ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੰਬਰ ਵੀ ਨੋਟ ਕਰੀ ਰੱਖਣਗੇ। ਜਦੋਂ ਵੀ ਕਦੀ ਕਿਤੇ ਉਨ੍ਹਾਂ ਲੋਕਾਂ ਦੀ ਗੱਲ ਤੋਰੇ ਜਾਂ ਕੋਈ ਉਨ੍ਹਾਂ ਤਾਈ ਕੰਮ ਆਦਿ ਦੀ ਗੱਲ ਕਰੇ ਤਾਂ ਉਹ ਝੱਟ ਆਪਣੀ ਡਾਇਰੀ ਕੱਢਣਗੇ। ਕਹਿਣਗੇ ਆਪਣੀ ਉਨ੍ਹਾਂ ਤਾਈਂ ਖ਼ਾਸ ਪਹੁੰਚ ਹੈ। ਆਪਣੇ ਖ਼ਾਸ ਬੰਦੇ ਹਨ। ਆਹ ਉਨ੍ਹਾਂ ਦਾ ਫੋਨ ਨੰਬਰ, ਕਾਰ ਨੰਬਰ, ਕੋਠੀ ਨੰਬਰ ਆਦਿ ਹਨ। ਆਪਣੇ ਖ਼ਾਸ ਬੰਦੇ ਹਨ। ਜਦੋਂ ਕਹੋ, ਜਿਵੇਂ ਮਰਜੀ ਕਰਾ ਸਕਦੇ ਆਂ। ਅਜਿਹਾ ਕਰਕੇ ਅਜਿਹੇ ਜਗਾੜੀ ਲੋਕ ਕਈ ਵਾਰ ਕਈ ਮੁਰਗੀਆਂ ਆਪਣੇ ਚੁੰਗਲ ਵਿੱਚ ਫਸਾ ਵੀ ਲੈਂਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਦਾ ਤੋਰੀ ਫੁਲਕਾ ਆਮ ਕਰਕੇ ਚਲਦਾ ਹੀ ਰਹਿੰਦਾ ਹੈ।

ਦੂਸਰੇ ਪਾਸੇ ਸਾਡੇ ਵਰਗੇ ਸ਼ਾਇਰ ਨੁਮਾ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਨਜਦੀਕੀਆਂ ਜਾਂ ਰਿਸ਼ਤੇਦਾਰਾਂ ਦੇ ਫੋਨ ਨੰਬਰ ਤਾਂ ਕੀ ਕਈ ਵਾਰ ਆਪਣੇ ਫੋਨ ਨੰਬਰ ਦਾ ਵੀ ਭੁਲੇਖਾ ਪੈ ਜਾਂਦਾ ਹੈ। ਕਈ ਵਾਰ ਅਜਿਹਾ ਵੀ ਹੋਇਆ ਹੈ ਕਿ ਆਪਣੇ ਟੈਲੀਫੋਨ ਸੈਟ ਤੋਂ ਆਪਣਾ ਹੀ ਨੰਬਰ ਡਾਇਲ ਕਰਕੇ ਘੰਟੀ ਦੀ ਉਡੀਕ ਕਰਦੇ ਰਹੀਦੈ ਤੇ ਅਖੀਰ ਨੂੰ ਇਹ ਕਹਿ ਕੇ ਰੀਸੀਵਰ ਰੱਖ ਦਿੱਤਾ ਜਾਂਦਾ ਹੈ ਕਿ ਅਗਲੇ ਦਾ ਸੈਟ ਖਰਾਬ ਹੋਣਾ। ਰਹੀ ਗੱਲ ਸਕੂਟਰ ਮੋਟਰਸਾਈਕਲ ਦੇ ਨੰਬਰ ਦੀ। ਸਾਨੂੰ ਇਕ ਵਾਰ ਆਪਣੇ ਹੀ ਸਕੂਟਰ ਦੇ ਨੰਬਰ ਨੇ ਕਿੰਨਾ ਚਿਰ ਵਖਤ ਪਾਈ ਰੱਖਿਆ ਜਿਸ ਕਾਰਨ ਅੱਧਾ ਪੌਣਾ ਘੰਟਾ ਪੁਲੀਸ ਵਾਲਿਆਂ ਹੱਥੋਂ ਵੀ ਪ੍ਰੇਸ਼ਾਨ ਹੋਣਾ ਪਿਆ।

