ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲੇ ਤਾਂ ਇਸ ਹਫ਼ਤੇ ਦਾ ‘ਮੀਨੂੰ’ ਤਿਆਰ ਹੋ ਜੂ ਨਾਲੇ ਇਸ ਹਫ਼ਤੇ ਦੇ ਟੂਰ ਆਦਿ ਉਲੀਕੇ ਜਾਣਗੇ। ਅਜਿਹਾ ਕਰਨ ਨਾਲ ਸ੍ਰੀਮਤੀ ਜਾਂ ਮਾਨ ਦੀ ਤਬੀਅਤ ਬਹਿਲ ਜਾਵੇਗੀ। ਸੁਝਾਅ ਤਾਂ ਚੰਗਾ ਲੱਗਾ ਪ੍ਰੰਤੂ ਇਹ ਸਤਰਾਂ ਹਾਲੇ ਮੇਰੇ ਮੁੰਹ ਵਿੱਚ ਹੀ ਸਨ ਕਿ ਪਸ਼ੂਆਂ ਵਾਲੇ ਅੰਦਰੋਂ ਸ੍ਰੀਮਤੀ ਜੀ ਦੀ ਆਵਾਜ਼ ਆਈ, "ਆਹ ਟੋਕਰਾ ਤਾਂ ਚੁਕਾਈਂ ਆ ਕੇ..ਤੜਕੇ ਹੀ ਚੁੱਕ ਲੈਂਦੇ ਅਖ਼ਬਾਰ’ ਇਹਦੇ 'ਚੋਂ ਪਤਾ ਨਹੀਂ ਕੀ ਕੱਢਣਾ ਹੁੰਦਾ ਹੈ ਵੀਹ ਸਿਆਪੇ ਕਰਨ ਵਾਲੇ ਪਏ ਹਨ ਹਾਲੇ। ਧਾਰਾਂ ਕੱਢਣੀਆਂ ਅਜੇ। ਜੁਆਕਾਂ ਨੂੰ ਸਕੂਲ ਤੋਰਨਾ ਐ, ਇਹਨੂੰ ਅਖ਼ਬਾਰ ਦੀ ਬਣੀ ਐ।"

ਆਵਾਜ਼ ਸੁਣਦੇ ਸਾਰ ਹੀ ਮੈਂ ਛੇਤੀ ਛੇਤੀ ਲੇਖਕ ਦੇ ਦਿੱਤੇ ਹੋਏ ਉਤਲੇ ਸੁਝਾਵਾਂ ਵੱਲ ਨਿਗਾਹ ਮਾਰਨ ਲੱਗਾ ਕਿ ਇੱਥੇ ਕਿਹੜਾ ਫਾਰਮੂਲਾ ਵਰਤਿਆ ਜਾਵੇ। ਮੈਂ ਸੋਚਿਆ ਇਹੋ ਦੋ ਮਿੰਟ ਵਾਲਾ ਫਾਰਮੂਲਾ ਹੀ ਠੀਕ ਰਹੇਗਾ ਤੇ ਮੈਂ ਉੱਚੀ ਆਵਾਜ਼ ਵਿੱਚ ਸੰਬੋਧਨ ਕਰਕੇ ਆਖਿਆ, “ਮੈਂ ਕਿਹਾ ਜੀ ਦੋ ਮਿੰਟ।” ਗੱਲ ਹਾਲੇ ਮੈਰੇ ਮੁੰਹ ਵਿੱਚ ਹੀ ਸੀ ਕਿ ਉਧਰੋਂ ਉੱਤਰ ਆਇਆ, “ਤੂੰ ਦੋ ਦੁ ਮਿੰਟ ਨੂੰ ਰਹਿਣ ਦੇਹ, ਏਧਰ ਆ ਕੇ ਟੋਕਰੇ ਨੂੰ ਹੱਥ ਪੁਆ ਨਾਲੇ, ਤੂੰ ਵੀ ਤਿਆਰ ਹੋ ਜਾ ਸਕੂਲ ਨੂੰ।ਫਿਰ ਤੁਰਨ ਲੱਗਾ ਕਹਿਨਾਹੁੰਨੇ ਮੇਰਾ ਪੈਨ ਹੈ ਨੀਂ, ਮੇਰੀ ਐਨਕ ਹੈ ਨੀਂ। ਕਿਤੇ ਆਖੁ ਜੁਰਾਬ ਦਾ ਇੱਕੋ ਪੈਰ ਥਿਆਉਂਦੈ ਦੂਜਾ ਪਤਾ ਨਹੀਂ ਕਿੱਥੇ ਐ...?” ਲੈ ਜੀ ਪਹਿਲਾ ਫਾਰਮੂਲਾ ਤਾਂ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ।

