਸਾਹਬ ਅੱਜ ਫਲਾਣੇ ਫਲਾਣੇ ਅਧਿਆਪਕ ਛੁੱਟੀ ’ਤੇ ਹਨ ਕਰ ਦਿਓ ਕੇਰਾਂ ਅਡਜਸਮੈਂਟ ਮੁੱਖ ਅਧਿਆਪਕ ਨੇ ਥੋੜਾ ਵਿਅੰਗ ਅਤੇ ਥੋੜ੍ਹਾ ਅਪਣੱਤ ਨਾਲ ਹੁਕਮ ਚਾੜ ਦੇਣਾ। ਅਡਜਸਟਮੈਂਟ ਤਾਂ ਚਲੋ ਕਰ ਦੇਣੀ ਪ੍ਰੰਤੁ ਬਾਅਦ ਵਿੱਚ ਬਾਕੀ ਸਟਾਫ ਨੇ ਚਿੜ ਚਿੜ ਕਰਨੀ। ਗਿੱਲਾ ਯਾਰ ਇੱਕ ਅੱਧਾ ਪੀਰੀਅਡ ਮਸਾਂ ਹੀ ਵਿਹਲਾ ਹੁੰਦਾ ਹੈ, ਉਹ ਚੁੱਕ ਕੇ ਤੂੰ ਠੋਕ ਦਿਨੇਂ। ਬੰਦੇ ਨੇ ਭੋਰਾ ਰੀਲੈਕਸ ਵੀ ਹੋਣਾ ਹੁੰਦਾ ਹੈ। ਜੀਹਦਾ ਪੀਰੀਅਡ ਅਡਜਸਟ ਕਰ ਦੇਣਾ ਉਸ ਨੇ ਆ ਕੇ ਗੁੱਸਾ ਕੱਢਣਾ। ਕੀਹਨੂੰ ਕੀਹਨੂੰ ਸਪਸ਼ਟੀਕਾਰਨ ਦੇਈਏ।

ਇੱਕ ਫੁਕਰੇ ਜਿਹੇ ਮਾਸਟਰ ਨੇ ਟਾਹਲੀ ’ਚ ਮੋਟਰਸਾਈਕਲ ਮਾਰਕੇ ਲੱਤ ਤੁੜਾ ਲਈ। ਸੱਤਵੇਂ ਪੀਰੀਅਡ ਇਹ ਖ਼ਬਰ ਸਕੂਲ ਵਿੱਚ ਪੁੱਜੀ। ਲੋਕਾਂ ਦੇ ਨਾਲ ਨਾਲ ਅਫਸੋਸ ਤਾਂ ਅਸੀਂ ਵੀ ਕੀਤਾ ਪਰ ਮੈਂ ਮਨ ਵਿੱਚ ਸੋਚ ਰਿਹਾ ਸੀ ਹੁਣ ਅਡਜਸਟਮੈਂਟ ਇਹਦੀ ਵੀ ਕਰਨੀ ਪਊ। ਅਗਲੇ ਹਫਤੇ ਇੱਕ ਮੈਡਮ ਪ੍ਰਸੂਤਾ ਛੁੱਟੀ 'ਤੇ ਜਾ ਰਹੀ ਹੈ। ਉਸਦੇ ਪੀਰੀਅਡਾਂ ਦੀ ਵੀ ਆਉਂਦੇ ਛੇ ਮਹੀਨਿਆਂ ਲਈ ਪੱਕੀ ਅਡਜਸਟਮੈਂਟ ਕਰਨੀ ਪੈਣੀ ਹੈ। ਇੱਕ ਚੱਕਮਾ ਜਿਹਾ ਅਧਿਆਪਕ ਕਹਿੰਦਾ ਰਹਿੰਦੈ ‘ਬੱਸ ਦੋ ਚਾਰ ਦਿਨ ਐ, ਵੀਜਾ ਆਇਆ ਪਿਆ ਹੈ। ਯਾਰਾ ਨੇ ਤਾਂ ਮਾਰ ਜਾਣੀ ਐ ਉਡਾਰੀ ਕੈਨੇਡਾ ਨੂੰ, ਏਥੇ ਇੰਡੀਆ ’ਚ ਕੀ ਰੱਖਿਆ ਪਿਆ ਹੈ। ਅਗਲੇ ਮਹੀਨੇ ਬਰਾੜ ਦੀ ਰਿਟਾਇਰਮੈਂਟ ਹੈ। ਏਸ ਹਿਸਾਬ ਨਾਲ ਤਾਂ ਗਿੱਲਾ ਤੇਰੀ ਸਾਰੀ ਸਰਵਿਸ ਅਡਜਸਟਮੈਂਟ ਵਿੱਚ ਹੀ ਲੰਘ, ਇੱਕ ਨਵਾਂ ਯੱਭ ਪੈ ਗਿਆ ਇੱਕ ਅਧਿਆਪਕ ਦੀ ਪ੍ਰਬੰਧਕੀ ਅਧਾਰ ’ਤੇ ਬਦਲੀ ਹੋ ਗਈ। ਉਸਨੂੰ ਤੁਰੰਤ ਰੀਲੀਵ ਕਰਨ ਦੇ ਆਰਡਰ ਆ ਗਏ। ਗਿੱਲਾ ਹੋ ਜਾ ਅਡਜਸਟਮੈਂਟ ਲਈ ਤਿਆਰ। ਮੇਰਾ ਜੀਅ ਕਰੇ ਇਹਨੂੰ ਆਖਾਂ ਬਈ ਆਪਣੀ ਅਡਜਸਟਮੈਂਟ ਆਪੇ ਹੀ ਕਰਜਾ।

