ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਵੀ ਨਹੀਂ ਸੀ ਜਾਂਦਾ। ਡਰਾਈਵਿੰਗ ਲਾਇਸੈਂਸ ਦੀ ਰੀਨਿਉ ਡੇਟ ਲੰਘੀ ਨੂੰ ਕੋਈ ਡੇਢ ਸਾਲ ਲੰਘ ਚੁੱਕਾ ਸੀ, ਪ੍ਰਦੂਸ਼ਣ ਲਸੰਸ ਅਜੇ ਬਣਾਇਆ ਹੀ ਨਹੀਂ ਸੀ। "ਕੁਸ਼ ਦਿਖਾਏਗਾ ਵੀ ਕਿ ਐਵੇਂ ਛੇਣੇ ਜੇ ਹੀ ਖੜਕਾਈ ਜਾਏਗਾ।" ਹੌਲਦਾਰ ਨੇ ਪੁਲਸੀਆ ਲਹਿਜੇ ਵਿੱਚ ਮੈਥੋਂ ਪੁੱਛਿਆ ਹੀ ਸੀ ਕਿ ਏਨੇ ਨੂੰ ਫਲਾਇੰਗ ਪੁਲਸ ਪਾਰਟੀ ਦਾ ਇੱਕ ਹੈੱਡ ਕਾਂਸਟੇਬਲ ਤੇ ਇੱਕ ਕਾਂਸਟੇਬਲ ਆ ਟਪਕੇ। "ਕਿਉਂ ਜੀ ਹੌਲਦਾਰ ਸਾਹਿਬ, ਕੁਛ ਪਿਆ ਪੱਲੇ?" ਹੈਡ ਕਾਂਸਟੇਬਲ ਨੇ ਡਿਊਟੀ ਹੌਲਦਾਰ ਨੂੰ ਪੁੱਛਿਆ। ਬਸ ਜੀ ਕਰੀ ਜਾਨੇ ਆ ਕਾਰਵਾਈ, ਹਾਲੇ ਤੱਕ ਤਾਂ ਕੁਛ ਨਹੀ ਪੱਲੇ ਪਿਆ। ਇੱਕ ਔਹ ਬੰਦਾ ਖੜੈ ਸ਼ੱਕੀ ਜਿਹਾ ਲੱਗਦੈ, ਇਹਦੇ ਸਕੂਟਰ ਦਾ ਰੰਗ ਵੀ ਉਹੋ ਹੀ ਹੈ ਅਤੇ ਨੰਬਰ ਨੂੰਬਰ ਵੀ ਨਹੀਂ ਪਤਾ ਏਸਨੂੰ ਆਵਦੇ ਸਕੂਟਰ ਦਾ।" ਹੌਲਦਾਰ ਕਹਿਣ ਲੱਗਾ, "ਕਿਹੜਾ ਔਹ?" ਹੈਡ ਕਾਂਸਟੇਬਲ ਨੇ ਮੇਰੇ ਵੱਲ ਦੇਖਿਆ ਅਤੇ ਹੱਸ ਪਿਆ। "ਉਹ ਤਾਂ ਜੀ ਸਾਡੇ ਉਸਤਾਦ ਐ, ਅਸੀਂ ਤਾਂ ਜੀ ਪੜ੍ਹਦੇ ਰਹੇ ਹਾਂ ਇਹਨਾਂ ਕੋਲੇ। ਸਾਸਰੀਕਾਲ ਜੀ ਉਹਨੇ ਮੈਨੂੰ ਸੰਬੋਧਨ ਹੁੰਦੇ ਹੋਏ ਆਖਿਆ ਅਸੀਂ ਜੀ ਪੜ੍ਹਦੇ ਰਹੇ ਹਾਂ ਥੋਡੇ ਕੋਲ। ਤੁਸੀਂ ਜੀ ਸਾਨੂੰ ਸ਼ਾਬ ਪੜ੍ਹਾਉਂਦੇ ਹੁੰਦੇ ਸੀ ਪੁਲ ਵਾਲੇ ਸਕੂਲ ’ਚ ਤੇ ਅਸੀਂ ਮੈਟਿਕ ਕੀਤੀ ਥੋਡੇ ਕੋਲੋਂ 96 'ਚ।" ਹੈੱਡ ਕਾਂਸਟੇਬਲ ਨੇ ਆਪਣੀ ਜਾਣਕਾਰੀ ਦਿੱਤੀ। "ਉਏ ਤੂੰ ਚਮਕੋਰ ਐ।" ਮੈਂ ਆਪਣੀ ਯਾਦਦਾਸ਼ਤ ’ਤੇ ਬੋਝ ਪਾਉਂਦੇ ਹੋਏ ਉਸ ਦੀ ਨਿਸ਼ਾਨਦੇਹੀ ਕੀਤੀ। "ਹਾਂ ਜੀ 98 ’ਚ ਭਰਤੀ ਹੋ ਗਿਆ ਸੀ ਗੇਮ ਦੇ ਅਧਾਰ 'ਤੇ ਹੁਣ ਤਾਂ ਅਗਲਾ ਨੰਬਰ ਵੀ ਲੱਗਣ ਵਾਲੈ।" ਉਸਨੇ ਸਾਰੀ ਲੰਬੀ ਚੌੜੀ ਵਾਰਤਾ ਇੱਕੋ ਵਾਰ ਹੀ ਕਹਿ ਸੁਣਾਈ। "ਛੱਡੋ ਜੀ ਪਰ੍ਹਾਂ ਏਹਨਾਂ ਦੇ ਕੀ ਕਾਗਜ਼ ਪੱਤਰ ਚੈੱਕ ਕਰਨੇ ਆ। ਏਹਨਾਂ ਦੇ ਪੜ੍ਹਾਏ ਤਾਂ ਅਸੀਂ ਟੁਕੜੇ ਪਏ ਆਂ। ਕੋਈ ਗੱਲ ਨਹੀਂ ਮਾਸਟਰ ਜੀ ਕਰਲੋ ਡਿੱਗੀ ਬੰਦ। ਅੰਨ੍ਹਾਂ ਕੀ ਭਾਲੇ ਦੋ ਅੱਖਾਂ ਮੈਂ ਡਿੱਗੀ ਬੰਦ ਕੀਤੀ ਅਤੇ ਸੁਰਖੁਰੂ ਹੋਇਆ। ਮੈਂ ਸਾਬਾਸ਼ ਕਹਿੰਦੇ ਉਸਨੂੰ ਥਾਪੜਾ ਦਿੱਤੇ ਤੇ ਹੋਰ ਹਾਲ ਚਾਲ ਪੁੱਛਣ ਲੱਗਾ। "ਬੱਸ ਮਾਸਟਰ ਜੀ ਮੇਹਰ ਉਤਲੇ ਦੀ, ਕੋਈ ਹੋਰ ਦੱਸੋ ਸਾਡੇ ਲਾਇਕ ਸੇਵਾ।"

"ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਬੰਦਾ ਤਾਂ ਨੀ ਐਹੋ ਜਿਹਾ ਨਹੀਂ ਲੱਗਦਾ। ਐਵੇਂ ਆਹ ਨਵੇਂ ਮੁੰਡੇ ਬੰਦਾ ਨੀ ਵੇਹਦੇ ਬੰਦਾ ਕੁਬੰਦਾ, ਆਖ ਦੇਣਗੇ ਲਾ ਦੇ ਸੈਡ ’ਤੇ। ਕਹਿੰਦਾ ਹੋਇਆ ਹੌਲਦਾਰ ਹੋਮਗਾਰਡੀਏ ’ਤੇ ਆਪਣਾ ਗੁੱਸਾ ਝਾੜਦਾ ਹੋਇਆ ਇੰਝ ਕਹਿ ਰਿਹਾ ਪ੍ਰਤੀਤ ਹੋ ਰਿਹਾ ਸੀ ‘ਗੁਸਤਾਖੀ ਮਾਫ਼’।

ਸੁੱਧ ਵੈਸ਼ਨੂੰ ਢਾਬਾ/70