ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ ਲੇਖਕ ਅਤੇ ਆਲੋਚਕਾਂ ਦੀ ਗੱਲ ਇਸ ਢੰਗ ਨਾਲ ਸਮਾਪਤ ਹੋਣ ਵਾਲੀ ਨਹੀਂ ਲੱਗਦੀ। ਅਸੀਂ ਵਾਰਿਸ, ਹਾਸ਼ਮ, ਪੀਲੂ, ਕਾਦਰਯਾਰ, ਬੁੱਲ੍ਹੇਸ਼ਾਹ ਤੇ ਹੋਰ ਸੂਫੀ ਕਵੀਆਂ ਦੀਆਂ ਉਦਹਾਰਨਾਂ ਦੇਣੀਆਂ ਚਾਹੁੰਦੇ ਹਾਂ, ਜੋ ਕਿਸੇ ਗੈਬੀ ਬਖਸ਼ਿਸ਼ ਕਾਰਨ ਹੀ ਸ਼ਾਇਰ ਸਨ। ਉਨ੍ਹਾਂ ਦੇ ਜੀਵਨ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਸਕੂਲ ਵਿਦਿਆ ਨਾਮਾਤਰ ਹੀ ਹਾਸਲ ਕੀਤੀ ਹੈ। ਬਾਕੀ ਕੰਮ ਰਹਿਮਤ ਦਾ ਹੀ ਹੈ। ਪ੍ਰੰਤੂ ਅਜੋਕੇ ਆਲੋਚਕਾਂ ਨੂੰ ਇਸ ਦੇ ਵਿੱਚ ਵੀ ਕਿਤੇ ਨਾ ਕਿਤੇ ‘ਪਦਾਰਥ’ ਦੇ ਕਿਸੇ ਅੰਸ਼ ਦੀ ਘਤਿਤ ਲੱਗਦੀ ਹੈ। ਸ਼ੈਕਸਪੀਅਰ ਜੋ ਘੋੜਿਆਂ ਦੇ ਤਬੇਲੇ ਦਾ ਕੋਈ ਕਹਿੰਦਾ ਸੀ। ਜਾਨ ਮਿਲਟਨ ਜੋ ਅੱਖਾਂ ਤੋਂ ਅੰਨਾ ਸੀ ਅਤੇ ਆਪਣੀਆਂ ਕਿਰਤਾਂ ਆਪਣੇ ਪੋਤਰਿਆਂ ਦੋਹਤਿਆਂ ਤੋਂ ਲਿਖਵਾਇਆ ਕਰਦਾ ਸੀ, ਬਾਰੇ ਹੋਰ ਕੀ ਆਖਿਆ ਜਾ ਸਕਦਾ ਹੈ? ਪ੍ਰੰਤੂ ਮੈਂ ਨਾ ਮਾਨੂੰ ਅੱਗੇ ਕੋਈ ਵਾਹ ਨਹੀਂ।

ਓਹ ਸੌਰੀ ਲੇਖਕਾਂ, ਕਲਾਕਾਰਾਂ ਦਾ ਇੱਕ ਮਹੱਤਵਪੂਰਨ ਵਰਗ ਤਾਂ ਰਹਿ ਹੀ ਗਿਆ। ਹਾਂ ਜੀ ਇਹ ਵਰਗ ਹੈ ਸਥਾਪਤ ਲੇਖਕ ਅਤੇ ਸਥਾਪਤ ਲੇਖਕਾਂ ਦੀਆਂ ਅੱਗੋਂ ਤਿੰਨ ਕਿਸਮਾਂ ਹਨ। ਇੱਕ ਉਹ ਜੋ ਆਪਣੀ ਮਿਹਨਤ ਅਤੇ ਟੇਲੈਂਟ ਦੇ ਸਿਰ `ਤੇ ਸਥਾਪਤ ਹੁੰਦੇ ਹਨ। ਦੂਜੇ ਜੋ ਚਾਪਲੂਸੀ, ਜੀ ਹਜ਼ੂਰੀ ਅਤੇ ਦੋ ਨੰਬਰ ਦੀ ਜੁਗਾੜਬੰਦੀ ਦੁਆਰਾ ਸਥਾਪਤ ਹੋ ਜਾਂਦੇ ਹਨ। ਤੀਜੀ ਕਿਸਮ ਦੇ ਲੇਖਕਾਂ ਨੂੰ ਕਿਸਮਤ ਦੇ ਧਨੀ ਹੀ ਆਖਿਆ ਜਾ ਸਕਦਾ ਹੈ। ਕੋਈ ਮੌਕਾ ਮੇਲ ਅਜਿਹਾ ਬਣ ਗਿਆ, ਕੋਈ ਦਾਅ ਹੀ ਅਜਿਹਾ ਲੱਗ ਗਿਆ ਜਾਂ ਤੁਰਿਆਂ ਫਿਰਦਿਆਂ ਦਾ ਹੀ ਟੁੱਲ ਲੱਗ ਗਿਆ ਅਤੇ ਸਥਾਪਤ ਹੋ ਗਏ।

