ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਧੀ ਛੁੱਟੀ ਬਾਅਦ ਫਿਰ ਕੁਝ ਸਤਰਾਂ ਪੜ੍ਹਨ ਦਾ ਮੌਕਾ ਮਿਲਿਆ। ਇਕ ਸੁਝਾਅ ਇਹ ਸੀ ਕਿ ਤੁਹਾਨੂੰ ਹਫ਼ਤੇ ਦੋ ਹਫ਼ਤੇ ਬਾਅਦ ਸ੍ਰੀਮਤੀ ਨੂੰ ਪੁੱਛ ਲੈਣਾ ਚਾਹੀਦਾ ਹੈ ਕਿ ਕਿਉਂ ਨਾ ਅੱਜ ਕਿਸੇ ਵਧੀਆ ਜਿਹੇ ਰੈਸਟੋਰੈਂਟ ਵਿੱਚ ਖਾਣਾ ਖਾਣ ਦਾ ਪ੍ਰੋਗਰਾਮ ਬਣਾਇਆ ਜਾਵੇ...।

ਖੈਰ ਇਹ ਸੁਝਾਅ ਤਾਂ ਮੈਂ ਆਪ ਹੀ ਰੱਦ ਕਰ ਦਿੱਤਾ। ਮੈਨੂੰ ਪਤਾ ਸੀ ਕਿ ਉਹਨੇ ਕਹਿਨੈ ਕਿਉਂ? ਬਿਰਲੇ ਨਾਲ ਪਿੱਠ ਲਗਦੀ ਐ। ਜੁਆਕ ਗੱਲ ਨੂੰ ਚੜ੍ਹੇ ਆਉਂਦੇ ਆ" ਇਹਨੂੰ ਬੁੱਢੇ ਬਾਰੇ ਹੁਣ ਹੋਟਲ ਯਾਦ ਆਉਂਦੇ ਆ, ਬਲਕਿ ਹੁਣ ਤਾਂ ਮੈਨੂੰ ਲੇਖਕ ਦੀ ਨੀਅਤ 'ਤੇ ਵੀ ਸ਼ੱਕ ਪੈਣ ਲੱਗਾ ਕਿ ਇਹ ਭਾਈ ਸਾਹਬ ਖੁਸ਼ ਰਹਿਣ ਦੇ ਤਰੀਕੇ ਦੱਸ ਰਹੇ ਹਨ ਕਿ ਜਿਹੜੀਆਂ ਦੋ ਮਿਲਦੀਆਂ ਹਨ ਉਨ੍ਹਾਂ ਦੇ ਵੀ ਝੂਠੇ ਡਾਂਗ ਮਰਵਾਉਣ ਦਾ ਜੁਗਾੜਮੈਂਟ ਦੱਸ ਰਿਹਾ ਹੈ।

ਛੁੱਟੀ ਦਾ ਸਮਾਂ ਹੋ ਗਿਆ ਸੀ। ਘਰ ਆ ਕੇ ਫੇਰ ਸਮਾਂ ਕੱਢਿਆ ਲੇਖ ਬੜਾ ਲੰਮਾ ਚੌੜਾ ਸੀ। ਲੇਖਕ ਨੇ ਬੜੀ ਮਿਹਨਤ ਕੀਤੀ ਲੱਗਦੀ ਸੀ। ਮੈਂ ਹੁਣ ਕੇਵਲ ਉਨ੍ਹਾਂ ਸੁਝਾਵਾਂ 'ਤੇ ਹੀ ਖ਼ਿਆਲ ਕੇਂਦਰਿਤ ਕਰਨ ਲੱਗਾ ਜੋ ਸਿਰਫ ਪਤੀ ਨੂੰ ਹੀ ਦਿੱਤੇ ਗਏ ਸਨ। ਬੜੇ ਵਧੀਆ ਸੁਝਾਅ ਸਨ।

