ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁੱਛਣ 'ਤੇ ਪਤਾ ਲੱਗਾ-ਇਹ ਜੀ ਲੇਖਕ ਨੇ

ਨਿਤਾਪ੍ਰਤੀ ਜੀਵਨ ਵਿੱਚ ਵਿਚਰਦਿਆਂ ਵੱਖੋ-ਵੱਖਰੀ ਕਿਸਮ ਦੇ ਬੰਦਿਆਂ ਨਾਲ ਵਾਹ ਪੈ ਜਾਣਾ ਕੋਈ ਗੈਰ ਕੁਦਰਤੀ ਵਰਤਾਰਾ ਨਹੀਂ ਆਖਿਆ ਜਾ ਸਕਦਾ। ਰੇਲ ਗੱਡੀ ਜਾਂ ਬੱਸ ਵਿੱਚ ਸਫ਼ਰ ਕਰਦਿਆਂ ਬੱਚੇ, ਬੁੱਢੇ, ਜਵਾਨ, ਔਰਤਾਂ, ਕਿਸਾਨ, ਦੁਕਾਨਦਾਰ, ਵਪਾਰੀ, ਅਧਿਆਪਕ, ਪਰ-ਅਧਿਆਪਕ, ਬੁੱਧੀਜੀਵੀ, ਵਿਹਲੜ, ਨਖੱਟੂ ਆਦਿ ਵਿੱਚੋਂ ਕਿਸੇ ਨਾਲ ਵੀ ਵਾਹ ਪੈ ਸਕਦਾ ਹੈ। ਅੱਜ ਦੇ ਤੇਜ਼ ਤਰਾਰ ਯੁਗ ਵਿੱਚ ਸਾਧਾਰਨ ਸੂਝ ਵਾਲਾ ਆਦਮੀ ਵੀ ਥੋੜੇ ਜਿਹੇ ਸਮੇਂ ਵਿੱਚ ਹੀ ਨਾਲ ਬੈਠਣ ਵਾਲੇ ਅਜਨਬੀ ਬਾਰੇ ਅੰਦਾਜਾ ਲਾ ਲੈਂਦਾ ਹੈ ਕਿ ਇਹ ਬਾਈ ਕਿਸ ਵਰਗ ਨਾਲ ਸੰਬੰਧ ਰੱਖਦਾ ਹੈ ਪ੍ਰੰਤੂ ਇਨ੍ਹਾਂ ਤੋਂ ਵੱਖਰਾ ਇੱਕ ਵਰਗ ਅਜਿਹਾ ਵੀ ਹੈ, ਜਿਨ੍ਹਾਂ ਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਕਿ ਜਨਾਬ ਕੀ ਨੇ? ਤੇ ਉਨ੍ਹਾਂ ਬਾਰੇ ਝੱਟ ਪਤਾ ਲੱਗਾ ਜਾਂਦਾ ਹੈ, ਬਲਕਿ ਉਹ ਇੱਕ ਅਜਿਹਾ ਵਰਗ ਹੈ ਕਿ ਜੇਕਰ ਤੁਸੀਂ ਨਾ ਵੀ ਪੁੱਛਣਾ ਚਾਹੋ ਤਾਂ ਵੀ ਉਨ੍ਹਾਂ ਨੇ ਸੀਟ 'ਤੇ ਬੈਠਦਿਆਂ ਹੀ ਤੁਹਾਡੇ ਵੱਲ ਹੱਥ ਵਧਾਉਂਦੇ ਹੋਏ ਆਪਣਾ ਪਰੀਚੈ ਇਸ ਢੰਗ ਨਾਲ ਦੇਣਾ ਸ਼ੁਰੂ ਕਰ ਦੇਣਾ ਹੈ, ਮੈਂ ਜੀ ਫਲਾਣਾ ਸਿਉਂ ‘ਖਾਹਮਖਾਹ’, ਲੇਖਕ ‘ਵੜੀਆਂ ਪਕੌੜੇ’ ਅਤੇ ‘ਉਡਣਾ ਸੱਪ’ ‘ਵੜੀਆਂ ਪਕੌੜੇ’ ਮੇਰਾ ਕਾਵਿ ਸੰਗ੍ਰਹਿ ਹੈ ਅਤੇ ਉਡਣਾ ਸੱਪ ਮੇਰੇ ਪਿਤਾ ਦਾ ‘ਰੇਖਾ ਚਿੱਤਰ’ ਹੈ ਜੀ। ਭਾਵ ਉਹ ਦੱਸ ਦਿੰਦੇ ਹਨ ਕਿ ਤੁਹਾਡੇ ਨਾਲ ਬੈਠਣ ਵਾਲੀ ਸਵਾਰੀ ‘ਆਦਮੀਂ’ ਨਹੀਂ ਬਲਕਿ ‘ਲੇਖਕ’ ਹੈ।