ਹੋਣੀ ਤਾਂ ਚਲੋ ਹੋਈ। ਹੋਣ ਵਾਲੀਆਂ ਗੱਲਾਂ ਤਾਂ ਚਲੋ ਹੁੰਦੀਆਂ ਰਹਿੰਦੀਆਂ ਹਨ। ਇਹ ਵੱਖਰੀ ਗੱਲ ਹੈ ਕਿ ਕਿਸੇ ਨੂੰ ਰਾਸ ਆ ਜਾਂਦੀਆਂ ਹਨ ਕਿਸੇ ਲਈ ਕਸ਼ਟਦਾਇਕ ਵੀ ਹੋ ਸਕਦੀਆਂ ਹਨ। ਪ੍ਰੰਤੂ ਜੇ ਅਣਹੋਣੀ ਹੋ ਜਾਵੇ ਉਸਦਾ ਦੁੱਖ ਤਾਂ ਵਰਨਣ ਤੋਂ ਪਰੇ ਹੈ ਅਤੇ ਉਸ ਦੁੱਖ ਦਾ ਸਹਿਣਾ ਤਾਂ ਤੁਸੀਂ ਆਪ ਹੀ ਅੰਦਾਜਾ ਲਗਾ ਸਕਦੇ ਹੋ। ਅਜਿਹੀ ਹੀ ਇੱਕ ਅਣਹੋਣੀ ਹੋਈ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ। ਉਂਝ ਤਾਂ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਪਿਛਲੇ ਪੰਜਾਹ ਸਾਲਾਂ ਤੋਂ ਅਜੀਬੋ ਗਰੀਬ ਤਜਰਬੇ ਹੁੰਦੇ ਚਲੇ ਆ ਰਹੇ ਹਨ ਅਤੇ ਇਹ ਵੀ ਠੀਕ ਹੈ ਕਿ ਇਨ੍ਹਾਂ ਦਾ ਹਰ ਤਜ਼ਰਬਾ ਬੁਰੀ ਤਰ੍ਹਾਂ ਹੀ ਫੇਲ੍ਹ ਹੋਇਆ ਹੈ। ਇਸਦੇ ਵਰਨਣ ਲਈ ਤਾਂ ਇੱਕ ਵੱਖਰੇ ਅਧਿਆਇ ਬਲਕਿ ਇੱਕ ਵੱਖਰੀ ਪੁਸਤਕ ਦੀ ਲੋੜ ਹੈ। ਪ੍ਰੰਤੂ ਜਿਸ ਅਣਹੋਣੀ ਦਾ ਮੈਂ ਜ਼ਿਕਰ ਕਰਨ ਜਾ

ਸੁੱਧ ਵੈਸ਼ਨੂੰ ਢਾਬਾ/62