ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਹਿਤਕ ਕਲੀਆਂ/116
ਚਿੱਕੜ ਵਿੱਚੋਂ, ਸੁਣੀਂ ਸੱਜਣਾ!
ਉੱਠ ਉਤਾਹਾਂ ਆਇਆ,
ਚਾਨਣ ਨੇ ਚੁੰਮ ਮੱਥਾ ਲੀਤਾ,
ਪੌਣਾਂ ਗੋਦ ਖਿਲਾਇਆ।
ਨੈਣਾਂ ਨੇ ਝਰਨਾਟਾਂ ਲਾ ਲਾ
ਪ੍ਯਾਰ ਮੇਰੇ ਦਿਲ ਭਰਿਆ,
ਕਵੀਆਂ ਨੇ ਗੁਣ ਗਾ ਗਾ
ਮੇਰੇ ਰਾਗ ਰੂਪ ਕਰ ਧਰਿਆ।
ਤਪਾਂ ਹਠਾਂ ਤੂੰ ਪੂਜ ਬਣਾਇਆ
ਪਰ ਜਿੰਦੜੀ ਨਾ ਪਾਈ
ਜੀਉਂਦੀ ਕਣੀ ਅਸਾਂ ਨੂੰ, ਸੱਜਣਾ!
‘ਮਿਹਰ-ਨਦਰ' ਨੇ ਲਾਈ। ੧੫੭.
ਜੈ ਪੁਰ
ਜੈਪੁਰ ਜੀ! ਤੁਸੀਂ ਸੁਹਣੇ ਸੁਹਣੇ,
ਚੌੜੇ ਚੌੜੇ, ਬੜੇ ਬੜੇ,
ਕੁਦਰਤਿ ਕਈ ਨਜ਼ਾਰੇ ਬੀ ਹਨ,
ਮੋਟਰ ਥਾਂ ਥਾਂ ਖੜੇ ਖੜ੍ਹੇ;
ਕਾਰੀਗਰੀ ਅਣੋਖੀ ਹੈ ਵੇ,
ਘੜੀ ਸੁੰਦਰਤਾ ਬਹੁਤ ਬਹੁਤ,
ਰਹਿਣ ਜੋਗ ਪਰ ਤੁਸੀਂ ਨ ਦਿੱਸੋ
ਸੈਰ ਤੇ ਦੇਖਣ ਜੋਗ ਛੜੇ। ੧੫੮.