ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਵੇਂ ਖੁਸ਼ ਰਹਿਣ

ਇੱਕ ਲੇਖ ਦਾ ਸਿਰਲੇਖ ਪੜ੍ਹਿਆ, ਸਿਰਲੇਖ ਸੀ ‘ਪਤੀ ਪਤਨੀ ਕਿਵੇਂ ਖੁਸ਼ ਰਹਿ ਸਕਦੇ ਹਨ’ ਬੜੀ ਉਤੇਜਨਾ ਪੈਦਾ ਹੋਈ ਵਾਕਿਆ ਹੀ ਲੇਖ ਬੜੇ ਕੰਮ ਦੀ ਚੀਜ਼ ਹੋਵੇਗੀ। ਲੇਖਕ ਦਾ ਨਾਂ ਪੜਿਆ। ਚੰਗਾ ਨਾਮਵਾਰ ਲੇਖਕ ਸੀ। ਹੋਰ ਵੀ ਖੁਸ਼ੀ ਹੋਈ। ਵਾਕਿਆ ਹੀ ਲੇਖ ਵਿੱਚ ਬਹੁਤ ਕੰਮ ਦੀਆਂ ਗੱਲਾਂ ਲਿਖੀਆਂ ਹੋਣਗੀਆਂ। ਬੜੀ ਹੀ ਮਹੱਤਵਪੂਣ ਸਮੱਸਿਆਵਾਂ ਦੇ ਸਮਾਧਾਨ ਵੱਲ ਲੇਖਕ ਨੇ ਥੀਸੀਸ ਪੇਸ਼ ਕੀਤਾ ਹੋਵੇਗਾ। ਅੱਜਕੱਲ੍ਹ ਦੇ ਤੇਜ਼ ਰਫਤਾਰ ਅਤੇ ਮਹਿੰਗਾਈ ਦੇ ਦੌਰ ਵਿੱਚ ਅਮੂਮਨ ਛੋਟੀਆਂ ਛੋਟੀਆਂ ਗੱਲਾਂ ’ਤੇ ਪਤੀਪਤਨੀ ਦੀ ਆਪਸ ਵਿੱਚ ਠਣੀ ਰਹਿੰਦੀ ਹੈ। ਖ਼ਾਸ ਕਰਕੇ ਲੇਖਕ ਸੱਜਣਾਂ ਦੇ ਘਰਾਂ ਵਿੱਚ ਇਹ ਸਮੱਸਿਆ ਬਣੀ ਹੀ ਰਹਿੰਦੀ ਹੈ ਕਿਉਂਕਿ ਲੇਖਕ ਲੋਕ ਆਮ ਕਰਕੇ ਘਰ ਦੀਆਂ ਜਿੰਮੇਵਾਰੀਆਂ ਪੂਰੀਆਂ ਨਿਭਾ ਨਹੀਂ ਪਾਉਂਦੇ ਕਿਉਂਕਿ ਉਨ੍ਹਾਂ ਦੀ ਕਲਾ ਸਿਰਫ ‘ਕਲਾ’ ਲਈ ਹੁੰਦੀ ਹੈ ਜਦੋਂਕਿ ਪਤਨੀ ਚਾਹੁੰਦੀ ਹੈ ਕਿ ਕਲਾ ਰੋਟੀਆਂ ਲਈ ਹੋਣੀ ਚਾਹੀਦੀ ਹੈ। ਇਸ ਲਈ ਇੱਟ ਖੜਿਕਾ ਬਣਿਆ ਹੀ ਰਹਿੰਦਾ ਹੈ। ਸੋ ਸੋਚਿਆ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਜ਼ਰੂਰ ਇਸ ਲੇਖ ਵਿੱਚ ਪ੍ਰਾਪਤ ਹੋ ਜਾਵੇਗਾ। ਇਸ ਲਈ ਲੇਖ ਨੂੰ ਬੜੀ ਗਹੁ ਨਾਲ ਪੜ੍ਹਨ ਦਾ ਮਨ ਬਣਾਇਆ ਅਤੇ ਬੜੀ ਤੇਜ਼ੀ ਨਾਲ ਹੱਥਲੇ ਕੰਮ ਨਿਪਟਾਉਣ ਲੱਗਾ।

