ਸਮੱਗਰੀ 'ਤੇ ਜਾਓ

ਪੰਨਾ:ਸਾਹਿਤਕ ਕਲੀਆਂ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

117/ਸਾਹਿਤਕ ਕਲੀਆਂ

ਸ਼ਾਂਤਿ ਪ੍ਰਭਾ

(ਅੰਬੇਰ (ਜੈ ਪੁਰ) ਤੇ ਚਾਂਦਨੀ)

ਰਾਜਾ ਕੁਈ ਨ ਵੱਸਦਾ
ਨਾ ਕੋਈ ਮਹਿਰਾਉ,
ਮੰਤ੍ਰੀ ਕੁਈ ਦੀਵਾਨ ਨਾ
ਨਾ ਕੋਈ ਉਮਰਾਉ,
ਸੰਤ੍ਰੀ ਪਹਿਰੇਦਾਰ ਨਾ,
ਮੁਲਜ਼ਮ ਸਾਇਲ ਨਾਹਿ,
ਹੱਲਾ ਕਰਨੇਹਾਰ ਦਾ
ਮੁਸ਼ਕ ਨ ਹੈ ਹੁਣ ਨਾਉਂ।
ਦੇਸ਼ ਨਿਕਾਲਾ ਮਿਲ ਗਿਆ
ਰੌਲੇ ਸ਼ੋਰਾਂ ਜੋਗ,
ਮੁੱਦਤ ਤੋਂ ਹੁਣ ਹੈ ਪਿਆ
ਵਿਹਲਾ ਹੋਇਆ ਥਾਂਉਂ।
‘ਮੰਦਰ' ਸੁਹਣੇ ਹਨ ਬਣੇ
‘ਦਰ' ਹਨ ਅਤਿ ਫਬਦਾਰ,
ਕਾਰੀਗਰੀ ਮਨੁੱਖ ਦਾ,
ਢੁਕਿਆ ਅਜਬ ਢੁਕਾਉ।
ਖੜਾ ਉਵੇਂ ਬਣਿਆ ਜਿਵੇਂ
'ਮਹਲ-ਕਿੱਲ੍ਹਾ' ਅੰਬੇਰ[1]
ਪਰਬਤ ਸ਼ਿਖ਼ਰੇ ਸ਼ੋਭਦਾ,
ਸਗਵਾਂ ਰੰਗ ਰੰਗਾਉ।
ਇਉਂ ਜਾਪੇ ਜਿਉਂ ਸੁੰਦਰਤਾ
ਕਰਨੇ ਲਈ ਅਰਾਮ
ਚੁਣ ਲੀਤਾ ਹੈ ਤਾੜਕੇ
ਇਹ ਨਵੇਕਲਾ ਥਾਂਉਂ।
‘ਸ਼ਾਂਤਿ' ਵਸੇਂਦੀ ਏਸ ਥਾਂ,
ਵਸਦੀ ਨਾਲ ਇਕਾਂਤ,
ਸੁੰਦਰਤਾ ਵਿਚ ਆ ਟਿਕੀ,
ਛਾਯਾ ਚੁੱਪ-ਚੁਪਾਉ।
ਚਹੁਂ ਦਾ ਮਿਲਵਾਂ ਸੁਹਜ
ਜੋ ਰੂਪ, ਅਰੂਪ, ਅਛਾਉਂ,
ਰਾਜ ਕਰੇ ਅੰਬੇਰ ਵਿਚ
ਬਣ ਹੁਣ "ਕੋਮਰਾਉ"।


————————

  1. ਇਹ ਮਹਲ ਹੈ ਤੇ ਕਿਲ੍ਹੇ ਵਾਂਙੂ ਸਫੀਲਾ ਆਦਿ ਸਹਤ ਹੈ