ਸਮੱਗਰੀ 'ਤੇ ਜਾਓ

ਪੰਨਾ:ਸਾਹਿਤਕ ਕਲੀਆਂ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

49/ਸਾਹਿਤਕ ਕਲੀਆਂ

ਘਟਾ ਤੇ ਚੰਦ

ਕਾਲੀਆਂ ਘਟਾਂ ਚੰਦ ਦੇ ਦੁਆਲੇ
ਉਮਡਿ ਉਮਡਿ ਚੜ੍ਹ ਆਈਆਂ,
ਕਮੀਆਂ ਵੇਖ ਧਮੂਲ ਮਚਾਈ:-
‘(ਹਾਇ) ਚੰਦ ਲੁਕਾਵਣ ਆਈਆਂ'।
ਰੋ ਪਈਆਂ ਓਹ ਘਟਾਂ ਕਾਲੀਆਂ,
ਚੀਰ ਕਲੇਜਾ ਕੂਕਣ:-
'ਜ਼ੁਲਫਾਂ ਬਣ ਮੁਖ ਚੰਦ ਉਦਾਲੇ
(ਅਸੀਂ) ਮੁੱਲ ਵਧਾਵਣ ਆਈਆਂ।’ ੭੭.


ਹਿਮਾਲਯ

ਲੱਖਾਂ ਝੱਖਣ ਝੂਲੇ ਏਸ ਥਾਂ
ਲੱਖਾਂ ਮੀਂਹ ਵਰੱਸੇ,
ਲੱਖਾਂ ਵੇਰ ਬਰਫ ਨੇ ਪੈ ਪੈ,
ਘੁਲ, ਮੁੜ ਆ ਮੂੰਹ ਦੱਸੇ;
ਲੱਖਾਂ ਜੀਵ ਜੰਤ ਤੇ ਮਾਨੁਖ
ਆ ਇਸ ਗੋਦੀ ਖੇਲੇ,
ਖੋਜ ਕਿਸੇ ਦਾ ਦੱਸੇ ਨਾ ਪਗ
ਗੋਦ ਹਰੀ ਨਿਤ ਦੱਸੇ। ੭੮.