ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਭੇਡਾ ਚਾਲ ਹੈ, ਚਲਤੇ ਤੇ ਪਾਛੇ ਚਲੇ। ਜਿਧਰ ਇੱਕ ਭੇਡ ਤੁਰ ਪੀ ਦੂਜੀਆਂ ਥਾਂ ਥਾਂ ਕਰਦੀਆਂ ਉਸ ਦੇ ਪਿੱਛੇ ਚੱਲ ਪੈਣਗੀਆਂ। ਅਖੇ ਫਲਾਣੇ ਮੁਲਕ ਨੇ ਕਰਤਾ, ਫਲਾਣੇ ਨੇ ਐਂ ਕਰਤਾ ਅਸੀਂ ਵੀ ਏਵੇਂ ਹੀ ਕਰਾਂਗੇ। ਸੋਚਣਾ ਨਹੀਂ ਕੁੱਝ ਸਮਝਣਾ ਨਹੀਂ ਅਖੇ ਅਧਿਆਪਕ ਨੇ ਬੱਚਿਆਂ ਨੂੰ ਹੱਥ ਨਹੀਂ ਲਾਉਣਾ। ਅਸੀਂ ਵੀ ਅਧਿਆਪਕਾਂ ਰਹੇ ਹਾਂ। ਕੁੱਟ ਖਾਂਦੇ ਵੀ ਰਹੇ ਹਾਂ ਤੇ ਕੁੱਟਦੇ ਵੀ ਰਹੇ ਹਾਂ ਬੱਚਿਆਂ ਨੂੰ, ਪਰ ਕੀ ਮਜਾਲ ਬੱਚਿਆਂ ਪ੍ਰਤੀ ਸਨੇਹ, ਪਿਆਰ ਜਾਂ ਅਪਣੇਪਨ 'ਚ ਕਿਤੇ ਕੋਈ ਫਰਕ ਆਇਆ ਹੋਵੇ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਅਧਿਆਪਕ ਕੋਈ ਕਸਾਈ ਹੁੰਦਾ ਹੈ?

ਗੱਲ ਹੋਰ ਪਾਸੇ ਤੁਰ ਪਈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਗੱਲ ਦਾ ਆਪਣਾ ਮਿਜਾਜ ਹੁੰਦਾ ਹੈ ਕੀ ਪਤੈ ਕਿੱਧਰ ਨੂੰ ਮੋੜਾ ਖਾ ਜਾਵੇ।ਅਡਜਸਟਮੈਂਟ ਰਜਿਸਟਰ ਨੇ ਮੈਨੂੰ ਪੂਰੀ ਤਰ੍ਹਾਂ ਉਲਝਾ ਲਿਆ ਸੀ। ਮੇਰੇ ਸਬਰ ਦਾ ਪਿਆਲਾ ਹੁਣ ਪੂਰੀ ਤਰ੍ਹਾਂ ਭਰ ਚੁੱਕਿਆ ਸੀ। ਇਸੇ ਲਈ ਮੈਂ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ ਸੀ। ਟਾਈਮ ਟੇਬਲ ਵਾਲਾ ਕਲੀਡਰ ਤਾਂ ਹੁਣ ਗਲ ਪਿਆ ਹੀ ਪਿਆ ਹੈ, ਅਡਜਸਟਮੈਂਟ ਰਜਿਸਟਰ ਮੈਂ ਨਹੀਂ ਰੱਖਣਾ।

ਦੁਸਰੇ ਦਿਨ ਪਹਿਲੇ ਪੀਰੀਅਡ ਹੀ ਮੈਂ ਚੱਕਿਆ ਅਡਜਸਟਮੈਂਟ ਰਜਿਸਟਰ ਅਤੇ ਉਸਨੂੰ ਸਾਹਬ ਦੇ ਮੇਜ਼ 'ਤੇ ਰੱਖ ਕੇ ਬੜੇ ਅਦਬ ਸਤਿਕਾਰ ਨਾਲ ਮੱਥਾ ਟੇਕ ਦਿੱਤਾ। ਆਹ ਅਡਜਸਟਮੈਂਟ ਰਜਿਸਟਰ ਤਾਂ ਸਾਹਬ ਜੀ ਤੁਸੀਂ ਹੀ ਸਾਂਭ ਲਵੇ, ਮੈਥੋਂ ਨਹੀਂ ਹਰ ਇੱਕ ਨਾਲ ਛਿੱਤਰੋ ਛਿੱਤਰੀ ਹੋਇਆ ਜਾਂਦਾ। ਕਹਿੰਦਾ ਹੋਇਆ ਮੈਂ ਦਫ਼ਤਰੋਂ ਬਾਹਰ ਆ ਗਿਆ। ਰਸਤੇ ਵਿੱਚ ਤੁਰਿਆ ਆਉਂਦਾ ਮੈਂ ਕੰਨਾਂ ਨੂੰ ਹੱਥ ਲਾ ਲਾ ਕਹਿ ਰਿਹਾ ਸੀ। ਗਾਂਹ ਨੂੰ ਨਹੀਂ ਕਿਸੇ ਦੀ ਗੁੱਡ ਬੁਕਸ ਵਿੱਚ ਆਉਣ ਦੀ ਕੋਸ਼ਿਸ਼ ਕਰਨੀ। ਇਕ, ਦੋ ਤਿੰਨ।

ਸੁੱਧ ਵੈਸ਼ਨੂੰ ਢਾਬਾ/64