ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਵੇਂ ਵਖ਼ਤ ਨੂੰ ਫੜੇ ਲੋਕ

ਕੁੱਝ ਲੋਕਾਂ ਨੂੰ ਤਾਂ ਭਲਾ ਵਖ਼ਤ ਰੱਬ ਜਾਂ ਕੁਦਰਤ ਨੇ ਪਾਇਆ ਹੁੰਦਾ ਹੈ ਪ੍ਰੰਤੂ ਕੁੱਝ ਲੋਕਾਂ ਨੇ ਆਪਣੇ ਆਪ ਨੂੰ ਹੀ ਵਖ਼ਤ ਸਹੇੜੇ ਹੋਏ ਹੁੰਦੇ ਹਨ। ਐਵੇਂ ਆਪਣੇ ਆਪ ਵਿੱਚ ਹੀ ਸੜੀ ਜਾਣਾ ਅਜਿਹੇ ਲੋਕਾਂ ਦੀ ਆਦਤ ਜਾਂ ਕਹਿ ਲਵੋ ਸ਼ੌਕ ਹੀ ਹੁੰਦਾ ਹੈ। ਉਨ੍ਹਾਂ ਦੀ ਤਰਾਸਦੀ ਦਰਅਸਲ ਇਹ ਹੁੰਦੀ ਹੈ ਕਿ ਜਿਸ ਪਰਿਵਾਰਕ ਜਾ ਸਮਾਜਿਕ ਸਿਸਟਮ ਵਿੱਚ ਉਹ ਜੰਮੇ ਪਲੇ ਹੁੰਦੇ ਹਨ ਉਸ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿਟ ਨਹੀਂ ਕਰ ਪਾਉਂਦੇ। ਉਹ ਆਪਣੇ ਆਪ ਨੂੰ ਇੱਕ ਵੱਖਰੀ ਮਿੱਟੀ ਦੇ ਬਣੇ ਹੋਏ ਅਤੇ ਹਾਈ ਸਟੈਂਡਰਡ ਦੇ ਬੰਦੇ ਸਮਝਦੇ ਹਨ, ਜੋ ਅਸਲ ਵਿੱਚ ਉਹ ਹੁੰਦੇ ਨਹੀਂ, ਅਤੇ ਇਹੋ ਹੀ ਸਦਾ ਉਨ੍ਹਾਂ ਦੀ ਮਾਨਸਿਕ ਉਧੇੜ ਬੁਣ ਅਤੇ ਉਪਰਾਮਤਾ ਦਾ ਕਾਰਨ ਬਣਿਆ ਰਹਿੰਦਾ ਹੈ।ਉਨ੍ਹਾਂ ਦਾ ਖਾਣਾ-ਪੀਣਾ (ਖਾਣ ਪੀਣ ਵਾਲੇ ਤਾਂ ਅਕਸਰ ਅਜਿਹੇ ਲੋਕ ਹੁੰਦੇ ਹੀ ਨਹੀਂ) ਬੋਲ ਚਾਲ ਅਤੇ ਪਹਿਨਣ ਪੱਚਰਣ ਦੇ ਢੰਗ ਕੁਝ ਨਿਵੇਕਲੇ ਹੀ ਹੁੰਦੇ ਹਨ। ਮਿਸਾਲ ਦੇ ਤੌਰ 'ਤੇ ਸੁਬਾ ਉੱਠੇ ਲੋਕਾਂ ਦਾ ਦਾਤਣ ਕੁਰਲਾ ਅਤੇ ਨਹਾਉਣ ਧੋਣ ਇਨਾਂ ਲੋਕਾਂ ਦਾ ਟੁੱਥ ਬੁਰਸ਼ ਪੇਸਟ, ਵਾਸ਼ਰੂਮ ਬਾਥਰੂਮ ਆਦਿਕ। ਸਾਡੇ ਵਰਗਿਆਂ ਨੇ ਰਾਤ ਦੇ ਸਾਗ ਅਤੇ ਦਹੀ ਨਾਲ ਦੋ ਰੋਟੀਆਂ ਰਗੜੀਆਂ ਚੁੱਕਿਆ ਸਾਈਕਲ ਅਤੇ ਚੱਲ ਪੇ ਡਿਉਟੀ ਤੇ, ਜਿਹੋ ਜਿਹੀ ਹੈ। ਜਨਾਬ ਹੋਰਾਂ ਦਾ ਬਰੇਕ ਫਾਸਟ ਅਤੇ ਦੁਪਹਿਰ ਦੇ ਭੋਜਨ ਦਾ ਲੰਚ ਟਿਫਨ ਛੇਤੀ ਕੀਤੇ ਲੋਟ ਨਹੀਂ ਆਉਂਦਾ। ਅਸੀਂ ਤਾਂ ਜੇ ਤੁਰਨ ਲੱਗਿਆਂ ਚਾਹ ਦਾ ਕੱਪ ਮਿਲ ਗਿਆ ਤਾਂ ਪੀ ਜਾਣਾ ਹੈ।ਪੰਤ ਜਨਾਬ ਕੋਲ ਘਰਵਾਲੀ ਅਤੇ ਬੱਚਿਆਂ ਨੂੰ ਹਦਾਇਤਾਂ ਦੇਣ ਦਾ ਇੱਕ ਵੱਖਰਾ ਚੈਪਟਰ ਹੁੰਦਾ ਹੈ। ਹਾਲਾਂਕਿ ਇਨ੍ਹਾਂ ਦੀਆਂ ਹਦਾਇਤਾਂ ਨੂੰ ਨਾ ਕੋਈ ਸੁਣਦਾ ਹੈ ਅਤੇ ਨਾ ਹੀ ਕਦੇ ਇਨ੍ਹਾਂ ਤੇ ਅਮਲ ਕੀਤਾ ਜਾਂਦਾ ਹੈ। ਜਨਾਨੀ ਤੇ ਜੁਆਕ ਤਾਂ ਸਗੋਂ ਸੋਚਦੇ ਹੁੰਦੇ ਹਨ ਕਿ ਇਹ ਬੰਦਾ ਘਰੋਂ ਨਿਕਲੇ ਤਾਂ ਅਸੀਂ ਸੁੱਖ ਦਾ ਸਾਹ ਲਈਏ।

