ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਲੈਕਸ਼ਨ ਡਿਊਟੀ

ਦੇਖੋ ਜੀ, ਅਸੀਂ ਤਾਂ ਖਾਣ-ਪੀਣ ਵਾਲੇ ਬੰਦਾ ਆਂ। ਜਦੋਂ ਸਕੂਲ 'ਚ ਇਲੈਕਸ਼ਨ ਡਿਊਡੀਆਂ ਪੁੱਜਦੀ ਹੈ, ਸਾਡੀਆਂ ਤਾਂ ਬਾਛਾਂ ਖਿੜ ਜਾਂਦੀਆਂ ਹਨ। ਇਕ ਦੋ ਰਿਹਰਸਲ ਅਟੈਂਡ ਕਰਨ ਦਾ ਮੌਕਾ ਮਿਲੂਗਾ। ਯਾਰਾਂ-ਮਿੱਤਰਾਂ ਦਾ ਮੇਲਾ-ਗੇਲਾ, ਕੁਝ ਨਵੀਆਂ ਜਾਣ ਪਛਾਣਾਂ ਹੋਣਗੀਆਂ। ਦੋ ਦਿਨ ਇਲੈਕਸ਼ਨ ਦੇ, ਖੁੱਲਾ-ਡੁੱਲਾ ਖਾਣ-ਪੀਣ, ਦਾਰੂ ਪਾਣੀ ਮੁਫ਼ਤ ਦਾ। ਸੰਭਾਵੀ ਸਫਲ ਹੋਣ ਵਾਲੀਆਂ ਪਾਰਟੀਆਂ ਵੱਲੋਂ ਇੱਕ ਤੋਂ ਵੱਧ ਕੇ, ਇਲੈਕਸ਼ਨ ਪਾਰਟੀ ਦੇ ਵਿਸ਼ਵਾਸ ਨੂੰ ਜਿੱਤਣ ਲਈ ਵੱਧ ਚੜ੍ਹ ਕੇ ਸੇਵਾ ਕਰਨੀ। ਬਤੌਰ ਪ੍ਰੀਜਾਈਡਿੰਗ ਅਫਸਰ ਦੇ ਅਸੀਂ ਉਸ ਵੇਲੇ ਉਸ ਸਾਰੀ ਮਖਲੂਕਾਤ ਦੇ ਬੇਤਾਜ ਬਾਦਸ਼ਾਹ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੁੰਦੇ। ਹੋਰ ਨਹੀਂ ਹੋਰ ਘੱਟੋ ਘੱਟ ਦੋ ਦਿਨ, ਘਰ ਦੀ ਖਚ-ਖਚ ਤੋਂ ਦੂਰ ਖੁੱਲ੍ਹੇ ਆਕਾਸ਼ 'ਚ ਉਡਾਰੀਆਂ ਲਾਉਣ ਦਾ ਸੁਭਾਗ ਤਾਂ ਪ੍ਰਾਪਤ ਹੋਵੇਗਾ ਹੀ। ਇਸ ਲਈ ਅਸੀਂ ਇਲੈਕਸ਼ਨ ਡਿਉਟੀ ਨੂੰ ਇੱਕ ਗਨੀਮਤ ਹੀ ਸਮਝਦੇ ਹਨ।

