ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਨੰਦ : ਪਾਤਰ ਹੋਣਾ ਐਕਟਰ ਦੀ ਸਾਧਨਾ ਹੈ...ਜੋਗ ਸਾਧਨਾ! ਪਰ ਐਕਟਰ ਦੀ

ਹੋਂਦ..., ਉਸਦੇ ਸਵਾਲ...ਡਰ...; ਪਾਤਰ ਤੇ ਐਕਟਰ ਵਿਚਾਲੇ ਰੜਕਦੇ

ਰਹਿੰਦੇ! ਤੇ ਜੇ ਪਾਤਰ ਨਾਨਕ ਵਰਗਾ ਹੋਵੇ...ਨਿਰਭੈ...ਨਿਰਵੈਰ...

ਤਾਂ..., (ਸੋਚਦੇ ਹੋਏ ਇਨਕਾਰ 'ਚ ਸਿਰ ਮਾਰਦਾ ਹੈ।) ਹੋਰ ਵੀ ਔਖਾ,

ਨਾਮੁਮਕਿਨ! ਅਕਾਲ ਨੂੰ ਦ੍ਰਿਸ਼ 'ਚ ਬੰਨਣਾ...ਤੇ...ਨਿਰਾਕਾਰ ਨੂੰ ਰੂਪ

'ਚ... ਹੋਰ ਵੀ ਔਖਾ... (ਅਸਮਰਥਤਾ ਦੇ ਆਸ਼ੇ ਵਰਗਾ ਕੋਈ ਜੈਸਚਰ)

ਸ਼ਾਇਦ ਪਰੰਪਰਾ ਦੀ ਇਹੋ ਮਜਬੂਰੀ ਹੋਵੇ! ਹੈ ਤਾਂ ਬੁੱਧ ਵੇਲੇ ਵੀ ਸੀ।

(ਜ਼ੋਰ ਦੇ ਕੇ) ਬੁੱਧ ਦੇ ਬੁੱਤ ਵਰਜਿਤ ਸੀ, ਪਰ ਉਹ ਬਣੇ ਇੱਕ-ਦੋ

ਨਹੀਂ ...ਹਜ਼ਾਰਾਂ...ਤੇ ਲੱਖਾਂ...

ਮਰਦਾਨਾ : (ਜ਼ੋਰ ਦੇ ਕੇ) ਪਰ ਨਾਟਕ ਕਿਵੇਂ ਹੋਵੇਗਾ? (ਸੋਚਦੇ ਹੋਏ) ਇੱਥੇ ਬੁੱਤ

ਨਹੀਂ...ਜਿਉਂਦੇ...ਬੰਦੇ ਚਾਹੀਦੇ! (ਰੁਕ ਜਾਂਦਾ ਹੈ।)

ਕੋਰਸ ਵਿੱਚੋਂ : ਤੇ ਤੇਰੀ ਕੀ ਕੋਹਲੂ 'ਚ ਬਾਂਹ ਫਸੀ ਐ! (ਹਾਸਾ) ਚੁੱਪੀ!!!

ਮਰਦਾਨਾ : ਤੇ ਜਿਸ ਦੀ ਅਰਾਧਨਾ... ਬੰਦਗੀ ਹੀ ਨਾਟਕ ਹੋਵੇ...ਉਹ ਕੀ ਕਰੇ ?

ਨਾਸਤਿਕ ਹੋ ਜਾਏ ?

ਆਨੰਦ : (ਹੌਕਾ) ਤੁੱਰਣਾ ਤਾਂ ਪਵੇਗਾ ਗੁਰਭਾਈ! ਤੁਰਿਆਂ ਰਾਹ ਬਣਦੇ ਨੇ!

ਮਰਦਾਨਾ : (ਖੁਸ਼) ...। ਗੁਰਭਾਈ!

(ਮਰਦਾਨਾ ਹੈਰਾਨ ਇੱਕ ਟੱਕ ਉਸ ਵੱਲ ਦੇਖਦਾ ਰਹਿੰਦਾ ਹੈ। ਰੌਸ਼ਨੀ

ਨਾਲ ਦ੍ਰਿਸ਼ ਬਦਲਦਾ ਹੈ। ਉਸ ਥਾਂ 'ਤੇ ਰੌਸ਼ਨੀ ਹੁੰਦੀ ਹੈ, ਜਿੱਥੇ ਰਬਾਬ

ਪਈ ਹੈ। ਮਰਦਾਨਾ ਮੀਰ ਵਾਲਾ ਸਾਫ਼ਾ ਲੈਂਦਾ ਹੈ ਤੇ ਗੋਲ ਮੂਵ ਲੈਂਦਾ

ਹੈ।)

ਆਨੰਦ : (ਦਰਸ਼ਕਾਂ ਨੂੰ) ਤੁਰਨਾ ਤਾਂ ਤੁਹਾਨੂੰ ਵੀ ਪਵੇਗਾ,...ਤੇ ਉਹ ਵੀ ਜਾਗ ਕੇ!

ਮੂਰਤ-ਅਮੂਰਤ ਤੇ ਐਕਟਰ-ਪਾਤਰ ਦੀਆਂ ਗੁੰਝਲਾਂ ਸੁਲਝਾਣੀਆਂ...,

ਇਹ ਨਾਟ ਦੇਖਣ ਦੀ ਸਾਧਨਾ ਹੈ।

(ਬਾਹਰ ਜਾਂਦੇ ਹੋਏ। ਮਰਦਾਨੇ 'ਤੇ ਰੌਸ਼ਨੀ ਵਧਦੀ ਹੈ ਤੇ ਆਨੰਦ 'ਤੇ

ਘਟਦੀ ਜਾਂਦੀ ਹੈ।)

ਆਨੰਦ : ਸਾਜ਼...ਸਾਜੀ...ਸਰੋਤੇ ਇੱਕ ਸੁਰ ਹੋਣਗੇ ਤਾਂ ਕੁਝ ਹੋਏਗਾ !

12