ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ। ਤ੍ਰੇਲਿਓ-ਤ੍ਰੇਲੀ ਹੋਇਆ ਬਾਹਰ ਖੜ੍ਹਾ ਮੁੜਕਾ ਪੂੰਝੀ ਜਾਵੇ।

ਹਾਂ ਤੇ ਉਹੀ ਭਾਈ ਜੋ ਕੰਮ ਬਾਰੇ ਬੜੀਆਂ ਡਿਗਾ ਮਾਰਦਾ ਸੀ, ਐ ਕਰਦਾ ਹੁੰਨਾਂ ਮੈਂ, ਮੈ ਜਿਉਂ ਕਰਦਾ ਹੁੰਨਾਂ। ਜਦੋਂ ਕਿ ਦੂਜੀਆਂ ਪਾਰਟੀਆਂ ਆਪਣਾ ਕੰਮ ਟਿਚਨ ਕਰ ਚੁੱਕੀਆਂ ਸਨ। ਬਾਈ ਸਾਰਾ ਕੁੱਝ ਉਵੇਂ ਖਿਲਾਰੀ ਬੈਠਾ ਸੀ। ਕਿਸੇ ਨੂੰ ਮੋਮਬੱਤੀ ਫੜਾਈ, ਕਿਸੇ ਨੂੰ ਲਾਖ ਗਰਮ ਕਰਨ ਲਈ ਆਖਿਆ, ਦੇਹ ਲਿਫਾਫਾ ਤੇ ਲਿਫਾਫਾ ਮੋਹਰ 'ਤੇ ਮੋਹਰ। ਬਿਨ੍ਹਾਂ ਮਤਲਬ ਦੇ ਗੈਰਜ਼ਰੂਰੀ ਜਿਹੇ ਕਾਗਜ਼ ਵੀ ਲਿਫਾਫਿਆਂ ਵਿੱਚ ਬੰਦ ਕਰਕੇ ਮੋਹਰ ਠੋਕ ਦੇਵੇ। ਖੋਰੇ ਜੀ ਬੰਦਾ ਕੁਝ ਜ਼ਿਆਦਾ ਹੀ ਸਰਕਾਰ ਦਾ ਖੈਰ ਖੁਆਹ ਲੱਗਦਾ ਸੀ ਤੇ ਮੋਗੇ ਜਦੋਂ ਅਸੀਂ ਰਾਤ ਦੇ ਇੱਕ ਕੁ ਵਜੇ ਆਪਣਾ ਸਾਮਾਨ ਜਮਾਂ ਕਰਵਾ ਦਿੱਤਾ ਅੱਗੇ ਆਏ ਤਾਂ ਬਾਈ ਫੇਰ ਆਪਣਾ ਸਾਮਾਨ ਇੱਕ ਬੱਲਬ ਥੱਲੇ ਖਿਲਾਰੀ ਬੈਠਾ ਸੀ।

ਖੈਰ ਜੀ ਘੈਂਟ ਸ਼ਖਸੀਅਤ ਸੀ। ਇਸੇ ਵਿਸ਼ੇ 'ਤੇ ਬਾਕੀ ਗੱਲਾਂ ਕਿਤੇ ਫਿਰ ਕਰ ਲਵਾਂਗੇ। ਅੱਜ ਇਨ੍ਹਾਂ ਬਾਰੇ ਹੀ ਸੁਣੋ। ਬਾਈ ਜੀ ਦੀ ਬੰਬ ਪਰਸਨਲਟੀ, ਦਾੜੀ ਚੜਾਈ ਹੋਈ ਸੀ। ਅਸੀਂ ਪਟਿਆਲਾ ਮਾਰਕਾ ਪੀਣ ਲੱਗੇ ਤਾਂ ਬਾਈ ਜੀ ਨੂੰ ਸੁਲਾਹ ਮਾਰੀ।

