ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
27/ਸਾਹਿਤਕ ਕਲੀਆਂ
ਲਾਵਣ ਵਾਲੇ ਦੀ ਝੂੰਮ
ਮਾਪ ਲਗਾਏ ਬੂਟੇ ਸੁਹਣੇ,
ਫੁੱਲਾਂ ਤੇ ਜਦ ਆਵਣ,
ਹੁਸਨ-ਨਜ਼ਾਰੇ ਖੋਲ੍ਹ ਦਿਖਾਵਣ,
ਮੁਸ਼ਕਾਂ ਜਦੋਂ ਮਚਾਵਣ,
ਲਾਵਣ ਵਾਲਾ ਆਪ ਹੁ ਆਸ਼ਕ
ਝੁੰਮ ਸਦਕੜੇ ਹੋਵੇ:
ਸਾਜ ਨਿਵਾਜਣ ਵਾਲਿਆ! ਕਰਦੇ
ਸਦਾ ਬਹਾਰ ਖਿੜਾਵਨ!੩੩.
ਨਿਰਜਨ ਬਨ ਦੇ ਬ੍ਰਿਛਾਂ ਦਾ
ਮਨੁੱਖ ਨੂੰ ਉਪਦੇਸ਼
ਨਿਰਜਨ ਬਨ ਵਿਚ ਉਪਜੀਏ, ਵਧੀਏ,
ਮੌਲ ਮੌਲ ਖਿੜ ਹਸੀਏ,
‘ਸਾਡੀ ਕਦਰ ਆ ਕੋਈ ਪਾਵੇਂ,
ਇਸ ਇੱਛਾ ਨਾ ਫਸੀਏ।
ਤੂੰ ਮਾਨੁਖ! ਭੁੱਲ 'ਸ੍ਵੈ ਜੀਵਨ ਰਸ'
‘ਕਦਰਾਂ ਦੇ ਰਸ' ਜੀਵੇਂ!
ਛਡ ਦੇਹ ਝਾਕ ‘ਕਦਰ' ਦੀ, ਆ ਜਾ,
‘ਨਿਜ ਜੀਵਨ ਰਸ' ਰਸੀਏ। ੩੪.