ਅਸੀਂ ਤਾਂ ਘਰ ਵੜਦਿਆਂ ਨੇ ਪਹਿਲਾਂ ਡਿਊਟੀ ਵਾਲਾ ਕਲੰਡਰ ਗਲ 'ਚੋਂ ਲਾਹੁਣੈ। ਪੰਜਾਮਾ ਟੰਗਿਆ ਕਿੱਲੇ ’ਤੇ। ਕੋਈ ਕੱਟਾ ਵੱਛਾ ਇੱਕ ਕਿੱਲੇ ਤੋਂ ਦੂਜੇ ਤੇ ਕਰਤਾ। ਅੱਗਾ ਪਿੱਛਾ ਦੇਖ ਕੇ ਮਾੜਾ ਮੋਟਾ ਸ਼ੁਗਲ ਮੁਗਲ ਕੀਤਾ ਭਾਵ ਪੈੱਗ ਸ਼ੈੱਗ ਲਾਇਆ ਜਦੋਂ ਨੂੰ ਘਸ-ਘੁਸਾ ਜਿਹਾ ਹੋ ਜਾਂਦਾ ਹੈ, ਭਾਵ ਰੋਟੀ ਪਾਣੀ ਦਾ ਟੈਮ ਹੋ ਜਾਂਦਾ ਹੈ। ਰਾਤ ਹੋਈ ਖਾਧਾ ਪੀਤਾ ਅਤੇ ਅਗਲੇ ਦਿਨ ਲਈ ਤਰੋ ਤਾਜਾ ਹੋਣ ਲਈ ਲੇਟ ਗਏ ਬਿਸਤਰ ਤੇ ਘੋੜੇ ਵੇਚਕੇ ਬਫਿਕਰੀ ਦੇ ਆਲਮ ਵਿੱਚ ਸੌਂ ਗਏ। ਪ੍ਰੰਤੂ ਕੁੱਝ ਲੋਕ ਅਜਿਹੇ ਹੁੰਦੇ ਹਨ, ਚਲੋ ਬਈ ਡਾਇਰੀ ਲਿਖੀਏ।ਉਹ ਆਪਣਾ, ਕਾਗਜ਼ ਪੈਨ ਅਤੇ ਡਾਇਰੀ ਆਦਿ ਚੱਕਣਗੇ ਅਤੇ ਐਵੇਂ ਅੱਧਾ-ਪੌਣਾ ਘੰਟਾ ਮਗਜ ਪੱਚੀ ਕਰੀ ਜਾਣਗੇ।

ਸੁੱਧ ਵੈਸ਼ਨੂੰ ਢਾਬਾ/65