ਪਰ ਫਿਰ ਵੀ ਮੈਂ ਸੋਚਿਆ ਲੇਖ ਤਾਂ ਸਾਰਾ ਜ਼ਰੂਰ ਪੜ੍ਹਨਾ ਚਾਹੀਦਾ ਹੈ। ਸ਼ਾਇਦ ਹੋਰ ਕੋਈ ਚੰਗਾ ਫਾਰਮਲਾ ਲੱਭ ਪਵੇ ਇਸ ’ਚੋਂ। ਇਸ ਲਈ ਸੋਚਿਆ ਅਖ਼ਬਾਰ ਨੂੰ ਸਕੁਲ ਹੀ ਲੈ ਚਲੀਏ ਤੇ ਮੈਂ ਸ੍ਰੀਮਤੀ ਜੀ ਦੇ ਆਦੇਸ਼ਾਂ ਅਨੁਸਾਰ ਕੰਮ ਵਿੱਚ ਵਿਅਸਤ ਹੋ ਗਿਆ।

ਸਕੂਲ ਸਮਾਂ ਕੱਢ ਕੇ ਅਖ਼ਬਾਰ ਵਿੱਚ ਨਜ਼ਰ ਮਾਰੀ। ਸੁਝਾਅ ਪਤਨੀ ਵੱਲੋਂ ਸੀ। ਲੇਖਕ ਪਤਨੀ ਨੂੰ ਸੁਝਾਅ ਦੇ ਰਿਹਾ ਸੀ ਕਿ ਜੇਕਰ ਤੁਹਾਨੂੰ ਘਰ ਦੇ ਕੰਮਾਂ ਦਾ ਬੋਝ ਜ਼ਿਆਦਾ ਜਾਪਦਾ ਹੋਵੇ ਅਤੇ ਤੁਸੀਂ ਆਪਣੇ ਪਤੀ ਦੀ ਸਹਾਇਤਾ ਲੈਣਾ ਚਾਹੁੰਦੇ ਹੋਵੇ ਤਾਂ ਉਹਨੂੰ ਤੁਸੀ ਇੰਝ ਨਾ ਆਖੋ ਕਿ ਤੂੰ ਲੀੜੇ ਧੋ ਦੇ ਜਾਂ ਭਾਂਡੇ ਮਾਂਜ ਦੇ ਬਲਕਿ ਤੁਸੀਂ ਉਹਨੂੰ ਬੜੇ ਸਲੀਕੇ ਅਤੇ ਖੁਸ਼ਮਿਜਾਜ ਵਿੱਚ ਆਖੋ, ਮੈਂ ਕਿਹਾ ਜੀ’ ਕਿਉਂ ਨਾ ਅੱਜ ਆਪਾਂ ਰਲ ਮਿਲ ਕੇ ਕਪੜੇ ਧੋ ਲਈਏ ਤੇ ਨਾਲੇ ਬਰਤਨ ਸਾਫ ਕਰ ਲਈਏ। ਕੰਮ ਦਾ ਕੰਮ ਸ਼ੁਗਲ ਦਾ ਸ਼ੁਗਲ। ਸੁਝਾਅ ਤਾਂ ਖ਼ੈਰ ਕਾਫੀ ਚੰਗਾ ਸੀ ਪਰ ਅਫਸੋਸ ਕਿ ਇਹ ਆਪਣੇ 'ਤੇ ਲਾਗੂ ਨਹੀਂ ਸੀ ਹੋ ਸਕਦਾ। ਲੇਖਕ ਵਿਚਾਰੇ ਨੂੰ ਕੀ ਪਤਾ ਸੀ ਕਿ ਬਰਤਨਾਂ ਅਤੇ ਬਸਤਰਾਂ ਦੀ ਸਾਂਭ ਸੰਭਾਲ ਦਾ ਕੰਮ ਤਾਂ ਪਹਿਲਾਂ ਹੀ ਪਤੀ ਸਾਹਬ ਨੂੰ ਸੌਂਪਿਆ ਹੋਇਆ ਸੀ। ਸੋਚਿਆ ਅੱਗੇ ਪੜਦੇ ਹਾਂ ਪੰਤੁ ਪੀਰੀਅਡ ਦੀ ਘੰਟੀ ਵੱਜ ਚੁਕੀ ਸੀ। ਬੱਚੇ ਇੱਕ ਵਾਰ ਆਖ ਕੇ ਮੁੜ ਵੀ ਗਏ ਸੀ ‘ਸ੍ਹਾਬ ਦਾ ਪੀਰੀਅਡ ਐ ਜੀ’।

ਸੁੱਧ ਵੈਸ਼ਨੂੰ ਢਾਬਾ/77