ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਟਕਕਾਰ ਵੱਲੋਂ

ਮੰਡ ਹੋਰਾਂ ਦੇ 'ਬੋਲ ਮਰਦਾਨਿਆ' ਨੂੰ ਨਾਟਕ 'ਚ ਢਾਲਣ ਦਾ ਪੂਰਾ ਸਫ਼ਰ ਇੱਕ ਰੂਹਾਨੀ ਯਾਤਰਾ ਹੈ। ਇਹ ਚੇਤਨਾ ਦੇ ਅਮੁਰਤ ਆਕਾਸ਼ ਅੰਦਰੋਂ ਇੱਕ ਮੂਰਤ ਦੇ ਦਰਸ਼ਨ ਕਰਾਉਣ ਦਾ ਯਤਨ ਹੈ। ਬਾਬਾ ਜੋ ਸਾਰੀ ਕਥਾ ਦੀ ਜਿੰਦ ਜਾਨ ਤੇ ਮੁੱਖ ਪਾਤਰ ਹੈ, ਨੂੰ ਦੇਹ ਰੂਪ ਵਿੱਚ ਦਿਖਾਏ ਬਿਨਾ ਉਸਦੀ ਮੌਜੂਦਗੀ ਨੂੰ ਹਰ ਵੇਲੇ ਦਿਲਾਂ ਲਾਗੇ ਮਹਿਸੂਸ ਕਰਾਈ ਰੱਖਣਾ, ਆਲੇ-ਦੁਆਲੇ ਤੁਰਦਾ-ਫਿਰਦਾ ਤੇ ਦਿਖਦਾ-ਦਿਖਦਾ ਜਿਹਾ ਲਾਈ ਰੱਖਣਾ ਸਚੁਮੱਚ ਇੱਕ ਵੱਡੀ ਚੁਣੌਤੀ ਸੀ, ਖ਼ਾਸ ਤੌਰ 'ਤੇ ਜਦੋਂ ਤੁਸੀਂ ਪਹਿਲੋਂ ਤੋਂ ਪ੍ਰਚਲਿਤ ਰੁੱਖੇ ਤਕਨੀਕੀ ਸਾਧਨਾਂ ਨੂੰ ਨਾ ਵਰਤਣ ਦਾ ਪੱਕਾ ਮਨ ਬਣਾਇਆ ਹੋਵੇ? ਮੈਂ ਕਿਸ ਹੱਦ ਤੱਕ ਕਾਮਯਾਬ ਰਿਹਾ ਹਾਂ, ਜ਼ਾਹਿਰ ਹੈ। ਕਿ ਇਸਦੀ ਗਵਾਹੀ ਤਾਂ ਪਾਠਕ ਜਾਂ ਉਨ੍ਹਾਂ ਨਾਲੋਂ ਵੀ ਵੱਧ ਉਹ ਦਰਸ਼ਕ ਹੀ ਦੇਣਗੇ ਜਿਹੜੇ ਇਸਨੂੰ ਮੰਚ 'ਤੇ ਖੇਡਿਆ ਜਾਂਦਾ ਦੇਖਣਗੇ।

ਜਿੱਥੋਂ ਤੱਕ ਮੈਂ ਸਮਝ ਸਕਦਾ ਹਾਂ ਇਹ ਇੱਕ ਰੂਹਾਨੀ ਨਾਟਕ ਹੈ, ਜਿਸਦੇ ਪਾਤਰ ਨਾਵਾਂ ਦੇ ਪੱਖੋਂ ਜ਼ਰੂਰ ਇਤਿਹਾਸਿਕ ਹਨ, ਪਰ ਉਹ ਅਕਾਲ ਵਿੱਚ ਹੀ ਵਿਚਰਦੇ ਹਨ। ਮੇਰੀ ਕੋਸ਼ਿਸ਼ ਰਹੀ ਹੈ ਕਿ ਮੂਲ ਨਾਵਲ ਦੇ ਸਵਾਦ ਨੂੰ ਸੰਭਵ ਹੱਦ ਤੱਕ ਕਾਇਮ ਰਖਿਆ ਜਾ ਸਕੇ, ਪਰ ਆਪਣੀ ਸ਼ਖਸੀਅਤ ਤੇ ਵਿਧਾ ਦੀਆਂ ਸੀਮਾਵਾਂ ਤੇ ਮੰਗਾਂ ਦਾ ਅਸਰ ਮੈਂ ਨਾਟਕ ਦੀ ਬਣਤਰ 'ਚ ਦੇਖ ਸਕਦਾ ਹਾਂ, ਕਈ ਥਾਵਾਂ 'ਤੇ ਨਾਟਕ ਮੰਡ ਸਾਹਿਬ ਦੀ ਕਥਾ ਦੇ ਮੁਲ ਸੁਰ ਨਾਲੋਂ ਕੁਝ ਵੱਖਰਾ ਰੰਗ ਵੀ ਗ੍ਰਹਿਣ ਕਰ ਜਾਂਦਾ ਹੈ, ਹਾਲਾਂਕਿ ਮੇਰਾ ਕੁਲ ਯਤਨ ਉਸਨੂੰ ਗੁੜਾ ਕਰਨ ਦਾ ਹੀ ਹੈ। ਏਥੇ ਇਹ ਕਹਿਣਾ ਜ਼ਰੁਰੀ ਹੈ ਕਿ ਇਹ ਨਾਟਕ ਮੰਡ ਸਾਹਿਬ ਦੀ ਰਚਨਾ ਦਾ ਬਦਲ ਨਹੀਂ ਹੈ, ਉਸਦਾ ਸਵਾਦ ਉਸਦੇ ਮੁਲ ਸਰੁਪ 'ਚ ਹੀ ਲਿਆ ਜਾ ਸਕਦਾ ਹੈ, ਪਰ ਮੇਰੀ ਇਹ ਵੀ ਉਮੀਦ ਹੈ ਕਿ ਨਾਟਕ ਦੇ ਰੂਪ 'ਚ ਇੱਕ ਵੱਖਰਾ ਅਹਿਸਾਸ, ਇੱਕ ਵਖਰੀ ਊਰਜਾ ਪਾਠਕਾਂ ਤੇ ਦਰਸ਼ਕਾਂ ਨੂੰ ਲਾਜ਼ਮੀ ਤੌਰ 'ਤੇ ਮਹਿਸੁਸ ਹੋਵੇ।

-ਬਲਰਾਮ