121/ਸਾਹਿਤਕ ਕਲੀਆਂ
ਬਰਫਾਂ ਦੇ ਸਿਰ ਮੁਕਟ ਪਹਿਨਕੇ
ਖੜੇ ਪਹਾੜ ਦਿਸੰਦੇ,
ਆਬਸ਼ਾਰ ਸੰਗੀਤ ਕਰੇਂਦੇ,
ਪੰਛੀ ਨਾਚ ਨਚੰਦੇ,
ਏਹ ਸਭ ਝਾਕੇ ਸੁਹਜਾਂ ਵਾਲੇ,
ਤੇਰੇ ਹਨ ਨਹੀਂ ਭਾਈ!
ਗ਼ਾਫ਼ਲ ਹੋ ਕਿਉਂ ਨਜ਼ਰ ਆਪਣੀ
ਤੂੰ ਇਹਨਾਂ ਤੇ ਲਾਈ?
ਮਾਲਕ ਹੈ ਕੁਈ ਹੋਰ ਇਨ੍ਹਾਂ ਦਾ,
ਤੂੰ ਪਰਦੇਸੋਂ ਆਇਆ,
ਹੱਕ ਕਿਹਾ ਤੂੰ ਇਹਨਾਂ ਉੱਤੇ
ਅਪਣਾ ਆਨ ਜਮਾਇਆ?
ਕੁਦਰਤ ਦੀ ਆਵਾਜ਼-
ਮੇਰ ਤੇਰ ਕਬਜ਼ਾ ਤੇ ਦਾਵਾ
ਹੁਕਮ ਜਿਨ੍ਹਾਂ ਦਿਸ ਆਇਆ,
ਕੁਦਰਤ ਦੇ ਨਕਸ਼ਾਂ ਤੇ ਕਬਜ਼ਾ
ਅਪਣਾ ਜਿਨ੍ਹਾਂ ਜਮਾਇਆ,
‘ਦਾਵੇ ਦੇ ਫੁਰਨੇ' ਦਾ ਇੱਕੋ
ਸੁਆਦ ਉਨ੍ਹਾਂ ਨੇ ਪਾਇਆ,
‘ਮੈਂ' ਦੀ ਮੁਸ਼ਕ 'ਮੇਰਿ' ਦਾ ਚਸਕਾ
ਉਹਨਾਂ ਹਿੱਸੇ ਆਇਆ।
ਐਸੇ ਕਈ ਨਜ਼ਰ ਤੋਂ ਵਿਰਵੇ
ਮਾਲਕ ਬਣ ਬਣ ਖੁਰ ਗਏ,
ਦੇਖਦਿਆਂ ਨਾਂ ਡਿੱਠਾ ਉਹਨਾਂ
ਹਸਰਤ ਲੈ ਲੈ ਤੁਰ ਗਏ।
ਬੰਦ ਅਜੇਹੇ ਨੈਣਾਂ ਅੱਗੇ
ਕੁਦਰਤ ਭੇਤ ਨ ਖੁਹਲੇ
ਸੁੰਦਰਤਾ ਦੇ ਰੰਗ ਪੰਘੂੜੇ ਰਹੇ
ਉਹਨਾਂ ਨੂੰ ਉਹਲੇ।
ਹਾਂ ਰੰਗ-ਰਤਿਆਂ ਨੈਣਾਂ ਨੇ ਜਦ
ਮਸਤ ਝਾਤ ਇਕ ਪਾਈ,
ਸੰਗੀਤਕ ਦਿਲ ਦੀ ਕੁਈ ਥਰਹਰ
ਕੰਬ ਇਨ੍ਹਾਂ ਨੂੰ ਲਾਈ।
ਛਿੜ ਝਰਨਾਟ ਗਈ ਇਕ ਸਾਰੇ
ਥਰਰ ਸਰੂਰਾਂ ਛਾਈ
ਘੁੰਡ ਉਨ੍ਹਾਂ ਦੇ ਲਹਿ ਪਏ ਸਾਰੇ
ਸੁੰਦਰਤਾ ਨਿਖਰਾਈ।