ਲੇਖ ਸ਼ਰੂ ਕਰਨ ਤੋਂ ਪਹਿਲਾਂ ਮੈਨੂੰ ਇੰਜ ਲਗਿਆ ਜਿਵੇਂ ਕਿਸੇ ਵੱਡੇ ਖਜਾਨੇ ਦੀਆਂ ਚਾਬੀਆਂ ਹੱਥ ਲੱਗ ਗਈਆਂ ਹੋਣ। ਇੰਜ ਮਹਿਸੂਸ ਹੋਣ ਲੱਗਾ ਕਿ ਖਜ਼ਾਨੇ ਦਾ ਦਰਵਾਜ਼ਾ ਖੁਦੇ ਸਾਰ ਹੀ ਚਕਾਚੌਂਦ ਹੋ ਜਾਵੇਗੀ। ਨਜ਼ਰ ਚੁਧਿਆ ਜਾਵੇਗੀ। ਬਿਜਲੀਆਂ ਜੱਗ ਪੈਣਗੀਆਂ ਅਤੇ ਖੁਸ਼ੀਆਂ ਬਾਂਹ ਖਿਲਾਰੀ ਮੇਰੇ ਵੱਲ ਨੂੰ ਵੱਧਦੀਆਂ ਆਉਣਗੀਆਂ। ਮੈਨੂੰ ਲੱਗਾ ਕਿ ਮੇਰੇ ਮਾੜੇ ਦਿਨਾਂ ਤਾ ਅੰਤ ਹੋ ਗਿਆ ਹੈ ਅਤੇ ਨਵੇਂ ਖੁਸ਼ੀ ਅਤੇ ਖੁਸ਼ਹਾਲ ਜੀਵਨ ਦੀ ਸ਼ੁਰੂਆਤ ਹੋ ਰਹੀ ਹੈ। ਬੱਸ ਲੇਖ ਪੜ੍ਹਨ ਦੀ ਦੇਰ ਬਾਕੀ ਹੈ।

ਬੜੇ ਬੜੇ ਸੁੰਦਰ ਸੁਝਾਅ ਪੇਸ਼ ਕੀਤੇ ਸਨ ਲੇਖਕ ਨੇ। ਬੜੇ ਬੜੇ ਫਾਰਮੂਲੇ ਸੁਝਾਏ ਗਏ ਸਨ। ਲੇਖਕ ਦੀ ਕਲਮ ਅਤੇ ਉਸ ਦੇ ਅਧਿਐਨ ਦੀ ਦਾਦ ਦੇਣੀ ਬਣਦੀ ਹੈ।‘ਦੋਵਾਂ ਸਾਥੀਆਂ ਨੂੰ ਚਾਹੀਦਾ ਹੈ ਕਿ ਉਹ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਤੂੰ ਦੀ ਥਾਂ ‘ਤੁਸੀਂ ਸ਼ਬਦ ਵਰਤਿਆ ਜਾਵੇਗਾ ਤਾਂ ਅੱਧੀ ਸਮੱਸਿਆ ਆਪੇ ਹੱਲ ਹੋ ਜਾਂਦੀ ਹੈ। ਇਓਂ ਨਾ ਆਖਿਆ ਜਾਵੇ ਕਿ ਹੁਣ ਤਾਂ ਗੱਲ ਹੀ ਨਹੀਂ ਕਰਦੀ।ਕਰਦਾ ਆਦਿ ਬਲਕਿ ਇਉਂ ਆਖਿਆ ਜਾਵੇ, ‘ਜੀ ਮੈਂ ਕਿਹਾ ਦੋ ਮਿੰਟ...ਜਰਾ ਸਮਾਂ ਤਾਂ ਕਢਿਓ .. ਆਪਾਂ ਇਸ ਹਫ਼ਤੇ ਦੇ ਬਜ਼ਟ 'ਤੇ ਜਰਾ ਨਿਗਾ ਤਾਂ ਮਾਰ ਲਈਏ। ਬੱਸ ਦੋ-ਚਾਰ ਮਿੰਟ ਕੱਢ ਲਿਓ,

ਸੁੱਧ ਵੈਸ਼ਨੂੰ ਢਾਬਾ/76