ਨਾ ਜੀ ਨਾ ਆਪਾਂ ਤਾਂ ਊਂ ਈ ਸ਼ਰਾਬ ਨੀਂ ਪੀਂਦੇ। ਆਪਣਾ ਤਾਂ ਅਸੂਲ ਹੀ ਨੀਂ। ਮਾਸਟਰ ਹੋ ਕੇ ਸ਼ਰਾਬ ਪੀਣੀ ਤਾਂ ਵੈਸੇ ਹੀ ਮਾੜੀ ਗੱਲ ਹੈ। ਅਸੀਂ ਲੋਕਾਂ ਨੂੰ ਕੀ ਸਿੱਖਿਆ ਦੇਵਾਂਗੇ। ਭਾਵ ਸਾਨੂੰ ਜੀ ਉਹਨੇ ਕੱਚੇ ਜਿਹੇ ਕਰ ਦਿੱਤਾ। ਪਰ ਅਸੀਂ ਐਨੀ ਕ ਗੱਲ ਨਾਲ ਪੀਣੋ ਤਾਂ ਹਟਣ ਵਾਲੇ ਨਹੀਂ ਸਾਂ, ਅਸੀਂ ਆਪਣਾ ਦੌਰ ਜਾਰੀ ਰੱਖਿਆ। ਬਾਈ ਜੀ ਆਪਣੇ ਕਾਗਜ਼ ਪੱਤਰਾਂ ਦੀ ਤਰਤੀਬ ਲਾਉਂਦੇ ਰਹੇ। ਜਦੋਂ ਰੋਟੀ ਆਉਣ ਦੀ ਝਾਕ ਜਿਹੀ ਹੋਈ ਤਾਂ ਬਾਈ ਜੀ ਇੱਕ ਕਾਰਕੁਨ ਨੂੰ ਪੁੱਛੀ ਜਾਣ ਇੱਥੋਂ ਭਲਾ ਬੀਅਰ ਮਿਲ ਜੂ, ਪੈਸੇ ਮੈਂ ਦੇ ਦਿੰਦਾ ਹਾਂ, ਮੈਨੂੰ ਬੀਅਰ ਦੀ ਬੋਤਲ ਲਿਆ ਦਿਓ, ਯਾਰ ਥੱਕ ਜਿਹੇ ਗਏ ਅੱਜ ਤਾਂ। ਸਾਡੇ ਕੰਨ ਹੱਸਣ, ਸਾਨੂੰ ਪਤਾ ਲੱਗਿਆ, ਬਈ ਹੁਣ ਆਊ ਇੱਧਰ। ਅਸੀਂ ਵੀ ਜਾਣਕੇ ਕੰਨ ਜਿਹੇ ਵਲੇਟ ਲਏ ਕਿਉਂਕਿ ਸਾਨੂੰ ਤਾਂ ਪਤਾ ਸੀ ਬਈ ਇਹਨੂੰ ਬੀਅਰ ਕਿਹੜਾ ਲਿਆ ਦਉ। ਪਟਿਆਲਾ ਮਾਰਕਾ ਤਾਂ ਮਸਾਂ ਮਿਲੀ ਹੈ। ਮੈਂ ਆਪਣੇ ਸਾਥੀਆਂ ਕੋਲ ਆ ਕੇ ਹੌਲੀ ਜਿਹੇ ਆਖਿਆ, ਠਹਿਰ ਜਾਹ, ਹੁਣੇ ਆਉਂਦੀ ਹੈ ਚਿਲਡ ਬੀਅਰ ਨਾਲ ਸਾਫਟ ਡਿਰੰਕ ਵੀ ਆਉ। ਸਾਥੀਆਂ ਨੇ ਕਹਿ-ਕਹਾ ਚੁਕਤਾ। ਅਸੀਂ ਪੈੱਗ ਪੈੱਗ ਹੋਰ ਚਾੜਤਾ। ਬੀਅਰ ਤਾਂ ਕਿੱਥੋਂ ਆਉਣੀ ਸੀ, ਬਾਈ ਜੀ ਦਾ ਚਿੱਤ ਵੀ ਕਰੇ ਪੀਣ ਨੂੰ ਖੈਰ ਜੀ ਅਸੀਂ ਸੁਲਾਹ ਮਾਰ ਦਿੱਤੀ। ਬਾਈ ਜੀ ਆ ਜਾਓ, ਇਹ ਵੀ ਬੀਅਰ ਈ ਐ। ਕਹਿਣ ਦੀ ਦੇਰ ਹੀ ਸੀ ਕਿ ਬਾਈ ਜੀ ਆ ਗਏ। ਚਲੋ ਫਿਰ ਥੋੜੀ ਜਿਹੀ ਇਹੋ ਪੀ ਲੈਂਦੇ ਹਾਂ। ਦਰਸਲ ਮੈਂ ਕੰਮ ਪੂਰਾ ਟਿਚਨ ਕਰਕੇ ਫਿਰ ਪੀਣ ਦੇ ਹੱਕ 'ਚ ਹਾਂ।

ਸੁੱਧ ਵੈਸ਼ਨੂੰ ਢਾਬਾ/89