ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਮਰਦਾਨਾ: ਮੋਦੀਖਾਨੇ ਦੇ ਸਾਹਮਣੇ।

ਨਾਨਕੀ: (ਘਬਰਾ ਜਾਂਦੀ ਹੈ। ਮੋਦੀਖਾਨੇ ਦੇ!

ਮਰਦਾਨਾ: ਲੋਕਾਂ ਘੇਰ ਲਿਐ...

ਨਾਨਕੀ: ਪਰ ਕਿਉਂ ?

ਮਰਦਾਨਾ: (ਅੱਖਾਂ ਭਰ ਆਉਂਦਾ ਹੈ) ਅੱਜ ਅੰਨ ਦੀ ਚਰਚਾ ਚਲ ਰਹੀ ਹੈ, ਬੇਬੇ!

ਖਲਕਤ ਅਨਾਜ ਤੇ ਆਪਣੇ ਵਿਚਲੀ ਵਿੱਥ ਦੀ ਵਜਾਹ ਪੁਛਦੀ ਹੈ, ਤੇ

ਪੁਛਦੀ.....। (ਰੁਕ ਜਾਂਦਾ ਹੈ)

ਨਾਨਕੀ: (ਤੜਪ ਕੇ) ਕੀ ਪੁਛਦੀ ...।

ਮਰਦਾਨਾ: ਭੰਡਾਰ ਭਰੇ ਨੇ, ਲੱਦੇ ਊਠ ਹੋਰ ਤੁਰੇ ਆਉਂਦੇ...,ਪਰ ਨਾਨਕ ਦਾ

ਹੱਥ... ਕਿੱਥੇ ਐ? ਕੋਈ ਵੰਡਣ ਵਾਲਾ ਨਹੀਂ...! ਅਕਾਲ... ਓਂਕਾਰ

... ਚੁੱਪ ਵੱਟੀ ਬੈਠੇ!

ਨਾਨਕੀ: (ਏਧਰ-ਓਧਰ ਦੇਖਦੀ ਡਰ ਜਾਂਦੀ ਹੈ) ਅਸੀਂ ਸੰਸਾਰੀ ਲੋਕ ਆਂ ਵੀਰਾ।

ਖਲਕਤ ਦੀ ਬਾਂਹ ਫੜਣ ਦੀ ਹਿੰਮਤ ਨਹੀਂ ਸਾਡੇ 'ਚ। ਤੂੰ ਇਹ

ਗੱਲਾਂ...ਇਥੇ ਨਾ ਕਰ! (ਮਰਦਾਨੇ ਨੂੰ ਰੋਂਦਾ ਦੇਖ) ਵੇ ਜਾ ਵੇ ...

ਕਾਹਦਾ ਮਰਾਸੀ ਏ ਤੂੰ...ਘੜੀ ਮਗਰੋਂ ਡੁਸਕਣ ਲਗ ਜਾਂਦੈ! (ਆਪਣੇ

ਹੰਝੂ ਰੋਕਣ ਦੀ ਕੋਸ਼ਿਸ਼ ਕਰਦੀ ਹੈ।)

ਮਰਦਾਨਾ: ਮੈਂਨੂੰ ਪਤਾ...ਸਾਈਂ ਦੀ ਭੈਣ ਬਣ ਜਿਉਣਾ...ਕੋਈ ਸੌਖਾ ਨਹੀਂ।

ਨਾਨਕੀ: ਮੇਰੀ ਛੱਡ...,ਕਦੇ ਤਲਵੰਡੀ ਬਾਰੇ ਸੋਚਿਆ! (ਉਲਾਂਭਾ) ਤੁਸੀਂ ਹੋਵੋਗੇ

ਅਰਸ਼ਾਂ ਦੇ, ਪਰ ਮਾਵਾਂ ਤਾਂ ਧਰਤੀ 'ਤੇ ਰਹਿੰਦੀਆਂ! ਧੀ ਵਿਆਹੀ

ਗਈ ਤੇ ਅੰਮੀ ਆਖਰੀ ਸਾਹਾਂ ਤਾਈਂ ...(ਚੁੱਪੀ)

ਮਰਦਾਨਾ: (ਨਾਨਕੀ ਵੱਲ ਦੇਖਦੇ ਹੋਏ) ਅੰਮੀ...?

ਨਾਨਕੀ: ਮਾੜੀ ਜਿਹੀ ਬਿੜਕ ਹੁੰਦੀ ਤਾਂ ਅੱਖਾਂ ਖੋਹਲ ਦਿੰਦੀ।

(ਨਾਨਕੀ ਨੀਵੀਂ ਪਾ ਲੈਂਦੀ ਹੈ। ਮਰਦਾਨਾ ਗੋਢੇ ਟੇਕ ਲੈਂਦਾ: ਇੱਕ

ਵਖਰੇ ਸਪਾਟ ਵਿੱਚ ਉਹੀ ਨੌਜਵਾਨ ਸਾਧੂ ਕਾਸਾ ਲਈ ਆ ਖੜਦਾ ਹੈ।

ਮਰਦਾਨਾ ਉਸ ਕੋਲ ਜਾਂਦਾ ਹੈ।

ਮਰਦਾਨਾ: (ਨੌਜਵਾਨ ਸਾਧ ਦੇ ਗੱਲ ਲੱਗ ਰੋਂਦਾ ਹੈ) ਅੰਮੀ ਮਰ ਗਈ!

ਸਾਧ: ਸਾਜ਼ ਰੱਖ ਦੇ...। ਤੇ ਖੁਦ ਨੂੰ ਵੱਜਣ ਦੇ...

71