ਪ੍ਰੰਤੂ ਸਕੂਲ ਚ ਜਦ ਇਲੈਕਸ਼ਨ ਡਿਉਟੀਆਂ ਪੁੱਜਦੀਆਂ ਹਨ ਤਾਂ ਕਈ ਭੱਦਰ ਪੁਰਸ਼ ਅਧਿਆਪਕਾਂ ਦੀ ਬਿਆਨਬਾਜ਼ੀ ਅਤੇ ਮਨੋ-ਵਿਸ਼ਲੇਸ਼ਣ ਚ ਇੱਕ ਅੰਤਰ-ਵਿਰੋਧ ਸਾਫ ਝਲਕ ਰਿਹਾ ਹੁੰਦਾ ਹੈ। ਅਸੀਂ ਤਾਂ ਮੂੰਹ ਫਟ ਆਦਮੀ ਹੋਏ। ਅਸੀਂ ਤਾਂ ਆਪਣੀ ਮਨੋ-ਸਥਿਤੀ ਉੱਪਰ ਸਪਸ਼ਟ ਕਰ ਹੀ ਦਿੱਤੀ ਹੈ। ਅਸਲ 'ਚ ਮਨੋ-ਸਥਿਤੀ ਸਾਰਿਆਂ ਦੀ ਹੀ ਅਜਿਹੀ ਹੁੰਦੀ ਹੈ ਪ੍ਰੰਤੂ ਉਤੋਂ ਉੱਤੋਂ ਉਹ ਬਿਆਨ ਦੇਣਗੇ, ਲਓ ਬਈ ਪੈ ਗਿਆ ਜੱਬ। ਫਸ ਗਏ ਬਈ। ਕਿਧਰੋਂ ਸਿਆਪਾ ਸਾਡੇ ਗਲ ਪਾਇਆ ਹੈ। ਨਾਲ ਦੀ ਨਾਲ ਉਹ ਚੋਰੀਚੋਰੀ ਲਿਸਟ ਵੱਲ ਨਿਗਾਹ ਜੇਹੀ ਵੀ ਮਾਰਨ ਦੀ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਦੀ ਡਿਊਟੀ ਕਿਹੜੇ ਪਿੰਡ ਆਉਂਦੀ ਹੈ। ਕੀ ਉਥੇ ਕੋਈ ਲਿਆਜ-ਭਿਆਜ ਜਾਂ ਸਾਕ-ਸਕੀਰੀ ਹੈ ਜਾਂ ਨਹੀਂ। ਸਭ ਤੋਂ ਵੱਧ ਭੈੜਾ ਹਾਲ ਉਨ੍ਹਾਂ ਅਧਿਆਪਕਾਂ ਦਾ ਹੁੰਦਾ ਹੈ ਜਿਨ੍ਹਾਂ ਦਾ ਨਾਂ ਡਿਉਟੀ ਸੂਚੀ 'ਚ ਨਹੀਂ ਹੁੰਦਾ। ਉੱਤੋਂ ਉੱਤੋਂ ਤਾਂ ਉਹ ਕਹਿਣਗੇ, ਬੜੇ ਬਚੇ ਬਈ, ਬੜੇ ਬਚੇ ਪ੍ਰੰਤੂ ਅੰਦਰੋਂ ਉਨ੍ਹਾਂ ਨੂੰ ਉਕਤ ਸਾਰੇ ਕਿਸਮ ਦੀਆਂ ਸਹੂਲਤਾਂ ਅਤੇ ਐਸ਼ੋ ਅਰਾਮ ਤੋਂ ਵਾਂਝਿਆਂ ਰਹਿ ਜਾਣਦਾ ਝੋਰਾ ਕੁਰੇਦ ਰਿਹਾ ਹੁੰਦਾ ਹੈ। ਉਨ੍ਹਾਂ ਦੀ ਮਨੋ-ਸਥਿਤੀ ਵੇਖਣਯੋਗ ਹੁੰਦੀ ਹੈ।

ਉਕਤ ਸਹੂਲਤਾਂ ਦਾ ਇੰਨ-ਬਿੰਨ ਮਿਲ ਜਾਣਾ, ਭਾਵੇਂ ਕੋਈ ਨਿਸ਼ਚਿਤ ਨਹੀਂ ਹੁੰਦਾ। ਕਈ ਵਾਰ ਵਾਰੇ-ਨਿਆਰੇ ਵੀ ਹੋ ਸਕਦੇ ਹਨ। ਕਈ ਸੱਜਣ ਤਾਂ ਖਾਣ-ਪੀਣ ਤੋਂ ਇਲਾਵਾ, ਦੋ ਚਾਰ ਬੋਤਲਾਂ ਦੀ ਰਾਹ-ਦਾਰੀ ਵੀ ਇਕੱਠੀ ਕਰ ਲੈ ਆਉਂਦੇ ਹਨ। ਕਈ ਲਾਲਚੀ ਸੱਜਣ ਪੈਸੇ ਜਾਂ ਨਕਦੀ ਨੂੰ ਵੀ ਮੂੰਹ ਮਾਰਨ ਦੀ ਕੋਸ਼ਿਸ਼ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ।

ਸੁੱਧ ਵੈਸ਼ਨੂੰ ਢਾਬਾ/85