ਮਸਲਨ ਤੁਸੀਂ ਉਸ ਦੀ ਮਾਨਸਿਕਤਾ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੁਸੀਂ ਕਦੇ ਉਸ ਦਾ ਦਿਲ ਦੁਖਾਉਣ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਉਹਨਾਂ ਦੇ ਮਨ ਪਸੰਦ ਯਾਨੀ ਉਨ੍ਹਾਂ ਦੇ ਬਰਾਂਡ ਦੀਆਂ ਵਸਤਾਂ ਹੀ ਖਰੀਦਣ ਦੀ ਕੋਸ਼ਿਸ਼ ਕਰੋ। ਸ਼ਿਕਾਇਤ ਕਰਨ ਦੀ ਬਜਾਏ ਗੱਲ ਨੂੰ ਰਚਨਾਤਮਕ ਢੰਗ ਨਾਲ ਪੁੱਟ ਕਰੋ | ਕਦੇ ਅਜਿਹੇ ਸ਼ਬਦ ਨਾ ਵਰਤੋਂ ਮੈਨੂੰ ਪ੍ਰੇਸ਼ਾਨ ਨਾ ਕਰ ਬਲਕਿ ਇੰਝ ਆਖੋ ਡਾਰਲਿੰਗ ਤੁਹਾਡੇ ਅਜਿਹੇ ਵਤੀਰੇ ਨਾਲ ਮੇਰੀ ਪ੍ਰੇਸ਼ਾਨੀ ਵਿੱਚ ਵਾਧਾ ਹੁੰਦਾ ਹੈ ਤੁਸੀਂ ਅਜਿਹੀਆਂ ਛੋਟੀਆਂ ਮੋਟੀਆਂ ਗੱਲਾਂ 'ਤੇ ਨਾ ਖਿਝੋ ਕਿ ਉਸ ਨੇ ਤੌਲੀਆ ਤਣੀ ਉਪਰ ਖਿਲਾਰ ਕੇ ਨਹੀਂ ਪਾਇਆ ਆਦਿ ਆਦਿ। ਸੋ ਜਿਵੇਂ ਜਿਵੇਂ ਪੜੀ ਗਿਆ ਨਿਰਾਸ਼ਾ ਹੀ ਪੱਲੇ ਪਈ। ਇਸ ਭੜੂਏ ਨੂੰ ਕੋਈ ਪੁੱਛਣ ਵਾਲੇ ਹੋਵੇ ਭਾਈ ਭਲਿਆ ਮਾਨਸਾ ਤੋਲੀਏ ਤੁਲੀਏ ਨਿਚੋੜਣ ਦਾ ਤਾਂ ਅਸੀਂ ਕਦੇ ਉਹਨੂੰ ਮੌਕਾ ਹੀ ਨਹੀਂ ਦਿੱਤਾ। ਤੂੰ ਸਾਨੂੰ ਸਿੱਧਾ ਉਹ ਫਾਰਮੁਲਾ ਦੱਸ ਜਿਸ ਨਾਲ ਪਤਨੀ ਖੁਸ਼ ਰਹਿ ਸਕੇ। ਪਤੀ ਖੁਸ਼ ਰਹੇ ਜਾਂ ਨਾ ਰਹੇ ਕੋਈ ਫਰਕ ਨਹੀਂ ਪੈਂਦਾ।

ਇਵੇਂ ਹੀ ਅੱਗੇ ਜਾ ਕੇ ਇੱਕ ਹੋਰ ਹੀ ਬੜਾ ਅਜੀਬ ਜਿਹਾ ਹਾਸੋਹੀਣਾ ਜਿਹਾ ਸੁਝਾਅ ਸੀ ਯਾਨੀ ਸਿੱਧਾ ਹੀ ਜੁੱਤੀਆਂ ਨੂੰ ਥਾਂ। ‘ਜੇਕਰ ਤੁਹਾਨੂੰ ਤੁਹਾਡੀ ਪਤਨੀ ਦਾ ਲਿਬਾਸ ਯਾਨੀ ਪਹਿਰਾਵਾ ਚੰਗਾ ਨਾ ਲੱਗੇ ਤਾਂ ਤੁਸੀਂ ਉਹਨੂੰ ਅਜਿਹੇ ਸ਼ਬਦ ਨਾ ਆਖੋ ਕਿ ਇਹ ਕੀ ਬਣੀ ਫਿਰਦੀ ਆ? ਬਲਕਿ ਤੁਸੀਂ ਇਸ ਪ੍ਰਕਾਰ ਦੇ ਸ਼ਬਦ ਵਰਤੋ ਮੇਰੀ ਇੱਛਾ ਹੈ ਡਾਰਲਿੰਗ ਤੁਸੀਂ ਅੱਜਕੱਲ੍ਹ ਬਣ ਸਵਰ ਕੇ ਰਿਹਾ ਕਰੋ ਤੌਬਾ ਤੌਬਾ ਬਿੱਲੀ ਗਲ ਟੱਲੀ ਕੌਣ ਬੰਨ੍ਹੇ।

ਆਖਿਰ ਮੈਂ ਸੋਚਿਆ ਕਿ ਲੇਖ ਵਿਚੋਂ ਭਾਵੇਂ ਕੁੱਝ ਨਹੀਂ ਨਿਕਲਿਆ

ਸੁੱਧ ਵੈਸ਼ਨੂੰ ਢਾਬਾ/78