ਅਜਿਹੀਆਂ ਸਥਾਪਤ ਸਖਸ਼ੀਅਤਾਂ ਵਿੱਚ ਜਨਾਬ ਦਲੇਰ ਮਹਿੰਦੀ ਦਾ ਨਾਮ ਬਾਖੂਬੀ ਲਿਆ ਜਾ ਸਕਦਾ ਹੈ। ਦਿੱਲੀ ਦੂਰਦਰਸ਼ਨ ਤੋਂ ਇੱਕ ਦਿਨ ਰਾਤ ਦੇ ਅੱਠ ਵਜੇ ਇੱਕ ਆਈਟਮ ਪੇਸ਼ ਹੋਇਆ। ‘ਮਿੱਤਰਾਂ ਦੇ ਟੱਟੂ ’ਤੇ ਤੜੱਕ ਚੜਦੀ, ਬੋਲੋ ਤਾਰਾ ਰਾਰਾ, ਤਾਰਾ ਰਾਰਾ।’ ਦੋ ਕੁ ਟਪੂਸੀਆਂ ਏਧਰ ਮਾਰੀਆਂ, ਦੋ ਕੁ ਓਧਰ ਮਾਰੀਆਂ ਅਤੇ ਤੜਕੇ ਨੂੰ ਦਲੇਰ ਮਹਿੰਦੀ ਸਥਾਪਿਤ ਹੋ ਗਿਆ। ਇਹ ਵੱਖਰੀ ਗੱਲ ਹੈ ਕਿ ਦਲੇਰ ਮਹਿੰਦੀ ਕਲਾ ਦਾ ਵੀ ਪੂਰਾ ਧਨੀ ਹੈ ਪੰਤ ਉਸਦੀ ਸਥਾਪਤੀ ਲਈ ਕਲਾ ਨਾਲੋਂ ਮੌਕਾ ਮੇਲ ਦਾ ਵੱਧ ਯੋਗਦਾਨ ਹੈ। ਸਥਾਪਤੀ ਤੋਂ ਇੱਕ ਦਿਨ ਪਹਿਲਾਂ ਤੱਕ ਦਲੇਰ ਮਹਿੰਦੀ ਨੂੰ ਕੋਈ ਨਹੀਂ ਸੀ ਜਾਣਦਾ। ਕਹਿੰਦੇ ਹਨ ਕਿਸੇ ਗੁਰਦੁਆਰਾ ਸਾਹਿਬ ਵਿੱਚ ਰਾਗੀ ਸਿੰਘ ਦੀ ਸੇਵਾ ਨਿਭਾ ਰਿਹਾ ਸੀ। ਹਾਲਾਂਕਿ ਇਹ ਵੀ ਇੱਕ ਸਤਿਕਾਰਯੋਗ ਕਿਰਤ ਹੈ ਪ੍ਰੰਤੂ ਸਥਾਪਤੀ ਹੋਈ, ‘ਮਿੱਤਰਾਂ ਦੇ ਟੱਟੂ ਤੇ ਤੜੱਕ ਚੜ੍ਹਦੀ ਨਾਲ।’

ਸਥਾਪਿਤ ਲੇਖਕਾਂ/ਕਲਾਕਾਰਾਂ ਦੀ ਤਾਂ ਜੀ ਗੱਲ ਹੀ ਵੱਖਰੀ ਹੈ। ਉਹਨਾਂ ਦੇ ਤਾਂ ਜੀ ਵਾਰੇ ਨਿਆਰੇ ਹੀ ਹਨ। ਉਹਨਾਂ ਦੀਆਂ ਤਾਂ ਜੀ ਦੂਰ ਬਲਾਈਂ ਹੀ ਸਮਝੋ। ਪ੍ਰੰਤੂ ਅਸੀਂ ਤਾਂ ਸਥਾਪਤੀ ਤੋਂ ਭਾਵ ਸਰਵਨਾਸ਼ ਹੀ ਲੈਂਦੇ

ਸੁੱਧ ਵੈਸ਼ਨੂੰ ਢਾਬਾ/94