ਤੁਸੀਂ ਬੱਸ ਵਿੱਚ ਸਫ਼ਰ ਕਰ ਰਹੇ ਹੋ, ਤੁਹਾਡੀ ਕੋਈ ਆਪਣੀ ਸਮੱਸਿਆ ਹੈ। ਤੁਸੀਂ ਹਸਪਤਾਲ ਕਿਸੇ ਮਰੀਜ ਦਾ ਪਤਾ ਲੈਣ ਜਾ ਰਹੇ ਹੋ। ਤੁਹਡੀ ਮੁਕਦਮੇ ਦੀ ਤਾਰੀਖ ਹੈ। ਤੁਸੀਂ ਰਿਸ਼ਤੇਦਾਰੀ ਵਿੱਚ ਕਿਸੇ ਮਰਗ ਦੇ ਅਫਸੋਸ ਲਈ ਜਾ ਰਹੇ ਹੋ। ਉਨ੍ਹਾਂ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ। ਉਨ੍ਹਾਂ ਨੇ ਆਪਣਾ ਰਾਗ ਅਲਾਪੀ ਜਾਣਾ। ਮੇਰੀ ਜੀ ਫਲਾਣੀ ਰਚਨਾ ਬੜੀ ਟਾਪ ਦੀ ਸੀ। ਬੜਾ ਚਰਚਾ ਹੋਇਆ ਮੇਰੇ ਕਾਵਿ-ਸੰਗ੍ਰਹਿ ਦਾ। ਮੈਨੂੰ ਵੱਡੇ-ਵੱਡੇ ਸਾਹਿਤਕਾਰਾਂ ਦੇ ਪੰਸਸਾ ਪੱਤਰ ਆਏ। ਅਖ਼ਬਾਰਾਂ ਵਿੱਚ ਤਾਂ ਮੈਂ ਆਮ ਹੀ ਛਪਦਾ ਰਹਿਨੈ।ਵਾਹ ਲਗਦੀ ਕਿਸੇ ਅਖ਼ਬਾਰ ਦੀ ਕੋਈ ਸੀ ਪਿਟੀ ਆਪਣੀ ਰਚਨਾ ਦੀ ਕੱਟਿੰਗ ਉਹ ਤੁਹਾਡੇ ਨੱਕ ਨਾਲ ਲਾ ਕੇ ਦਿਖਾਉਣ ਦੀ ਕੋਸ਼ਿਸ਼ ਕਰਨਗੇ। ਤੁਸੀਂ ਹੁੰਗਾਰਾ ਭਰੋ ਜਾਂ ਨਾ, ਉਨ੍ਹਾਂ ਆਪਣੀ ਗੱਲ ਜਾਰੀ ਰੱਖਣੀ ਹੈ। ਮੈਨੂੰ ਫਲਾਣਾ ਐਵਾਰਡ ਮਿਲਿਐ। ਮੈਂ ਅੱਜ ਬੜੇ ਵੱਡੇ ਸਮਾਗਮ ਤੇ ਜਾ ਰਿਹਾ ਹਾਂ। ਤੁਸੀਂ ਪੜਿਆ ਹੋਣੈ ਅਖ਼ਬਾਰ 'ਚ।

ਬਈ ਭਲਿਆ ਮਾਣਸਾ, ਤੈਨੂੰ ਸੱਦਿਆ ਨੀਂ, ਬੁਲਾਇਆ ਨੀਂ, ਤੂੰ

ਸੁੱਧ ਵੈਸ਼ਨੂੰ ਢਾਬਾ/97