ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੱਟ ਵੀ ਧਰਦੇ ਨੇ। ਅਸੀਂ ਨੀ ਜੀ ਇਸ ਅਵਸਥਾ ਵਿੱਚ ਬਲਾ ਸਕਦੇ, ਇਨ੍ਹਾਂ ਨੂੰ। ਮੈਂ ਬੜਾ ਦੁਚਿੱਤੀ ਜਿਹੀ ਵਿੱਚ ਫਸ ਗਿਆ। ਉਸਦੀ ਹਾਲਤ ਦੇਖਕੇ ਮੈਂ ਸੋਚਿਆ, ਬਈ ਬੰਦੇ ਦੀ ਭਾਵੇਂ ਜਾਨ ਨਿਕਦੀ ਹੋਵੇ, ਇਹ ਪਤੰਦਰ ਕਹਿੰਦਾ ਅਸੀਂ ਬੁਲਾ ਈ ਨਹੀਂ ਸਕਦੇ। ਮੈਂ ਕੁਝ ਚਿਰ ਤਾਂ ਹੋਰ ਰੁਕਿਆ ਰਿਹਾ, ਫਿਰ ਉਸ ਆਦਮੀ ਦੀ ਹਾਲਤ ਦੇਖ ਕੇ ਮੈਂ ਉਸਨੂੰ ਪੁੱਛਣ ਦਾ ਮਨ ਬਣਾ ਹੀ ਲਿਆ। ਮੈਂ ਸੋਚਿਆ ਦੇਖੀ ਜਾਉ, ਜੱਟ ਦਾ ਜੱਟ ਕੀ ਵਿਗਾੜ ਲਊ। ਬਾਹਲਾ ਔਖਾ ਹੋਇਆ ਤਾਂ ਆਪਾਂ ਕਿਹੜਾ ਮਾੜੇ ਆ ਇਹਤੋਂ ਦੋ ਮਾਰਾਂਗੇ ਗਿੱਚੀ ’ਚ, ਦਮੇ ਦਾ ਤਾਂ ਖਾਧਾ ਪਿਆ ਹੈ ਇਹ, ਮੇਰਾ ਕੀ ਵਿਗਾੜਲੁ। ਸੌ ਆਖਿਰ ਮੈਂ ਪੁੱਛ ਹੀ ਲਿਆ, "ਭਾਈ ਸਾਹਿਬ ਜੀ ਕੀ ਤਕਲੀਫ ਹੈ? ਮੈਂ ਤੁਹਾਡੀ ਸਮੱਸਿਆ ਦਾ ਕੋਈ ਹੱਲ ਕਰ ਸਕਦਾ ਹੋਵਾਂ ਤਾਂ ਗੁਲਾਮ ਹਾਜ਼ਰ ਹੈ।" ਮੇਰੀ ਕਹਿਣ ਦੀ ਦੇਰ ਸੀ ਕਿ ਭਾਈ ਜੀ ਨੇ ਆਪਣੀ ਸਾਰੀ ਰਾਮ ਕਹਾਣੀ ਕਰਤੀ ਸ਼ੁਰੂ। ਮੈਂ ਜੀ ਫਲਾਣਾ ਕਵੀ ਹਾਂ, ਮੇਰੀਆਂ ਇੰਨੀਆਂ ਪੁਸਤਕਾਂ ਹਨ। ਮੇਰੀ ਫਲਾਣੀ ਨਜ਼ਮ ਨੂੰ ਪੁਰਸਕਾਰ ਮਿਲਿਆ ਹੈ। ਮੈਂ ਅੱਜਕੱਲ੍ਹ ਗਜ਼ਲ ’ਤੇ ਹੱਥ ਅਜ਼ਮਾ ਰਿਹਾ ਹਾਂ, ਬੜੀ ਵਧੀਆ ਰਿਪੋਰਟ ਹੈ। ਮੈਂ ਜੀ ਪੰਦਰਾਂ ਦਿਨ ਹੋ ਗਏ ਇੱਕ ਗ਼ਜ਼ਲ ਲਿਖਦੇ ਨੂੰ ਚਾਰ ਪੰਜ ਸ਼ੇਅਰ ਤਾਂ ਬਣੇ ਹਨ। ਅੱਜ ਕਈ ਦਿਨਾਂ ਬਾਅਦ ਇੱਕ ਮਿਸ਼ਰਾ ਬਣਿਆ ਹੈ। ਬੜੇ ਕਮਾਲ ਦੀ ਚੀਜ਼ ਬਣੀ ਹੈ। ਸੁਣਿਓ ਜਰਾ ਕਹਿਕੇ ਉਸਨੇ ਆਪਣਾ ਉਲ ਜਲੂਲ ਜਿਹਾ ਮਿਸ਼ਰਾ ਕਹਿ ਸੁਣਾਇਆ। ਮੇਰੇ ਪੱਲ ਤਾਂ ਕੁਝ ਨਹੀਂ ਪਿਆ, ਪ੍ਰੰਤੂ ਮੈਂ ਵਾਹ ਵਾਹ ਜ਼ਰੂਰ ਕਹਿ ਦਿੱਤਾ। ਮੇਰੇ ਵਾਹ ਵਾਹ ਕਹਿਣ `ਤੇ ਉਹ ਫੁੱਲ ਕੇ ਭੜੱਲੇ ਵਾਂਗ ਹੋ ਗਿਆ ਅਤੇ ਦੇ ਤਿੰਨ ਵਾਰ ਹੋਰ ਉਹ ਮਿਸ਼ਰਾ ਮੇਰੇ ਕੋਲ ਹੋ ਕੇ ਦੁਹਰਾ ਦਿੱਤਾ।

ਫਿਰ ਮੈਂ ਉਸਨੂੰ ਉਨ੍ਹਾਂ ਦੀ ਉਤੇਜਨਾ ਦਾ ਕਾਰਨ ਪੁਛਿਆ ਕਿ ਕੀ ਗੱਲ ਜੀ, ਤੁਸੀਂ ਕੁਝ ਚਿਰ ਪਹਿਲਾਂ ਬੜੀ ਤੋੜ ਖੋਹੀ ਜੀ ਕਰੀ ਜਾਂਦੇ ਸੀ, ਤਾਂ ਉਸ ਆਖਿਆ ਬੱਸ ਇਸ ਕਰਕੇ ਕਿ ਬਈ ਮੈਂ ਸੋਚਿਆ ਡਾਇਰੀ ’ਤੇ ਨੋਟ ਕਰ ਲਵਾਂ। ਪੰਤੁ ਮੇਰੀ ਐਨਕ ਹੀ ਨਹੀਂ ਲੱਭ ਰਹੀ। ਮੈਂ ਇਸ ਕਰਕੇ ਤੁਹਾਨੂੰ ਦੋਤਿੰਨ ਵਾਰ ਸੁਣਾਇਆ ਹੈ ਕਿ ਕਿਧਰੇ ਭੁੱਲ ਹੀ ਨਾ ਜਾਵਾਂ। ਮੈਂ ਉਸਦੇ ਮੁੰਹ ਵੱਲ ਤੱਕਿਆ ਅਤੇ ਉਸਨੂੰ ਪੁੱਛਿਆ, "ਆਹ ਬਾਈ ਜੀ ਜਿਹੜੀ ਤੁਹਾਡੇ ਨੱਕ `ਤੇ ਪਹਿਲਾਂ ਹੀ ਐਨਕ ਲੱਗੀ ਹੋਈ ਹੈ, ਇਹ ਕਿਹੜੀ ਹੈ?" ਇਹ ਸੁਣਦੇ ਸਾਰ ਹੀ ਉਸਨੇ ਆਪਣੀਆਂ ਅੱਖਾਂ 'ਤੇ ਲੱਗੀ ਐਨਕ ’ਤੇ ਹੱਥ ਮਾਰਿਆ ਅਤੇ ਔਹ ਸੌਰੀ ਕਹਿੰਦੇ ਹੋਏ ਨੇ ਬਿਨਾਂ ਕਿਸੇ ਲੱਜ ਸ਼ਰਮ ਮੰਨੇ ਇਸ ਢੰਗ ਨਾਲ ਮੇਰਾ ਸ਼ੁਕਰੀਆ ਅਦਾ ਕਰਨ ਲੱਗਾ ਕਿ ਸ਼ਰਮ ਉਲਟੀ ਮੈਨੂੰ ਆਉਣ ਲੱਗ ਪਈ।

ਸੁੱਧ ਵੈਸ਼ਨੂੰ ਢਾਬਾ/99