ਹੋਇਆ ਇੰਜ ਕਿ ਇਲਾਕੇ ਵਿੱਚ ਕੋਈ ਸਕੂਟਰ ਚੋਰੀ ਹੋਣ ਦੀ ਘਟਨਾ ਵਾਪਰ ਗਈ। ਵਾਇਰਲੈਸ ਰਾਹੀਂ ਸਾਰੇ ਪੁਲੀਸ ਥਾਣਿਆਂ ਨੂੰ ਚੌਕਸ ਕਰ ਦਿੱਤਾ ਗਿਆ। ਮੋਗੇ ਸ਼ਹਿਰਦੇ ਬਾਹਰਲੇ ਲੋਕਾਂ ਤੇ ਨਾਕੇ ਲਗਾ ਦਿੱਤੇ ਗਏ। ਅਸੀਂ ਵੀ ਆਪਣੇ ਸਕੂਟਰ 'ਤੇ ਸਵਾਰ ਆਪਣੇ ਸ਼ਾਇਰਾਨਾ ਮੁਡ ਵਿੱਚ ਜਾ ਰਹੇ ਸਾਂ ਕਿ ਨਾਕੇ `ਤੇ ਖੜੇ ਕਾਂਸਟੇਬਲ ਨੇ ਇੱਕਦਮ ਰੁਕਣ ਦਾ ਇਸ਼ਾਰਾ ਕਰ ਦਿੱਤਾ। ਕੁੱਝ ਕੁ ਬੇਧਿਆਨੀ ਕਾਰਨ ਅਤੇ ਕੁੱਝ ਸਪੀਡ ਵੱਧ ਹੋਣ ਕਾਰਨ ਸਕੂਟਰ ਰੁਕਦਾ ਰੁਕਦਾ ਵੀ ਪੰਜ ਸੱਤ ਕਰਮਾਂ ਅੱਗੇ ਲੰਘ ਗਿਆ। "ਤੈਨੂੰ ਰੁਕਨ ਦਾ ਇਸ਼ਾਰਾ ਕੀਤੈ, ਤੂੰ ਗਾਂਹ ਈ ਗਾਂਹ ਵਧਦਾ ਜਾਨੈ। ਤੈਨੂੰ ਪੁਲਸ ਦੇ ਇਸ਼ਾਰੇ ਦਾ ਮਤਲਬ ਨੀ ਪਤਾ?? ਕਾਂਸਟੇਬਲ ਨੇ ਆਪਣੇ ਪੁਲਸੀਆ ਅੰਦਾਜ਼ ਵਿੱਚ ਪਾਰਾ ਝਾੜਿਆ। "ਕੌਣ ਐਂ ਤੂੰ, ਕਿੱਥੋਂ ਆਇਐਂ, ਕਿੱਥੇ ਜਾਣੈ, ਕੀ ਨੰਬਰ ਐ ਤੇਰੇ ਸਕੂਟਰ ਦਾ?" ਕਾਂਸਟੇਬਲ ਨੇ ਲਗਾਤਾਰ ਹੀ ਕਈ ਪ੍ਰਸ਼ਨ ਕਰ ਦਿੱਤੇ। "ਸਕੂਟਰ ਆਵਦੈ ਕਿ ਮੰਗ ਕੇ ਲਿਆਂਦੈ ਕਿਸੇ ਦਾ?" "ਸਕੂਟਰ ਤਾਂ ਜੀ ਆਵਦਾ ਹੀ ਏ।" "ਕੀ ਨੰਬਰ ਆ ਦੱਸ ਫਿਰ?" ਕਾਂਸਟੇਬਲ ਨੇ ਉਸ ਲਹਿਜੇ ਵਿੱਚ ਹੀ ਪੰਜਵਾਂ ਸਤਵਾਂ ਪ੍ਰਸ਼ਨ ਦਹਰਾ ਦਿੱਤਾ। ਨੰਬਰ ਬਾਰੇ ਸਾਨੂੰ ਕੁਝ ਟਪਲਾ ਲੱਗ ਗਿਆ ਕਿਉਂਕਿ ਇੱਕ ਤਾਂ ਪ੍ਰਸ਼ਨ ਹੀ ਕਈ ਕਰ ਦਿੱਤੇ ਗਏ ਸਨ। ਦੂਜਾ ਸਾਨੂੰ ਕਦੀ ਅਜਿਹਾ ਖ਼ਿਆਲ ਹੀ ਨਹੀਂ ਸੀ ਕਿ ਸਾਥੋਂ ਸਾਡੇ ਹੀ

ਸੁੱਧ ਵੈਸ਼ਨੂੰ ਢਾਬਾ/68