ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਹਿਤਕ ਕਲੀਆਂ/78
ਕੰਡਾ ਤੇ ਬੁਲਬੁਲ
ਕੰਡਾ:- ਮੇਰੇ ਹੱਥ ਜਿ ਅੱਲਾ ਮੀਆਂ
ਲੰਮੇ ਹੋਰ ਬਣਾਂਦਾ,
ਗੁਲ ਦੇ ਨੇੜੇ ਆਈਓਂ ਬੁਲਬੁਲ!
ਪੱਲੂ ਪਕੜ ਬਹਾਂਦਾ;
ਦਿਲ ਤੇਰੇ ਵਿਚ ਨੋਕ ਚੋਭ ਕੇ
ਖੂਨੀ ਫੁੱਲ ਖਿੜਾਂਦਾ,
‘ਇਸ਼ਕ ਇਸ਼ਕ' ਕੂਕਣ ਦਾ ਬੁਲਬੁਲ!
ਤੈਨੂੰ ਮਜ਼ਾ ਚਖਾਂਦਾ।
ਬੁਲਬੁਲ:- ਅੱਲਾ ਨੂੰ ਜੇ ਇਵੇਂ ਭਾਂਵਦੀ
ਉਜ਼ਰ ਨ ਹੁੰਦਾ ਕਾਈ,
ਦਿਲ ਵਿਚ ਕਰਕ ਕਿ ਦਿਲ ਵਿਚ ਕੰਡਾ
ਜੋ ਪੁੜਦਾ ਸੁਖਦਾਈ;
ਇਸ਼ਕ ਸ਼ਰਾਬ ਜਦੋਂ ਪੀ ਲੀਤੀ,
ਫਿਰ ਪੀੜੋਂ ਕੀਹ ਡਰਨਾ,
ਝੱਲਿਆਂ ਪੀੜ ਨਸ਼ਾ ਵਧ ਚੜ੍ਹਦਾ
ਲਾਇ ਸੋ ਰਹੇ ਅਤਾਈ[1]। ੧੨੮.
- ↑ ਭਾਵ ਜੋ ਪੀੜ ਕਿਸੇ ਨੂੰ ਲਾਵੇ ਉਹ ਇਸ਼ਕ ਸ਼ਰਾਬ ਤੋਂ ਅਣਜਾਣ ਯਾ ਖ਼ਾਲੀ ਰਹਿੰਦਾ ਹੈ। ਅਤਾਈ=ਹੁਨਰ ਵਿਚ ਕੱਚਾ, ਬੇਖ਼ਬਰ।